ਤੁਰ ਗਿਆ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ…..

 ਮੈਂ ਦੋਸਤ ਨਾਲ ਬੜੇ ਸੋਹਣੇ ਮੂਡ ‘ਚ ਬੈਠਾ ਸੀ। ਵਟਸਐਪ ਚੈਕ ਕੀਤਾ। ਪਿੰਡੋਂ ਦੋਸਤ ਗੁਰਮੀਤ ਦਾ ਸੁਨੇਹਾ ਸੀ। ਪ੍ਰਿਥੀ ਅਲਵਿਦਾ ਕਹਿ ਗਿਆ ਯਾਰ…ਸੁਨੇਹੇ ‘ਚ ਲਾਸ਼ ਦੀਆਂ ਫੋਟੋਆਂ ਤੇ ਖ਼ਬਰ ਸੀ। ਇਵੇਂ ਲੱਗਿਆ ਜਿਵੇਂ ਮੈਥੋਂ ਕਿਸੇ ਨੇ ਕੁਝ ਖੋਹ ਲਿਆ ਹੋਵੇ। ਖ਼ਬਰ ਬਣਾਉਣ ਵਾਲੇ ਦਾ ਦੋਸਤ ਖ਼ਬਰ ਬਣ ਗਿਆ। ਖ਼ਬਰ ਸੀ ‘ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ’।

ਪਿਛਲੇ 15-20 ਦਿਨਾਂ ‘ਚ ਓਹਨੇ ਦੋ ਵਾਰ ਫੋਨ ਕੀਤਾ। ਇਕ ਵਾਰ ਪੀ ਕੇ ਤੇ ਦੂਜੀ ਵਾਰ ਸੋਫ਼ੀ। ਦੋਵੇਂ ਵਾਰ ਉਤਸ਼ਾਹ ਤੇ ਨਿਰਾਸ਼ਾ ਨਾਲ ਇਕਸਾਰ ਭਰਿਆ ਹੋਇਆ। ਮੌਤ ਤੋਂ ਬਾਅਦ ਲੱਗਿਆ ‘ਉਹ ਮੇਰੇ ਨਾਲ ਆਪਣੇ ਹਿੱਸੇ ਦੀਆਂ ਆਖ਼ਰੀ ਗੱਲਾਂ ਦਾ ਕੋਟਾ ਪੂਰਾ ਕਰ ਰਿਹਾ ਸੀ’। ਗੱਲਾਂ ਉਹੀ, ਬਚਪਨ ਤੋਂ ਹੁਣ ਤੱਕ ਦੀਆਂ ਯਾਦਾਂ ਦੀਆਂ। ਮੈਂ ਹਰ ਵਾਰ ਦੀ ਤਰ੍ਹਾਂ ਕਿਹਾ ‘ਯਾਰ, ਦਾਰੂ ਘਟਾ ਦੇ। ਕੁਝ ਨਹੀਂ ਰੱਖਿਆ। ਪਿੰਡ ਨਾਲ ਰਾਬਤਾ ਘੱਟ ਹੋਣ ਕਾਰਨ ਮੈਨੂੰ ਨਹੀਂ ਪਤਾ ਸੀ ਉਹ ਅੰਤਮ ਦਿਨਾਂ ‘ਚ ਚਿੱਟੇ ਤੱਕ ਪਹੁੰਚ ਗਿਆ’।

ਪਿੰਡ ਦੋਸਤਾਂ ਨਾਲ ਗੱਲ ਹੋਈ। ਪ੍ਰਿਤਪਾਲ ਸਿੰਘ ਦੀ ਮੌਤ ਕਿਸੇ ਲਈ ਕੋਈ ਝਟਕਾ ਨਹੀਂ ਸੀ। ਸਭ ਨੇ ਬੜੇ ਸਹਿਜੇ ਕਿਹਾ , “ਇਹ ਅੱਜ ਨਹੀਂ ਤਾਂ ਕੱਲ੍ਹ ਹੋਣਾ ਹੀ ਸੀ’। ਖ਼ੁਦ ਮੇਰੀ ਮਾਂ ਨੇ ਕਿਹਾ “ਪਰਿਵਾਰ ਵੀ ਦੁਖੀ ਸੀ। ਸਭ ਵੇਚ ਵੱਟ ਖਾਣ ਲਾਗਿਆ ਸੀ। ਮੁੰਡੇ ਦੇ ਲੱਛਣ ਠੀਕ ਨਹੀਂ ਸੀ ਪੁੱਤ’। ਹੁਣ ਤਾਂ ਸਰਿੰਜਾਂ ਸਰੁੰਜਾਂ ਵੀ ਲਾਉਂਦਾ ਸੀ’।

