ਦੀਵਾਲੀ ਮੌਕੇ ਖਾਲੀ ਰਹੇ ਮੁਲਾਜ਼ਮਾਂ ਦੇ ਹੱਥ-ਪੰਜਾਬ ਦੇ ਮੁਲਾਜ਼ਮਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ-ਮੁਲਾਜ਼ਮਾਂ ਨੇ ਅਨੋਖੇ ਢੰਗ ਨਾਂਲ ਕੀਤਾ ਪ੍ਰਦਰਸ਼ਨ–ਭੀਖ ਮੰਗ ਕੇ ਵਿੱਤ ਮੰਤਰੀ ਦੇ ਦਫ਼ਤਰ ‘ਚ ਜਮ੍ਹਾਂ ਕਰਵਾਈ

PunjabUpdate.Com

ਚੰਡੀਗੜ੍ਹ, 6 ਨਵੰਬਰ
ਆਪਣੀਆਂ ਲੰਬੇ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪ੍ਰਤੀ ਕੈਪਟਨ ਸਰਕਾਰ ਦੇ ਰਵੱਈਆ ਤੋਂ ਨਿਰਾਸ਼ ਚੱਲ ਰਹੇ ਸਰਕਾਰੀ ਮੁਲਾਜ਼ਮਾਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਨੇ ਮੰਗਲਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਿਵਲ ਸਕੱਤਰਰੇਤ ਵਿਖੇ ਭੀਖ ਮੰਗ ਕੇ ਪਿੱਟ ਸਿਆਪਾ ਕੀਤਾ। ਮੁਲਾਜ਼ਮਾਂ ਨੇ ਵਿੱਤ ਮੰਤਰੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਵਿਰੋਧੀ ਰਵੱਈਏ ਕਾਰਨ ਸਰਕਾਰੀ ਮੁਲਾਜ਼ਮ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ। ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਜਿੱਥੇ ਭੀਖ ਮੰਗੀ ਅਤੇ ਉਥੇ ਹੀ ਭੀਖ ਤੋਂ ਇਕੱਤਰ ਰਾਸ਼ੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਈ। ਮੰਗਲਵਾਰ ਨੂੰ ਸਵੇਰੇ ਸਰਕਾਰੀ ਦਫ਼ਤਰ ਖੁੱਲ੍ਹਦਿਆਂ ਹੀ ਵੱਡੀ ਸੰਖਿਆ ‘ਚ ਮੁਲਾਜ਼ਮਾਂ ਸਕੱਤਰੇਤ ਦੇ ਗੇਟ ਅੱਗੇ ਇਕੱਠੇ ਹੋ ਗਏ ਅਤੇ ਉੱਥੇ ਟੈਡੀ ਬੀਅਰ ਉੱਤੇ ਮਨਪ੍ਰੀਤ ਬਾਦਲ ਦੀ ਤਸਵੀਰ ਲਗਾਕੇ ਉਸ ਅੱਗੇ ਖਾਲੀ ਬਰਤਨ ਰੱਖਕੇ ਭੀਖ ਇਕੱਤਰ ਕੀਤੀ।


