x ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿਚ ਹੱਤਿਆ - Punjab Update | Punjab Update

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿਚ ਹੱਤਿਆ

-ਕੈਪਟਨ ਅਮਰਿੰਦਰ ਸਿੰਘ ਵੱਲੋਂ ਤੱਥਾਂ ਦੀ ਪੜਤਾਲ ਦੀ ਜਾਂਚ ਦੇ ਹੁਕਮ
-ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ, ਮੁੱਖ ਮੰਤਰੀ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਚਿਤਾਵਨੀ

PunjabUpdate.Com

ਚੰਡੀਗੜ, 22 ਜੂਨ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਨਾਭਾ ਜੇਲ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ’ਤੇ ਹੋਏ ਘਾਤਕ ਹਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਨਾਂ ਨੇ ਹਮਲਾਵਰਾਂ ਲਈ ਸਖ਼ਤ ਸਜ਼ਾ ਦੀ ਚਿਤਾਵਨੀ ਦਿੱਤੀ ਹੈ। 

ਇਕ ਸਰਕਾਰੀ ਬੁਲਾਰੇ ਅਨੁਸਾਰ ਏ.ਡੀ.ਜੀ.ਪੀ. ਜੇਲਾਂ ਰੋਹਿਤ ਚੌਧਰੀ ਤੱਥਾਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਮੁਖੀ ਹੋਣਗੇ ਅਤੇ ਕਮੇਟੀ ਨੂੰ ਤਿੰਨ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੋਸ਼ੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਵਿੱਚ ਲਾਜ਼ਮੀ ਜੂਡੀਸ਼ੀਅਲ ਪੜਤਾਲ ਤੋਂ ਇਲਾਵਾ ਇਹ ਜਾਂਚ ਹੋਵੇਗੀ। ਬਿੱਟੂ ਨੂੰ ਪਿਛਲੇ ਸਾਲ ਗਿ੍ਰਫਤਾਰ ਕੀਤਾ ਗਿਆ ਸੀ। 

ਇਸ ਹਮਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਨੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਹਮਲਾਵਰਾਂ ਨੂੰ ਇਸ ਜ਼ੁਰਮ ਵਾਸਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। 

ਬੁਲਾਰੇ ਅਨੁਸਾਰ ਇਹ ਘਟਨਾ ਸ਼ਾਮ 5:15 ਵਜੇ ਉਸੇ ਵੇਲੇ ਵਾਪਰੀ ਜਦੋਂ ਬਿੱਟੂ ’ਤੇ ਹੋਰਨਾਂ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ। 

ਬੁਲਾਰੇ ਅਨੁਸਾਰ ਮੁਢਲੀ ਜਾਂਚ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਰੀਦਕੋਟ ਦੇ ਬਿੱਟੂ (49) ’ਤੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਹਮਲਾ ਕੀਤਾ ਗਿਆ ਹੈ ਜੋ ਇਕ ਕਤਲ ਕੇਸ ਵਿੱਚ ਜੇਲ ’ਚ ਸਨ। 

ਨਾਭਾ ਦੀ ਨਵੀਂ ਜੇਲ੍ਹ ਵਿੱਚ ਦੋ ਕੈਦੀਆਂ ਨੇ ਕੈਦੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮਹਿੰਦਰਪਾਲ ਸਿੰਘ ਉਰਫ ਬਿੱਟੂ ਵਜੋਂ ਹੋਈ ਹੈ ਜਦੋਂ ਉਸ ‘ਤੇ ਹਮਲਾ ਕਰਨ ਵਾਲਿਆਂ ਵਿੱਚ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਸ਼ਾਮਲ ਹਨ। ਮ੍ਰਿਤਕ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਸੀ ਅਤੇ 45 ਮੈਂਬਰ ਕਮੇਟੀ ਦਾ ਮੈਂਬਰ ਸੀ। ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਇਨ੍ਹਾਂ ਕੈਦੀਆਂ ਦੀ ਡਿਊਟੀ ਸੈੱਲ ਬਲਾਕ ਵਿੱਚ ਉਸਾਰੀ ਵਾਲੇ ਕੰਮਾਂ ‘ਚ ਲੱਗੀ ਹੋਈ ਸੀ। ਇਸੇ ਦੌਰਾਨ ਹੀ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਮਹਿੰਦਰਪਾਲ ‘ਤੇ ਹਮਲਾ ਕੀਤਾ ਗਿਆ ਹੈ ਇਸ ਮਾਮਲੇ ‘ਚ ਉਕਤ ਦੋਵਾਂ ਵੱਲੋਂ ਮਹਿੰਦਰਪਾਲ ਦੇ ਸਿਰ ‘ਤੇ ਵਾਰ ਕੀਤੇ ਗਏ ਹਨ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਦੱਸਣਾ ਬਣਦਾ ਹੈ ਕਿ ਮਹਿੰਦਰਪਾਲ ਬਿੱਟੂ ਬਰਗਾੜੀ ਕਾਂਡ ਮਾਮਲੇ ਸਬੰਧੀ ਨਾਭਾ ਦੀ ਜੇਲ੍ਹ ਵਿੱਚ ਵਿਚਾਰ ਅਧੀਨ ਕੈਦੀ ਸੀ ।

Read more