ਮੈਨੂੰ ਪ੍ਰਿਤਪਾਲ ਦੀ ਮੌਤ ‘ਤੇ ਮੇਰੇ ਘਰਦਿਆਂ,ਦੋਸਤਾਂ ਤੋਂ ਲੈ ਕੇ ਪਿੰਡ ਦੀ ਅਸੰਵੇਦਨਸ਼ੀਲਤਾ ਬੇਹੱਦ ਦੁਖੀ। ਉਹ ਮਾੜਾ ਸੀ। ਨਸ਼ੇੜੀ ਸੀ। ਮੇਰੇ ਸਮੇਤ ਸਭ ਨਾਲ ਲੜਦਾ-ਝਗੜਦਾ ਸੀ। ਸਭ ਕੁਝ ਠੀਕ ਹੈ ਪਰ ਕੀ ਉਸਦੀ ਮੌਤ ਪ੍ਰਤੀ ਸਮਝਦਾਰ ਬੇਸਮਝੀ ਠੀਕ ਹੈ? ਕੀ ਸਾਨੂੰ ਸਭ ਨੂੰ ਪ੍ਰਿਤਪਾਲ ਦੇ ਝਗੜਾਲੂ ਤੇ ਨਸ਼ੇੜੀ ਹੋਣ ਦੇ ਕਾਰਨਾਂ ਤੱਕ ਨਹੀਂ ਜਾਣਾ ਚਾਹੀਦਾ? ਮੈਂ ਵੀ ਉਸਦੀ ਮੌਤ ਦਾ ਸਰਲੀਕਰਨ ਕਰਕੇ ਤੋੜਾ ਸਰਕਾਰ,ਚਿੱਟਾ ਤਸਕਰਾਂ ਤੇ ਉਸ ਸਿਰ ਝਾੜ ਕੇ ਆਪਣੇ ਆਪ ਨੂੰ ਮੌਤ ਤੋਂ ਮੁਕਤ ਕਰ ਸਕਦਾ ਹਾਂ ਪਰ ਜੇ ਮੈਂ ਸਿਰਫ਼ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਬਚਪਨ ਦੀ ਦੋਸਤੀ ਦਾ ਕੋਈ ਮਤਲਬ ਨਹੀਂ ਰਹੇਗਾ। ਇਸ ‘ਚ ਕੋਈ ਸ਼ੱਕ ਨਹੀਂ ਕਿ ਸਿਆਸਤਦਾਨ ਤੇ ਤਸਕਰ ਪੰਜਾਬ ਦੀ ਜਵਾਨੀ ਤਬਾਹ ਕਰ ਰਹੇ ਹਨ।