ਮੁਲਾਜਮਾਂ ਨੇ ਅਨੋਖੇ ਢੰਗ ਨਾਲ ਪੰਜਾਬ ਸਰਕਾਰ ਵਿਰੁੱਧ ਰੋਸ ਵਿਖਾਵਾ ਕਰਦੇ ਹੋਏ ”ਕੰਗਾਲ ਹੋਈ ਸਰਕਾਰ ਦੇ ਨਾਅਰੇ ਅਤੇ ਮੰਗਤੇ ਵਿੱਤ ਮੰਤਰੀ” ਦਾ ਪੁਤਲਾ ਬਣਾਕੇ ਉਸ ਨੂੰ ਭੀਖ ਦਿੱਤੀ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਜ਼ਮ ਆਗੂਆਂ ਸਿਵਲ ਸਕੱਤਰੇਤ ਦੇ ਪ੍ਰਧਾਨ ਅਤੇ ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਲੰਮੇ ਸਮੇ ਤੋਂ ਸਰਕਾਰ ਦਿਵਾਲੀ ਦੇ ਸੁੱਭ ਦਿਹਾੜੇ ਤੇ ਆਪਣੇ ਮੁਲਾਜਮਾਂ ਨੂੰ ਕੋਈ ਨਾ ਕੋਈ ਵਿੱਤੀ ਲਾਭ ਦਾ ਤੋਹਫਾ ਦਿਤਾ ਜਾਂਦਾ ਰਿਹਾ ਹੈ ਪਰੰਤੂ ਕਾਂਗਰਸ ਸਰਕਾਰ ਨੇ ਮੁਲਾਜਮਾਂ ਦੇ ਡੀ.ਏ ਦੀਆਂ 4 ਕਿਸ਼ਤਾਂ ਅਤੇ 23 ਮਹੀਨਿਆਂ ਦਾ ਏਰੀਅਰ ਪੈਂਡਿਗ ਰੱਖ ਕੇ ਮੁਲਾਜਮਾਂ ਨਾਲ ਧੋਖਾ ਕਮਾਇਆ ਹੈ। ਸਰਕਾਰ ਹਰ ਨਜਾਇਜ ਤਰੀਕਿਆਂ ਨਾਲ ਮੁਲਾਜਮਾਂ ਦਾ ਸ਼ੋਸਣ ਕਰ ਰਹੀ ਹੈ।
ਮੁਲਾਜ਼ਮ ਆਗੂਆਂ ਨੇ ਅਤਪਣੇ ਭਾਸ਼ਣਾਂ ਦੌਰਾਨ ਕਿਹਾ ਕਿ ਸਰਕਾਰ ਮੁਲਾਜ਼ਮਾਂ ਵੱਲੋਂ ਦਿਤੀ ਜਾ ਰਹੀ ਭੀਖ ਨਾਲ ਹੀ ਰਾਜ-ਭਾਗ ਚਲਾ ਲਵੇ ਕਿਊਂਕਿ ਰਜੇ ਪੁਜੇ ਰਾਜਨੀਤਕ ਅਤੇ ਪੂੰਜੀਪਤੀਆਂ ਤੋਂ ਇਹ ਸਰਕਾਰ ਮਾਲੀਆ ਇਕਠਾ ਕਰਨ ਵਿਚ ਨਾਕਾਮਯਾਬ ਰਹੀ ਹੈ ਅਤੇ ਜੋ ਮਾਲੀਆ ਇਕੱਠਾ ਹੋ ਰਿਹਾ ਹੈ ਉਸ ਨਾਲ ਆਪਣੀ ਐਸ਼ੋ ਇਸ਼ਰਤ ਦੀਆਂ ਵਸਤਾਂ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਦਾ ਜਵਾਬ ਮੁਲਾਜਮ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਰੜੇ ਹੱਥੀ ਦੇਣਗੇ।


