ਡਰੱਗ ਮਾਮਲੇ ਨੇ ਪੰਜਾਬ ਦੀ ਸਿਆਸਤ ਗਰਮਾਈ : ਹਾਈਕੋਰਟ ਵਲੋਂ ਸੁਖਪਾਲ ਖਹਿਰਾ ਦੀ ਪਟੀਸ਼ਨ ਰੱਦ, 

-ਖਹਿਰਾ ਖਿਲਾਫ ਫਿਰੋਜ਼ਪੁਰ ਦੀ ਅਦਾਲਤ ਵਿਚ ਚੱਲੇਗਾ ਮੁਕੱਦਮਾ

ਪੰਜਾਬ ਅੱਪਡੇਟ ਬਿਊਰੋ

ਚੰਡੀਗੜ੍ਹ, 17 ਨਵੰਬਰ (ਪੰਜਾਬ ਅੱਪਡੇਟ ਬਿਊਰੋ)-ਨਸ਼ੇ ਦੇ ਮੁੱਦੇ ਉਤੇ ਵਿਰੋਧੀਆਂ ਨੂੰ ਘੇਰਨ ਵਾਲੀ ਆਮ ਆਦਮੀ ਪਾਰਟੀ ਹੁਣ ਨਸ਼ੇ ਦੇ ਮੁੱਦੇ ਉਤੇ ਖੁਦ ਕਸੂਤੀ ਫਸੀ ਨਜ਼ਰ ਆ ਰਹੀ ਹੈ। ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਦਾ ਨਾਮ ਡਰੱਗ ਮਾਮਲੇ ਵਿਚ ਸਾਹਮਣੇ ਆਉਣ ਤੋਂ ਬਾਅਦ ਸੂਬੇ ਅਤੇ ਦੇਸ਼ ਦੀ ਸਿਆਸਤ ਗਰਮਾਉਣ ਲੱਗੀ ਹੈ।  
ਬਹੁ-ਚਰਚਿਤ ਡਰੱਗ ਮਾਮਲੇ ਵਿਚ ਫਿਰੋਜ਼ਪੁਰ ਦੀ ਅਦਾਲਤ ਵਲੋਂ ਸੰਮਨ ਤੇ ਵਾਰੰਟਾਂ ਨੂੰ ਚੁਣੌਤੀ ਦੇਣ ਵਾਲੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਉਤੇ ਸ਼ੁੱਕਰਵਾਰ ਨੂੰ ਸਵੇਰੇ ਫੈਸਲਾ ਸੁਣਾਉਂਦਿਆਂ ਮਾਣਯੋਗ ਅਦਾਲਤ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਖਹਿਰਾ ਦੇ ਮਾਮਲੇ ਵਿਚ ਫੈæਸਲਾ ਹੇਠਲੀ ਫਿਰੋਜ਼ਪੁਰ ਦੀ ਅਦਾਲਤ ਵਲੋਂ ਕੀਤਾ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਡਰੱਗ ਮਾਮਲੇ ਵਿਚ ਫਿਰੋਜ਼ਪੁਰ ਦੀ ਅਦਾਲਤ ਨੇ ਖਹਿਰਾ ਖਿਲਾਫ ਸੰਮਨ ਅਤੇ ਵਾਰੰਟ ਜਾਰੀ ਕੀਤੇ ਸਨ। ਜਿਨ੍ਹਾਂ ਨੂੰ ਖਹਿਰਾ ਨੇ ਹਾਈਕੋਰਟ ਵਿਚ ਚੁਣੌਤੀ ਦੇ ਕੇ ਮਾਮਲੇ ਉਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। ਅਦਾਲਤ ਨੇ ਖਹਿਰਾ ਦੀ ਅਰਜ਼ੀ ਉਤੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਪਿਛਲੇ ਹਫ਼ਤੇ ਫੈਸਲਾ ਰਾਖਵਾਂ ਰੱਖ ਲਿਆ ਸੀ ਜਿਸ ਉਤੇ ਅੱਜ ਫੈਸਲਾ ਸੁਣਾਇਆ ਗਿਆ ਹੈ।
ਡਰੱਗ ਮਾਮਲੇ ਵਿਚ ਖਹਿਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਉਨ੍ਹਾਂ ਨੂੰ ਤੋਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਸੱਤਾਧਾਰੀ ਪਾਰਟੀ ਕਾਂਗਰਸ ਅਸਤੀਫੇ ਦੀ ਮੰਗ ਕਰ ਰਹੀਆਂ ਸਨ ਉਥੇ ਹੀ ਖਹਿਰਾ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਵਿਚ ਵੀ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਬਾਗੀ ਸੁਰਾ ਦਿਖਾਈ ਦੇ ਰਹੀਆਂ ਸਨ। ਆਮ ਆਦਮੀ ਪਾਰਟੀ ਦੇ ਇੱਕ ਧੜੇ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਕੋਲ ਵੀ ਇਹ ਮੁੱਦਾ ਉਠਾਇਆ ਸੀ ਕਿ ਡਰੱਗ ਮਾਮਲੇ ਵਿਚ ਖਹਿਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੂੰ ਅਸਤੀਫਾ ਦੇ ਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਪ੍ਰੰਤੂ ਦੂਜੇ ਪਾਸੇ ਖਹਿਰਾ ਨੇ ਇਸ ਮਾਮਲੇ ਨੂੰ ਸਿਆਸੀ ਰੰਜਿਸ਼ਬਾਜੀ ਤੇ ਸਾਜਿਸ਼ ਦੱਸਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੇਠਲੇ ਅਦਾਲਤ ਵਲੋਂ ਭੇਜੇ ਗਏ ਸੰਮਨਾਂ ਤੇ ਵਾਰੰਟਾਂ ਨੂੰ ਹਾਈਕੋਰਟ ਵਿਚ ਚੁਣੌਤੀ ਦੇ ਦਿੱਤੀ ਸੀ। ਵਿਰੋਧੀਆਂ ਵਲੋਂ ਅਸਤੀਫੇ ਦੇ ਮੰਗ ਕੀਤੇ ਜਾਣ ਉਤੇ ਖਹਿਰਾ ਦਾ ਤਰਕ ਸੀ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਕਿਉਂਕਿ ਉਨ੍ਹਾਂ ਉਪਰ ਵੀ ਅਨੇਕਾਂ ਭ੍ਰਿਸ਼ਟਾਚਾਰ ਦੇ ਮੁਕੱਦਮੇ ਚੱਲ ਰਹੇ ਹਨ ਅਤੇ ਉਨ੍ਹਾਂ ਨੇ ਤਾਂ ਅਸਤੀਫਾ ਨਹੀਂ ਦਿੱਤਾ, ਫੇਰ ਮੈਂ ਕਿਉਂ ਦੇਵਾਂ। ਖਹਿਰਾ ਦਾ ਇਹ ਵੀ ਤਰਕ ਸੀ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਡਰੱਗ ਮਾਮਲੇ ਵਿਚ ਆਉਣ ਉਤੇ ਉਨ੍ਹਾਂ ਨੇ ਵੀ ਮੰਤਰੀ ਦੇ ਅਹੁਦੇ ਉਤੇ ਅਸਤੀਫਾ ਨਹੀਂ ਦਿੱਤਾ ਸੀ। ਇਸ ਲਈ ਵਿਰੋਧੀ ਧਿਰ ਦੇ ਨੇਤਾ ਵਜੋਂ ਅਸਤੀਫਾ ਮੈਂ ਨਹੀਂ ਦੇਵਾਂਗਾ। 
ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇੱਕ ਪਾਸੇ ਜਿੱਥੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿਚ ਖੜ੍ਹਾ ਕਰਨਗੀਆਂ ਉਥੇ ਹੀ ਆਮ ਆਦਮੀ ਪਾਰਟੀ ਵਿਚ ਵੀ ਖਹਿਰਾ ਦੇ ਵਿਰੋਧੀ ਉਨ੍ਹਾਂ ਦੇ ਖਿਲਾਫ਼ ਝੰਡਾ ਚੁੱਕ ਸਕਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਵਿਚ ਆਪਣੇ ਆਪ ਨੂੰ ਬਚਾਉਣ ਤੇ ਸਹੀ ਸਾਬਤ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਨਾਉਂਦੇ ਹਨ। ਆਮ ਆਦਮੀ ਪਾਰਟੀ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੋਵੇਗੀ ਕਿ ਉਹ ਸੁਖਪਾਲ ਸਿੰਘ ਖਹਿਰਾ ਵਰਗੇ ਆਪਣੇ ਲੀਡਰ ਦੇ ਨਾਲ ਖੜ੍ਹਦੀ ਹੈ ਜਾਂ ਫੇਰ ਉਨ੍ਹਾਂ ਦਾ ਅਸਤੀਫਾ ਲੈ ਕੇ ਆਪਣੇ ਸਿਧਾਂਤਾਂ ਉਤੇ ਪਹਿਰਾ ਦੇਣ ਵਿਚ ਕਾਮਯਾਬ ਹੁੰਦੀ ਹੈ। 
ਉਧਰ ਪੰਜਾਬ ਸਰਕਾਰ ਨੇ 29 ਨਵੰਬਰ ਤੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਦਾ ਵੀ ਪਿਛਲੇ ਦਿਨੀਂ ਫੈਸਲਾ ਕੀਤਾ ਹੈ। ਜਿਸ ਕਾਰਨ ਡਰੱਗ ਮਾਮਲਾ ਇੱਕ ਫੇਰ ਵਿਧਾਨ ਸਭਾ ਵਿਚ ਵੀ ਗਰਮਾਉਣ ਦੇ ਪੂਰੇ ਆਸਾਰ ਬਣ ਗਏ ਹਨ। ਅਕਾਲੀ ਦਲ ਅਤੇ ਕਾਂਗਰਸੀ ਵਿਧਾਇਕਾਂ ਵਿਧਾਨ ਸਭਾ ਵਿਚ ਡਰੱਗ ਮਾਮਲੇ ਉਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਘੇਰਾ ਪਾਉਣਗੇ।

Read more