ਦੀਵਾਲੀ ਤੋਂ ਦੋ ਦਿਨ ਪਹਿਲਾਂ ਕਾਂਗਰਸ ਦੇ ਸਾਰੇ ਨੇਤਾ ਚਲਾਉਣਗੇ ਸਫਾਈ ਮੁਹਿੰਮ-ਪਰਨੀਤ ਕੌਰ

ਪਟਿਆਲਾ, 21 ਅਕਤੂਬਰ

ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ ਦੋ ਰੋਜ਼ਾ ਪੰਜਾਬ ਰਾਜ ਅੰਤਰ ਬਹੁ ਤਕਨੀਕੀ ਕਾਲਜ ਯੁਵਕ ਮੇਲੇ ਦਾ ਉਦਘਾਟਨ ਕਰਨ ਮੌਕੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮਹੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਮਾਜ ਦਾ ਭਵਿੱਖ ਸਹੀ ਹੱਥਾਂ ਵਿੱਚ ਜਾ ਰਿਹਾ ਹੈ। ਪੰਜਾਬ ਰਾਜ ਅੰਤਰ ਬਹੁਤ ਤਕਨੀਕੀ ਕਾਲਜ ਯੁਵਕ ਮੇਲੇ ਵਿੱਚ 32 ਕਾਲਜਾਂ ਦੇ 700 ਵਿਦਿਆਰਥੀਆਂ ਨੇ ਭਾਗ ਲਿਆ । ਯੁਵਕ ਮੇਲੇ ਵਿੱਚ ਸ਼ਬਦ ਗਾਇਨ, ਲੇਖ ਰਚਨਾ, ਗਿੱਧਾ, ਭੰਗੜਾ, ਪੋਸਟਰ ਮੇਕਿੰਗ, ਕੋਰੀਓਗਰਾਫ਼ੀ, ਸੋਲ੍ਹੋ ਡਾਂਸ, ਲੋਕ ਗੀਤਾਂ ਦਾ ਰੰਗਾ ਰੰਗ ਪ੍ਰੋਗਰਮ ਵੀ ਪੇਸ਼ ਕੀਤਾ ਗਿਆ। ਮੇਲਾ ਮੰਗਲਵਾਰ ਨੂੰ ਵੀ ਜਾਰੀ ਰਹੇਗਾ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਇਸ ਮੇਲੇ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਲੇ ਨੂੰ ਪਲਾਸਟਿਕ ਮੁਕਤ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ 2 ਅਕਤੂਬਰ ਤੋਂ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਪਲਾਸਟਿਕ ਕਚਰਾ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ 12 ਟਨ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਉਠਾਇਆ ਗਿਆ ਹੈ। ਉਹਨਾਂ ਕਿਹਾ ਕਿ ਪਟਿਆਲਾ ਨੂੰ ਪਲਾਸਟਿਕ ਮੁਕਤ ਕੀਤਾ ਜਾਵੇਗਾ। ਉਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਹੁਣ ਬੱਚਿਆਂ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਘਰ ਅਤੇ ਆਸ-ਪਾਸ ਸਫ਼ਾਈ ਰੱਖਣ।

ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਨੇ ਅਗਲੇ ਸਫ਼ਾਈ ਪ੍ਰੋਗਰਾਮ ਬਾਰੇ ਦੱਸਿਆ ਕਿ ਦੀਵਾਲੀ ਤੋਂ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਸਾਰੇ ਨੇਤਾ, ਕੌਂਸਲਰ ਅਤੇ ਵਰਕਰ ਮਿਲ ਕੇ ਮੁਹਿੰਮ ਚਲਾਉਣਗੇ ਜਿਸ ਵਿੱਚ ਸ਼ਹਿਰ ਦੀਆਂ 6 ਸਬਜੀ ਮੰਡੀਆਂ ਤੋਂ ਇਲਾਵਾ ਰੇਹੜੀਆਂ ਕੋਲ ਜਾ ਕੇ ਜੂਟ ਦੇ ਬੈਗ ਲੋਕਾਂ ਨੂੰ ਵੰਡੇ ਜਾਣਗੇ ਅਤੇ ਉਨ੍ਹਾਂ ਦੇ ਪਲਾਸਟਿਕ  ਦੇ ਬੈਗ ਵਾਪਿਸ ਲੈਣ ਦੇ ਨਾਲ ਹੀ ਪਲਾਸਟਿਕ ਦੇ ਨੁਕਸਾਨ ਬਾਰੇ ਦੱਸ ਕੇ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਵੇਗੀ।

ਅਨਾਰਦਾਣਾ ਚੌਂਕ ਵਿੱਚ ਆਯੋਜਿਤ ਧਾਰਮਿਕ ਸਮਾਗਮ ਦਾ ਉਦਾਹਰਣ ਦਿੰਦੇ ਹੋਏ ਉਹਨਾਂ ਕਿਹਾ ਕਿ ਪ੍ਰਬੰਧਕਾਂ ਨੇ ਨਵੇਂ ਬਰਤਨ ਖਰੀਦੇ ਅਤੇ ਪਲਾਸਟਿਕ ਮੁਕਤ ਆਯੋਜਨ ਕਰਨਾ ਸ਼ੁਰੂ ਕੀਤਾ। ਉੱਥੇ ਲਗਭੱਗ 25 ਹਜ਼ਾਰ ਲੋਕਾਂ ਨੇ ਲੰਗਰ ਛਕਿਆ। ਉਹਨਾਂ ਦੱਸਿਆ ਕਿ ਅਗਲੇ ਦਿਨ ਉੌੱਥੇ ਕੋਈ ਗੰਦਗੀ ਨਹੀਂ ਸੀ।

ਰਾਜ ਵਿੱਚ ਹੋ ਰਹੀਆਂ ਚਾਰ ਉਪ ਚੋਣਾਂ ਬਾਰੇ ਪੁੱਛੇ ਗਏ ਸਵਾਲ ‘ਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਚਾਰ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ ਅਤੇ ਚਾਰੇ ਸੀਟਾਂ ‘ਤੇ ਅਲੱਗ-ਅਲੱਗ ਪਾਰਟੀਆਂ ਦੇ ਵਿਧਾਇਕ ਸਨ ਪਰੰਤੂ ਹੁਣ ਚਾਰੇ ਸੀਟਾਂ ‘ਤੇ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ।

Read more