ਪ੍ਰਿਤਪਾਲ ਨਾਲ ਯਾਰੀ ਪਹਿਲੀ ਜਮਾਤ ਤੋਂ ਸੀ। ਮੈਂ ਸੀ ਬੀ ਐਸ ਸੀ ਤੇ ਉਹ ਸਰਕਾਰੀ ਸਕੂਲ ‘ਚ ਪੜ੍ਹਦਾ ਸੀ। ਮੇਰੇ ਬਾਪੂ ਸ. ਲੱਖਾ ਸਿੰਘ ਧਾਲੀਵਾਲ ਨੂੰ ਇਸ ਯਾਰੀ ‘ਤੇ ਘੋਰ ਇਤਰਾਜ਼ ਸੀ। ਉਨ੍ਹਾਂ ਕਹਿਣਾ ‘ਤੈਨੂੰ ਚੰਗੇ ਸਕੂਲ ‘ਚ ਅਜਿਹੇ ਦੋਸਤ ਬਣਾਉਣ ਲਈ ਲਾਇਆ’। ਕੋਈ ਸ਼ੱਕ ਨਹੀਂ ਪ੍ਰਿਤਪਾਲ ਬੇਹੱਦ ਅੱਲਵਾ ਸੀ। ਕਈ ਵਾਰ ਦੋਵਾਂ ਦੀ ਇਕੱਠਿਆਂ ਥੱਪੜ ਪਰੇਡ ਹੋਈ। ਸਾਡੀ ਪੁਲੀਸ-ਡਾਕੂ ਖੇਡਣ ਵਾਲੀ ਲੱਕੜ ਦੀ ਰਫ਼ਲ ਤੋੜ ਦਿੱਤੀ ਗਈ।ਇਕੱਠੇ ਪਤੰਗ ਚੜ੍ਹਾਉਂਦੇ ਤੇ ਗੋਲੀਆਂ ਖੇਡ ਦੇ ਕੁੱਟੇ ਗਏ। ਸਭ ਕਾਸੇ ਦੇ ਬਾਵਜੂਦ ਅਸੀਂ ‘ਯੇ ਦੋਸਤੀ ਹਮ ਨਹੀਂ ਤੋੜੋਂਗੇ’ ਵਾਂਗ ਡਟੇ ਰਹੇ।

ਮੈਂ ਪੜ੍ਹਦਾ ਰਿਹਾ ਤੇ ਪ੍ਰਿਤਪਾਲ ਛੇਵੀਂ ਚੋਂ ਫੇਲ੍ਹ ਹੋ ਗਿਆ। ਉਹ ਥੋੜ੍ਹਾ ਬਹੁਤ ਰਾਜਗਿਰੀ ਦਾ ਕੰਮ ਕਰਨ ਲੱਗਿਆ। ਦੋਸਤੀ ਜਿਉਂ ਦੀ ਤਿਉਂ ਸੀ। ਬਾਪੂ ਨੇ ਪ੍ਰਿਤਪਾਲ ਲਈ ਜਾਤੀਸੂਚਕ ਸ਼ਬਦ ਵਰਤਕੇ ਕਹਿਣਾ ‘ਇਹ ਤਾਂ 300 ਰੁਪਇਆ ਦਿਹਾੜੀ ਲੈਣ ਲੱਗਜੂ, ਤੈਨੂੰ ਕਿਸੇ ਨੇ ੫੦ ਰੁਪਏ ‘ਤੇ ਨਹੀਂ ਲਿਜਾਣਾ।

ਮੇਰਾ ਕਾਲਜ ਦਾ ਦੌਰ ਸ਼ੁਰੂ ਹੋਇਆ। ਕਾਲਜ ਦੀ ਵਿਦਿਆਰਥੀ ਸਿਆਸਤ ਮੈਂ ਪਿੰਡ ਲੈ ਆਇਆ। ਧਨੌਲੇ ਬੰਗੇਹਰ ਪੱਤੀ ਦੀ ਸੱਥ ‘ਚ ਦੋਸਤਾਂ ਨਾਲ ਰਾਤ ਦੇ 1-1 ਵਜੇ ਤੱਕ ਪੰਜਾਬ ,ਦੇਸ ਤੇ ਦੁਨੀਆ ਦੀ ਸਿਆਸਤ ‘ਤੇ ਚਰਚਾ ਹੋਣ ਲੱਗੀ। ਪ੍ਰਿਤਪਾਲ ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਹਰ ਵਿਸ਼ੇ ‘ਚ ਸਭ ਤੋਂ ਵੱਧ ਰੁਚੀ ਰੱਖਦਾ ਸੀ। ਇਸੇ ਦੌਰ ‘ਚ ਉਹ ਮੇਰੇ ਨਾਲ ਖੇਤੀਬਾੜੀ ਦੇ ਕੰਮ ਵੀ ਕਰਵਾਉਂਦਾ ਰਿਹਾ।

