21 Apr 2021

ਦਿੱਲੀ ਪੁਲੀਸ ਵੱਲੋਂ ਦੀਪ ਸਿੱਧੂ ਗ੍ਰਿਫਤਾਰ

ਨਵੀਂ ਦਿੱਲੀ, 9 ਫਰਵਰੀ

ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਵਿੱਚ ਹੋਈ ਹਿੰਸਾ ਮਾਮਲੇ ‘ਚ ਮੁਲਜ਼ਮ ਵਜੋਂ ਨਾਮਜ਼ਦ ਅਦਾਕਾਰ ਦੀਪ ਸਿੱਧੂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਚੇਤੇ ਰਹੇ ਕਿ ਦਿੱਲੀ ਪੁਲੀਸ ਨੇ ਸਿੱਧੂ ਤੇ 3 ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਦੀਪ ਸਿੱਧੂ ਉੱਤੇ 26 ਜਨਵਰੀ ਨੂੰ ਦਿੱਲੀ ‘ਚ ਕਿਸਾਨਾਂ ਵੱਲੋਂ ਕੱਢੇ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੂੰ ਭੜਕਾਉਣ ਤੇ ਲਾਲ ਕਿਲੇ ਵਿਚ ਦਾਖਲ ਹੋ ਕੇ ਧਾਰਮਿਕ ਝੰਡਾ ਫਹਿਰਾਉਣ ਦਾ ਦੋਸ਼ ਹੈ।

ਦਿੱਲੀ ਪੁਲੀਸ ਦੇ ਡੀਸੀਪੀ(ਵਿਸ਼ੇਸ਼ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਸਿੱਧੂ ਨੂੰ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਯਾਦਵ ਨੇ ਦੱਸਿਆ ਕਿ ਸਿੱਧੂ ਨੂੰ ਕਰਨਾਲ ਬਾਈਪਾਸ ਤੋਂ ਸੋਮਵਾਰ ਰਾਤ ਨੂੰ 10.40 ਵਜੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਪਰਾਧ ਸ਼ਾਖਾ ਉਸ ਦੀ ਭੂਮਿਕਾ ਦੀ ਜਾਂਚ ਕਰੇਗੀ। ਇਹ ਪੁੱਛੇ ਜਾਣ ਕਿ ਉਹ ਗਣਤੰਤਰ ਦਿਵਸ ਨੂੰ ਹੋਈ ਹਿੰਸਾ ਤੋਂ ਬਾਅਦ ਕਿੱਥੇ ਲੁਕਿਆ ਹੋਇਆ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲੀਸ ਸੂਤਰਾਂ ਨੇ ਦੱਸਿਆ ਕਿ ਸਿੱਧੂ ਇਕ ਔਰਤ ਦੇ ਸੰਪਰਕ ਵਿੱਚ ਸੀ ਜੋ ਕੈਲੀਫੋਰਨੀਆ ਵਿੱਚ ਰਹਿੰਦੀ ਹੈ। ਉਹ ਆਪਣੀ ਵੀਡੀਓ ਬਣਾ ਕੇ ਉੁਸ ਨੂੰ ਭੇਜਦਾ ਸੀ ਜੋ ਉਨ੍ਹਾਂ ਨੂੰ ਉਸ ਦੇ ਫੇਸਬੁੱਕ ਅਕਾਊਂਟ ’ਤੇ ਅਪਲੋਡ ਕਰਦੀ ਸੀ। ਸਿੱਧੂ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੀ ਠਹਿਰ ਬਦਲ ਰਿਹਾ ਸੀ।

Read more