ਢਹਿ-ਢੇਰੀ ਹੋਈ ਸੂਬੇ ਦੀ ਕਾਨੂੰਨ ਵਿਵਸਥਾ-ਭਗਵੰਤ ਮਾਨ

ਚੰਡੀਗੜ੍ਹ, 9 ਅਕਤੂਬਰ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, ”ਸੂਬੇ ‘ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਜੰਗਲਰਾਜ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦਮ ਤੋੜ ਚੁੱਕੀ ਹੈ। ਪਿਛਲੇ ਇੱਕ ਮਹੀਨੇ ਦੀਆਂ ਖ਼ਬਰਾਂ ਅਤੇ ਵਾਰਦਾਤਾਂ ਜ਼ੀਰੋ ਹੋਈ ਕਾਨੂੰਨ ਵਿਵਸਥਾ ਦੀ ਪ੍ਰਤੱਖ ਮਿਸਾਲ ਹੈ।”

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਇੱਕ ਮਹੀਨੇ ਦੌਰਾਨ ਹੀ ਪੁਲਸ ਟੀਮਾਂ ‘ਤੇ ਨਸ਼ਾ ਤਸਕਰਾਂ ਵੱਲੋਂ ਹੋ ਰਹੇ ਵਾਰ ਵਾਰ ਹਮਲੇ ਸਾਬਤ ਕਰਦੇ ਹਨ ਕਿ 4 ਹਫ਼ਤਿਆਂ ‘ਚ ਨਸ਼ਿਆਂ ਅਤੇ ਨਸ਼ਾ ਤਸਕਰਾਂ ਦੇ ਲੱਕ ਤੋੜ ਦੇਣ ਦੀਆਂ ਸੌਂਹਾ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਲਟਾ ਡਰੱਗ ਮਾਫ਼ੀਆ ਅਤੇ ਹੋਰ ਅਪਰਾਧੀਆਂ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਵਜੋਂ ਵੀ ਪੂਰੀ ਤਰ੍ਹਾਂ ‘ਫਲਾਪ’ ਸਾਬਤ ਹੋਏ ਹਨ।

ਭਗਵੰਤ ਮਾਨ ਨੇ ਮੰਗ ਕੀਤੀ ਕਿ ਇਤਿਹਾਸ ਦਾ ‘ਸੁਪਰ ਫਲਾਪ’ ਮੁੱਖ ਮੰਤਰੀ ਵਾਂਗ ਗ੍ਰਹਿ ਮੰਤਰੀ ਵਜੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਸ ਲਈ ਕੈਪਟਨ ਤੁਰੰਤ ਗੱਦੀ ਛੱਡਣ ਅਤੇ ਪੰਜਾਬ ਨੂੰ ਕਾਬਲ ਅਤੇ ਸੁਰੱਖਿਅਤ ਹੱਥਾਂ ‘ਚ ਸੌਂਪਣ।

ਭਗਵੰਤ ਮਾਨ ਨੇ ਬਠਿੰਡਾ ਪੁਲਸ ‘ਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਹਮਲੇ ਦੇ ਹਵਾਲੇ ਨਾਲ ਕਿਹਾ ਕਿ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਬਹੁਭਾਂਤੀ ਮਾਫ਼ੀਆ ਦੇ ਦਬਦਬੇ ਨੇ ਪੰਜਾਬ ਪੁਲਸ ਨੂੰ ਬੇਵੱਸ ਕਰ ਕੇ ਰੱਖ ਦਿੱਤਾ ਹੈ। ਅਜਨਾਲਾ ਦੇ ਪਿੰਡ ‘ਚ ਪੁਲਸ ਦਾ ਸ਼ਰੇਆਮ ਕੁਟਾਪਾ, ਜੰਡਿਆਲਾ ਨੇੜੇ ਐਸ.ਟੀ.ਐਫ. ਦੇ ਜਵਾਨ ਦੀ ਸ਼ਰੇਆਮ ਹੱਤਿਆ, ਗੋਇੰਦਵਾਲ ਸਾਹਿਬ ਨੇੜੇ ਪੁਲਿਸ ਪਾਰਟੀ ‘ਤੇ ਹਮਲਾ ਅਤੇ ਬਠਿੰਡਾ ‘ਚ ਪਿਆਜ਼ਾਂ ਦੇ ਭਰੇ ਟਰੱਕ ਨੂੰ ਲੁੱਟਣ ਦੀ ਕੋਸ਼ਿਸ਼ ‘ਚ ਡਰਾਈਵਰ ਦੇ ਕਤਲ ਵਰਗੀਆਂ ਅਣਗਿਣਤ ਘਟਨਾਵਾਂ ਨੇ ਬਾਦਲਾਂ ਦੇ ਮਾਫ਼ੀਆ ਰਾਜ ‘ਚ ਹੋਏ ਛੇਹਰਟਾ ਕਾਂਡ ਨੂੰ ਫਿੱਕਾ ਪਾ ਦਿੱਤਾ ਹੈ। ਜਿੱਥੇ ਇੱਕ ਬਦਮਾਸ਼ ਅਕਾਲੀ ਆਗੂ ਨੇ ਇੱਕ ਪੁਲਸ ਇੰਸਪੈਕਟਰ ਦੀ ਹੱਤਿਆ ਕਰਨ ਉਪਰੰਤ ਮ੍ਰਿਤਕ ਦੀ ਛਾਤੀ ‘ਤੇ ਪੈਰ ਰੱਖ ਕੇ ਆਪਣੇ ਤਤਕਾਲੀ ਮੰਤਰੀ ਅਤੇ ਅਕਾਲੀ ਆਕਾ ਦੇ ਨਾਮ ‘ਤੇ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ।

ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸੀ, ਅਕਾਲੀਆਂ ਅਤੇ ਭਾਜਪਾ ਵਾਲਿਆਂ ਨੂੰ ਹੁਣ ਹੋਰ ਪਰਖਣ ਦੀ ਲੋੜ ਨਹੀਂ ਰਹੀ।

Read more