ਮੈਂ ਓਹਦੀ ਸੂਚਨਾ,ਗਿਆਨ ਤੇ ਕਿਰਤ ਦੀ ਸਮਰੱਥਾ ਤੇ ਊਰਜਾ ਦਾ ਆਭਾ ਮੰਡਲ ਬੇਹੱਦ ਨੇੜਿਓਂ ਦੇਖਿਆ ਹੈ। ਉਹ ਜਿੰਨੀ ਸ਼ਿੱਦਤ ਨਾਲ ਗਿਆਨ ਦਾ ਆਸ਼ਕ ਸੀ ਓਨਾ ਹੀ ਕਿਰਤ ਨੂੰ ਪਿਆਰ ਕਰਦਾ ਸੀ। ਕਿਤਾਬਾਂ ਤਾਂ ਪੜ੍ਹਦਾ ਹੀ ਸੀ ਕਣਕ ਦੀ ਪਾਂਤ ਉਹ ਮੇਰੇ ਨਾਲੋਂ ਪਹਿਲਾਂ ਲਾ ਦਿੰਦਾ। ਹੜੰਭੇ ‘ਤੇ ਉਹ ਸਭ ਨੂੰ ਮਾਤ ਪਾ ਦਿੰਦਾ। ਨਰਮਾ ਗੁੱਡਦਿਆਂ ਉਹ ਮੈਨੂੰ ਹਰਾ ਦਿੰਦਾ। ਮੋਟਰ ‘ਤੇ ਓਹਨੇ ਕਈ ਵਾਰ ਦੇਸੀ ਦਾਰੂ ਨਾਲ ਕਬੂਤਰ ਭੰਨ੍ਹੇ। ਇਕ ਵਾਰ ਸੂਏ (ਰਾਜਬਾਹੇ) ‘ਚੋਂ ਕੱਛੂ ਫੜ੍ਹ ਕੇ ਬਣਾਇਆ। ਉਸੇ ਸੂਏ ‘ਚ ਓਹਨੇ ਮੈਨੂੰ ਡਬੋ ਡਬੋ ਕੇ ਤਰਨਾ ਸਿਖਾਇਆ। ਸੂਏ ‘ਚੋਂ ਉਹ ਅੰਧ ਵਿਸ਼ਵਾਸ਼ੀ ਲੋਕਾਂ ਦੇ ਛੱਡੇ ਨਾਰੀਅਲ ਸਭ ਤੋਂ ਪਹਿਲਾਂ ਖ਼ੁਦ ਖਾ ਕੇ ਸਭ ਦੇ ਅੰਧਵਿਸ਼ਵਾਸ ਦੂਰ ਕਰ ਦਿੰਦਾ।

ਪ੍ਰਿਤਪਾਲ ਆਮ ਨਹੀਂ ਵਿਲੱਖਣ ਪ੍ਰਤਿਭਾ,ਸਮਰੱਥ ਤੇ ਊਰਜਾ ਵਾਲਾ ਸਖ਼ਸ਼ ਸੀ। ਹਾਂ, ਜ਼ਿੰਦਗੀ ‘ਚ ਥੋੜ੍ਹਾ ਫਿਲਮੀ ਸੀ। ਕਮਾਲ ਦੀ ਅਦਾਕਾਰੀ ਕਰਦਾ ਸੀ। ਅਕਸਰ ਦੋ ਪੈਗ ਲਾ ਕੇ ‘ਸ਼ੋਅਲੇ’ ਦਾ ਧਰਮਿੰਦਰ ਤੇ ‘ਗਦਰ’ ਦਾ ਸਨੀ ਦਿਓਲ ਬਣ ਜਾਂਦਾ।