ਖਹਿਰਾ ਨੇ ਕਿਹਾ ਕਿ ਪੰਜਾਬ ਸਰਾਕਰ ਦੇ ਮੁਲਾਜਮਾਂ ਨੂੰ ਦਿਵਾਲੀ ਦੇ ਮੌਕੇ ਤੇ ਆਪਣੇ ਵੱਲੋਂ ਕੋਈ ਤੋਹਫਾ ਤਾਂ ਕੀ ਦੇਣਾ ਹੈ ਸਰਕਾਰ ਉਹਨਾ ਦਾ ਹੀ ਪੈਂਡਿਗ ਏਰੀਅਰ ਅਤੇ ਡੀ.ਏ ਦੀਆਂ ਕਿਸ਼ਤਾ ਦੇਣ ਤੋਂ ਵੀ ਟਾਲਾ ਵੱਟ ਗਈ ਹੈ, ਇਸ ਦੇ ਉਲਟ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਦੇ ਡਾਕਾ ਮਾਰਨ ਉਪਰੰਤ ਉਨ੍ਹਾਂ ਤੇ ਹੀ 200/ਰੁ. ਪ੍ਰਤੀ ਮਹੀਨੇ ਦੇ ਹਿਸਾਬ ਨਾਲ ਜਬਰਦਸਤੀ ਜਜੀਆ ਟੈਕਸ ਉਗਰਾਹ ਰਹੀ ਹੈ। ਇਸੇ ਤਰਾਂ ਹੀ ਸਾਂਝਾ ਮੁਲਾਜਮ ਮੰਚ ਨੇ ਸੈਕਟਰ -17 ਦੇ ਸ਼ਾਪਿੰਗ ਪਲਾਜਾ ਵਿਚ ਇਕ ਵਿਲਖਣ ਢੰਗ ਨਾਲ ਢੋਲ ਵਜਾਕੇ ਪੰਜਾਬ ਸਰਕਾਰ ਦਾ ਦਿਵਾਲਾ ਕੱਢਿਆ ਅਤੇ ਸਾਰੇ ਸ਼ਾਪਿੰਗ ਪਲਾਜ਼ਾ ਵਿਚ ਕਾਲੀਆਂ ਫੀਤੀਆਂ ਅਤੇ ਕਾਲੀਆਂ ਝੰਡੀਆਂ ਲੈਕੇ ਮਾਰਚ ਕੀਤਾ ਅਤੇ ਲੋਕਾਂ   ਨੂੰ ਪੰਜਾਬ ਸਰਕਾਰ ਵਿਰੂੱਧ ਜੋਰਦਾਰ ਪ੍ਰਦਰਸ਼ਨ ਕਰਦੇ ਹੋਏ ਅਖੀਰ ਵਿਚ ਆਪਣੀਆਂ ਤਕਰੀਰਾਂ ਵਿਚ ਪੰਜਾਬ ਸਰਕਾਰ ਪ੍ਰਤੀ ਵਪਾਰੀਆਂ, ਉੱਦਮੀਆਂ ਅਤੇ ਆਮ ਜਨਤਾ ਨੂੰ   ਸੁਚੇਤ ਕਰਦਾਂ ਹੋਇਆ ਕਿਹਾ ਕਿ   ਸਰਾਕਰ ਵੱਲੋਂ ਦਿਤੇ ਜਾਣ ਵਾਲੇ ਵਾਅਦਿਆਂ ਅਤੇ ਬਿਆਨਾਂ ਸਬੰਧੀ   ਸੋਚ ਲਿਆ ਜਾਵੇ ਕਿ ਇਸ ਕਾਂਗਰਸ ਸਰਕਾਰ ਦਾ ਦਿਵਾਲਾ ਨਿਕਲ ਚੁੱਕਾ ਹੈ ਅਤੇ ਕਿਸੇ ਅਦਾਰੇ ਦੀਆਂ ਅਦਾਇਗੀਆਂ ਵੀ ਦੱਬ ਸਕਦੀ ਹੈ। ਵਪਾਰੀ ਅਤੇ ਉੱਦਮੀ ਪੰਜਾਬ ਸਰਾਕਰ ਨਾਲ ਕਿਸੇ ਤਰਾਂ ਦਾ ਸਰਕਾਰੀ ਕੰਟਰੈਕਟ ਕਰਨ ਤੋਂ ਪਹਿਲਾ ਸਰਕਾਰ ਦੀ ਸੌੜੀ ਮਾਨਸਿਕਤਾ ਨੂੰ ਜਰੂਰ ਧਿਆਨ ਵਿਚ ਰਖਣ।


