ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰਦਾ, ਉਹ ਸਿੱਖ ਨਹੀਂ-ਕੈਪਟਨ ਅਮਰਿੰਦਰ ਸਿੰਘ

-ਬਾਦਲਾਂ ਵੱਲੋਂ ਆਪਣੇ ਸਿਆਸੀ ਫਾਇਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਉਣ ਅਤੇ ਸਿੱਖੀ ਨੂੰ ਖੋਰਾ ਲਾਉਣ ਦੀ ਸਖ਼ਤ ਆਲੋਚਨਾ ਕੀਤੀ

ਸੰਗਰੂਰ, 24 ਅਪ੍ਰੈਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਹਿੱਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ। ਬਾਦਲਾਂ ’ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਸਿੱਖਾਂ ਦੇ ਸਭ ਤੋਂ ਸਰਵਉੱਚ ਧਾਰਮਿਕ ਅਸਥਾਨ ਦੀ ਵਰਤੋਂ ਆਪਣੇ ਨਿੱਜੀ ਲਾਭਾਂ ਖਾਤਰ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਧਰਮ ਦਾ ਸਿਆਸੀਕਰਨ ਉਲਟਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਖਦੇੜ ਕੇ ਰੱਖ ਦੇਵੇਗਾ। ਉਨਾਂ ਕਿਹਾ, ‘‘ਜਿਹੜਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ, ਮੇਰੀਆਂ ਨਜ਼ਰਾਂ ’ਚ ਉਹ ਸਿੱਖ ਨਹੀਂ।’’ 

ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਉਣ ਲਈ ਬਾਦਲਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਨਿੰਦਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨਾਂ ਕਿਹਾ ਕਿ ਅਕਾਲੀ ਇਕ ਪਾਸੇ ਤਾਂ ਸਿੱਖ ਧਰਮ ਦੇ ਰਾਖੇ ਹੋਣ ਦਾ ਢਿੰਡੋਰਾ ਪਿੱਟਦੇ ਹਨ ਜਦਕਿ ਦੂਜੇ ਪਾਸੇ ਆਪਣੇ ਸਿਆਸੀ ਹਿੱਤ ਪੂਰਨ ਲਈ ਹਮੇਸ਼ਾ ਧਰਮ ਨੂੰ ਵਰਤਦੇ ਆਏ ਹਨ। 

ਮੁੱਖ ਮੰਤਰੀ ਨੇ ਆਖਿਆ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜਾ ਵੀ ਸ੍ਰੀ ਅਕਾਲ ਤਖ਼ਤ ਸਾਹਮਣੇ ਸਿਰ ਝੁਕਾਉਂਦੇ ਸਨ ਅਤੇ ਉਨਾਂ ਨੇ ਇਸ ਪਵਿੱਤਰ ਤਖ਼ਤ ਤੋਂ ਮਿਲੀ ਸਜ਼ਾ ਨੂੰ ਹਲੀਮੀ ਨਾਲ ਭੁਗਤਿਆ। ਉਨਾਂ ਕਿਹਾ ਕਿ ਦੂਜੇ ਪਾਸੇ ਬਾਦਲਾਂ ਨੇ ਸਿਆਸੀ ਹਿੱਤਾਂ ਲਈ ਸ਼ਰਮ-ਹਯਾ ਛਿੱਕੇ ਟੰਗ ਦਿੱਤੇ ਅਤੇ ਇੱਥੋਂ ਤੱਕ ਕਿ ਜਥੇਦਾਰ ਨੂੰ ਬੁਲਾ ਕੇ ਆਪਣੀ ਮਰਜ਼ੀ ਨਾਲ ਫੈਸਲੇ ਲਾਗੂ ਕਰਵਾ ਕੇ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਨੂੰ ਬੁਰੀ ਤਰਾਂ ਢਾਹ ਲਾਈ। ਉਨਾਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਨੂੰ ਸੱਟ ਮਾਰ ਕੇ ਸਿੱਖਾਂ ਦੇ ਸਭ ਤੋਂ ਸਰਵਉੱਚ ਅਸਥਾਨ ਨੂੰ ਬਦਨਾਮੀ ਦਿਵਾਈ। ਮੁੱਖ ਮੰਤਰੀ ਨੇ ਕਿਹਾ,‘‘ਸਿੱਖ ਧਰਮ ਕਿੱਧਰ ਨੂੰ ਜਾ ਰਿਹਾ ਹੈ?’’ ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਕਾਇਮ ਰੱਖਣ ਲਈ ਬਾਦਲ ਵਰਗੇ ਖੁਦਗਰਜ਼ ਲੋਕਾਂ ਨੂੰ ਲਾਂਭੇ ਕੀਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਵੇਂ ਕਾਂਗਰਸ ਇੱਕ ਪਾਰਟੀ ਵਜੋਂ ਧਾਰਮਿਕ ਮਾਮਲਿਆਂ ਤੋਂ ਦੂਰ ਰਹਿਣ ਦੇ ਰਾਹ ’ਤੇ ਚੱਲਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੰਗੁਲ ਤੋਂ ਮੁਕਤ ਕਰਵਾਉਣ ਵਾਲੇ ਹਰੇਕ ਵਿਅਕਤੀ ਨੂੰ ਉਹ ਪੂਰਾ ਸਮਰਥਨ ਦੇਣਗੇ। ਉਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੀ ਉਲੰਘਣਾ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਪਿਛਲੇ ਸਮੇਂ ਨੂੰ ਚੇਤੇ ਕਰਾਉਂਦਿਆਂ ਕਿਹਾ ਕਿ ਜਦੋਂ ਸਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਸੀ ਤਾਂ ਉਨਾਂ ਨੇ ਉਸ ਵੇਲੇ ਕਾਂਗਰਸ ਪਾਰਟੀ ਅਤੇ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਸੀ। 