ਦੁਨੀਆ ਉਸ ਨੂੰ ਪੜ੍ਹ ਨਹੀਂ ਸਕੀ ਤੇ ਉਹ ਦੁਨੀਆ ਨੂੰ। ਉਹ ਬੇਕਿਰਕ ਦੁਨੀਆ ‘ਚ ਫਿੱਟ ਨਾ ਹੋ ਸਕਿਆ। ਉਹ ਨਾ ਸੈਟਲ ਹੋਇਆ ਤੇ ਨਾ ਹੋਣਾ ਚਾਹੁੰਦਾ ਸੀ। ਸੈਟਲ ਦੁਨੀਆ ਨੂੰ ਸਾਹਿਰ ਵਾਂਗ ਟਿੱਚ ਜਾਣਦਾ ਸੀ….ਓਹਨੂੰ ਲੱਗਦਾ ਸੀ “ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ”…..ਸ਼ਿਵ ਦੇ ਕਹਿਣ ਵਾਂਗ ਪ੍ਰਿਤਪਾਲ ਸਲੋਅ ਸੁਸਾਈਡ ਕਰ ਰਿਹਾ ਸੀ। ਨਸ਼ਾ ਓਹਨੂੰ ਮੁਕਤੀ ਦਾ ਸਾਧਨ ਲੱਗਣ ਲੱਗਿਆ। ਓਹਦਾ ਹਾਲ ‘ਕੀ ਪੁੱਛਦਿਓਂ ਹਾਲ ਫਕੀਰਾਂ ਵਾਲਾ’ ਹੋ ਚੁੱਕਿਆ ਸੀ। ਉਹ ਸਮਝਣ ਸਮਝਾਉਣ ਵਾਲੀ ਖੇਡ ‘ਚੋਂ ਬਾਹਰ ਸੀ।

ਯੇਸ਼ੂ ਮਸੀਹ ਕਹਿੰਦੇ ਨੇ ‘ਬੱਚਾ ਧਰਤੀ ‘ਤੇ ਰੱਬ ਦਾ ਰੂਪ ਹੈ’। ਮਨੋਵਿਗਿਆਨੀ ਫਰਾਈਡ ਕਹਿੰਦਾ ‘ਬਚਪਨ ਦੀਆਂ ਘਟਨਾਵਾਂ ਦਾ ਅਸਰ ਮਨੁੱਖ ‘ਤੇ ਤਾਅ ਉਮਰ ਰਹਿੰਦਾ ਹੈ’। ਬਚਪਨ ‘ਚ ਮਾਂ ਪਿਓ ਦੀ ਮੌਤ ਨੇ ਪ੍ਰਿਤਪਾਲ ਤੋਂ ਓਹਦਾ ‘ਰੱਬ ਹੋਣਾ’ ਖੋਹ ਲਿਆ। ਬਚਪਨ ਓਹਨੂੰ ਜ਼ਿੰਦਗੀ ਭਰ ਤੰਗ ਕਰਦਾ ਰਿਹਾ। ਬਚਪਨ ‘ਚ ਓਹਨੂੰ ਪਿਆਰ ਨਹੀਂ ਅਦਿੱਖ ਹਿੰਸਾ ਮਿਲੀ। ਹਿੰਸਾ ਨੇ ਓਹਦੇ ‘ਚ ਹਿੰਸਾ ਕੁੱਟ ਕੁੱਟ ਭਰ ਦਿੱਤੀ। ਨਸ਼ਾ ਇਸੇ ਹਿੰਸਾ ਦਾ ਨਤੀਜਾ ਸੀ। ਬਚਪਨ ‘ ਚ ਮਾਂ ਪਿਓ ਦਾ ਪਿਆਰ ਨਾ ਮਿਲਿਆ। ਜਵਾਨੀ ‘ਚ ਇਸ਼ਕ ਦੇ ਰੰਗ ਨਾ ਲੱਗੇ। ਪਿਆਰ ਨੇ ਹੀ ਓਹਦੇ ਬਚਪਨ ਦੀਆਂ ਸੱਟਾਂ ਨੂੰ ਹੀਲ ਕਰਨਾ ਸੀ, ਪਰ ਬਦਕਿਸਮਤੀ ਨੂੰ ਓਹਦੀ ਪਤਨੀ ਨਾਲ ਵੀ ਅੰਡਰਸਟੈਂਡਿੰਗ ਨਾ ਬਣ ਸਕੀ।