ਬੁਲਾਰਿਆਂ ਨੇ ਕਿਹਾ ਕਿ ਜੇਕਰ ਨਵੇਂ ਮੁਲਾਜਮਾ ਨੂੰ ਪੁਰਾਣੀ ਪੈਨਸਨ ਦਾ ਲਾਭ ਨਹੀਂ ਦਿਤਾ ਜਾ ਸਕਦਾ ਤਾ ਸਰਕਾਰ ਦੇ ਮੰਤਰੀ ਅਤੇ ਐਮ.ਐਲ.ਏ ਇਹ ਸਹੂਲਤ ਕਿਊਂ ਲੈ ਰਹੇ ਹਨ ਇਹ ਦੋਹਰੇ ਮਾਪਦੰਡ ਅਪਨਾਉਣਾ ਲੋਕਤੰਤਰ ਨਹੀ ਸਗੋਂ ਸਾਮਰਾਜਵਾਦ ਜਾਂ ਰਾਜਾਸ਼ਾਹੀ ਦੀ ਨਿਸ਼ਾਨੀ ਹੈ। ਆਗੂਆਂ ਨੇ ਬਰਾਬਰ ਕੰਮ ਬਰਾਬਰ ਤਨਖਾਹ, 6ਵਾਂ ਤਨਖਾਹ ਕਮਿਸ਼ਨ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਨਾ ਕਰਨ ਦਾ ਵੀ ਗੰਭੀਰ ਨੋਟਿਸ ਲਿਆ। ਇਸ ਰੈਲੀ ਵਿਚ   ਸੇਵਾ ਨਿਵਰਤ ਆਗੂ ਦਰਸ਼ਨ ਸਿੰਘ ਪਤਲੀ ਅਤੇ ਸ਼ਾਮ ਲਾਲ ਸ਼ਰਮਾਂ ਵੀ ਸ਼ਾਮਿਲ ਸਨ।


ਧਰਨੇ ਵਿਚ ਮੁਲਾਜ਼ਮਾਂ ਆਗੂਆਂ ਵਿੱਚੋਂ ਦਰਜਾ-4 ਅਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸਿੰਘ, ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਚੰਦਰ, ਡਰਾਈਵਰ ਐਸੋਸੀਏਸ਼ਨ ਤੋਂ ਸੰਜੀਵ ਸ਼ਰਮਾਂ ਅਤੇ ਜਸਪਾਲ ਸਿੰਘ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਮਿਥੁਨ ਚਾਵਲਾ, ਨੀਰਜ ਕੁਮਾਰ, ਮਨਜਿੰਦਰ ਕੌਰ, ਸੁਖਜੀਤ ਕੌਰ, ਸੁਸ਼ੀਲ ਕੁਮਾਰ, ਪਰਵੀਨ ਮਹਿਰਾ, ਸਾਹਿਲ ਸ਼ਰਮਾ, ਜਗਦੀਪ ਕਪਿਲ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਜਲ ਸਰੋਤ ਵਿਭਾਗ ਤੋਂ ਸੁਖਵਿੰਦਰ ਸਿੰਘ, ਜਗਦੇਵ ਕੌਲ, ਨਵਰਾਜ ਸਿੰਘ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਸਿੱਧੂ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਰਵਿੰਦਰ ਸਿੰਘ ਖੰਗੁੜਾ, ਸੁਖਚੈਨ ਸਿੰਘ ਸੈਣੀ, ਖੇਤੀ ਬਾੜੀ ਵਿਭਾਗ ਤੋਂ ਅਮਿਤ ਕਟੋਚ, ਪੰਚਾਇਤ ਵਿਭਾਗ ਤੋਂ ਜਸਵੀਰ ਸਿੰਘ ਟੋਹੜਾ, ਤਕਨੀਤੀ ਸਿੱਖਿਆ ਤੋਂ ਸ਼ਿਵਿੰਦਰ ਕੌਰ, ਵਿੱਤ ਤੇ ਯੋਜਨਾ ਵਿਭਾਗ ਤੋਂ ਮਨਦੀਪ ਸਿੰਘ ਅਤੇ ਅੰਮ੍ਰਿਤਪਾਲ ਕੌਰ, ਉਦਯੋਗ ਭਵਨ ਤੋਂ ਰਾਜੀਵ ਕੁਮਾਰ, ਟ੍ਰਾਂਸਪੋਰਟ ਵਿਭਾਗ ਤੋਂ ਲਾਭ ਸਿੰਘ ਸੈਣੀ ਆਦਿ ਮੁਲਾਜ਼ਮ ਆਗੂਆਂ ਨੇ ਭਾਗ ਲਿਆ।

Read more