ਓਹਦਾ ਭਾਵੁਕ ਪੱਖ ਹਮੇਸ਼ਾ ਅਸੰਤੁਲਿਤ ਰਿਹਾ। ਇਹ ਅਸੰਤੁਲਨ ਹੀ ਪ੍ਰਿਤਪਾਲ ਨੂੰ ਦਾਰੂ ਤੋਂ ਚਿੱਟੇ ਤੱਕ ਤੇ ਬੇਹੱਦ ਝਗੜਾਲੂ ਹੋਣ ਤੱਕ ਲੈ ਆਇਆ। ਅਸੰਤੁਲਿਤ ਇਮੋਸ਼ਨਲ ਬੰਦਿਆਂ ਦੀ ਤਾਕਤ ਕਮਜ਼ੋਰੀ ਤੇ ਕਮਜ਼ੋਰੀ ਤਾਕਤ ਹੁੰਦੀ ਹੈ। ਪ੍ਰਿਤਪਾਲ ਦੀ ਤਾਕਤ ਹੀ ਕਮਜ਼ੋਰੀ ਬਣਦੀ ਗਈ। ਹਾਲਾਂਕਿ ਇਮੋਸ਼ਨਲ ਹੋਣਾ ਕੋਈ ਮਾੜੀ ਗੱਲ ਨਹੀਂ। ਇਮੋਸ਼ਨਲ ਨਾ ਹੋਣ ਵਾਲੇ ਪ੍ਰੈਕਟੀਕਲ ਲੋਕ ਬੇਹੱਦ ਖਤਰਨਾਕ ਹੋ ਜਾਂਦੇ ਹਨ। ਅਜਿਹੇ ਲੋਕ ਜ਼ਿੰਦਗੀ ਭਰ ਆਪਣੇ ‘ਹੋਣ ਦੀ ਤਸਦੀਕ’ ਨਹੀਂ ਕਰ ਸਦਕੇ।

ਲੋਹਾ ਲੋਹੇ ਨੂੰ ਵੱਢਦਾ। ਜ਼ਹਿਰ ਜ਼ਹਿਰ ਨੂੰ ਮਾਰਦੀ ਹੈ। ਪ੍ਰਿਤਪਾਲ ਨੂੰ ਆਪਣੇ ਹਾਣ ਦਾ ਨਾ ਲੋਹਾ ਮਿਲਿਆ ਤੇ ਨਾ ਜ਼ਹਿਰ। ਅਜਿਹੇ ਬੇਹੱਦ ਸਮਰੱਥਾ ਤੇ ਊਰਜਾ ਵਾਲੇ ਲੋਕਾਂ ਨੂੰ ‘ਮਹੱਬਤੀ ਦਰਵੇਸ਼ ਆਸਰਿਆਂ’ ਦੀ ਲੋੜ ਹੁੰਦੀ ਹੈ। ਆਸਰੇ ਓਹਦੇ ਨੇੜੇ ਆਉਣ ਦੀ ਥਾਂ ਦੂਰ ਹੁੰਦੇ ਗਏ। ਸਾਡੇ ਸਮਾਜ ਏਨਾ ਅਮੀਰ ਨਹੀਂ ਹੋਇਆ ਕਿ ਉਹ ਊਰਜਾਵਾਨ ਲੋਕਾਂ ਨੂੰ ਸਾਂਭ ਸਕੇ। ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਸਾਰੇ ਉਸ ਨੂੰ ਸਭ ਕੁਝ ਦੇਣ ‘ਚ ਅਸਫ਼ਲ ਰਹੇ। ਹੁਣ ਪ੍ਰਿਤਪਾਲ ਨਾਲ ਰਿਸ਼ਤਾ ਸ਼ਬਦਾਂ ਤੋਂ ਪਾਰ ਦਾ ਹੈ। ਉਹ ਸ਼ਬਦ ਤੋਂ ਮੁਕਤ ਹੋ ਗਿਆ ਪਰ ਮੈਨੂੰ ਓਹਦੇ ਨਾਲ ਗੱਲਾਂ ਕਰਨ ਨੂੰ ‘ਸ਼ਬਦ’ ਹੀ ਚੁਣਨੇ ਪਏ।

ਮਿਲਦਾ ਰਹੀਂ ਪ੍ਰਿਤਪਾਲ,

ਯਾਦਵਿੰਦਰ।

Read more