ਮੁੱਖ ਮੰਤਰੀ ਨੇ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਵਾਪਰੀਆਂ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦੀਆਂ ਘਟਨਾਵਾਂ ’ਤੇ ਵੀ ਸਖ਼ਤ ਤੇਵਰ ਦਿਖਾਏ ਜਿਨਾਂ ਨੇ ਮਨੁੱਖਤਾ ਨੂੰ ਵਲੂੰਧਰ ਕੇ ਰੱਖ ਦਿੱਤਾ। ਉਨਾਂ ਕਿਹਾ ਕਿ ਅਜਿਹੇ ਸ਼ਰਮਨਾਕ ਕਾਰਿਆਂ ਲਈ ਕਿਸੇ ਵੀ ਸੂਰਤ ’ਚ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਵੀ ਜ਼ਿੰਮੇਵਾਰ ਹੋਵੇ। 

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਸਰਕਾਰੀ ਅਫਸਰਾਂ ਨੂੰ ਧਮਕੀਆਂ ਦੇਣ ’ਤੇ ਉਸ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਉਸ ਦੀ ਇੰਨੀ ਹਿੰਮਤ ਕਿਵੇਂ ਹੋਈ? ਕੀ ਉਹ ਸੋਚਦਾ ਹੈ ਕਿ ਉਹ ਹੁਣ ਵੀ ਸੱਤਾ ’ਚ ਹੈ? ਮੁੱਖ ਮੰਤਰੀ ਨੇ ਕਿਹਾ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਭਾਜਪਾ ਨੂੰ ਕਰਾਰਾ ਸਬਕ ਸਿਖਾਉਣਗੇ। ਉਨਾਂ ਕਿਹਾ,‘‘ਇਨਾਂ ਪਾਰਟੀਆਂ ਨੂੰ ਕੰਧ ’ਤੇ ਲਿਖਿਆ ਪੜ ਲੈਣਾ ਚਾਹੀਦਾ ਹੈ।’’

ਮੁੱਖ ਮੰਤਰੀ ਨੇ ਕਿਹਾ ਕਿ ਅੰਮਿ੍ਰਤਸਰ ਤੋਂ ਭਾਜਪਾ ਉਮੀਦਵਾਰ ਕਦੀ ਵੀ ਇਸ ਹਲਕੇ ਵਿੱਚ ਨਹੀਂ ਆਇਆ। ਉਨਾਂ ਕਿਹਾ ਕਿ ਭਾਵੇਂ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ’ਚ ਉਤਾਰਨਾ ਉਸ ਪਾਰਟੀ ਦੀ ਮਰਜ਼ੀ ਹੁੰਦੀ ਹੈ ਪਰ ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਪਾਰਟੀ ਦਾ ਸੂਬੇ ਵਿੱਚ ਕੋਈ ਵਜੂਦ ਨਹੀਂ ਜਿਸ ਕਰਕੇ ਇਸ ਨੂੰ ਚੋਣ ਲੜਣ ਲਈ ਇੱਥੋਂ ਕੋਈ ਉਮੀਦਵਾਰ ਨਹੀਂ ਲੱਭਾ। 

ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੋਟਬੰਦੀ ਸਮੇਤ ਲਈ ਲੋਕ ਵਿਰੋਧੀ ਫੈਸਲਿਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਨਾਂ ਫੈਸਲਿਆਂ ਨੇ ਆਮ ਲੋਕਾਂ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਵਾਅਦਿਆਂ ਨੂੰ ਖੋਖਲਾ ਦੱਸਿਆ। ਉਨਾਂ ਕਿਹਾ ਕਿ ਐਨ.ਡੀ.ਏ. ਸਰਕਾਰ ਕਾਲਾ ਧਨ ਵਾਪਸ ਨਹੀਂ ਲਿਆ ਸਕੀ, ਹਰੇਕ ਗਰੀਬ ਦੇ ਖਾਤੇ ’ਚ 15 ਲੱਖ ਰੁਪਏ ਪਾਉਣ ਦੇ ਵਾਅਦੇ ਤੋਂ ਭੱਜ ਗਈ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਵੀ ਵਫਾ ਨਾ ਕਰ ਸਕੀ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਲਈ ਕੱਖ ਨਹੀਂ ਕੀਤਾ ਅਤੇ ਉਲਟਾ ਨੁਕਸਦਾਰ ਜੀ.ਐਸ.ਟੀ. ਲਾਗੂ ਕਰਕੇ ਛੋਟੇ ਕਾਰੋਬਾਰੀਆਂ ਦਾ ਧੰਦਾ ਵੀ ਤਬਾਹ ਕਰ ਦਿੱਤਾ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਕ ਦੇ ਹਿੱਤ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਲਈ ‘ਚੌਕੀਦਾਰ’ ਹੋਣ ਦਾ ਘੜਿਆ ਜਾ ਰਿਹਾ ਨਵਾਂ ਵਾਅਦਾ ਇੱਕ ਹੋਰ ਜੁਮਲਾ ਹੈ ਜੋ ਮੁੜ ਸੱਤਾ ਵਿੱਚ ਆਉਣ ਲਈ ਭਾਜਪਾ ਦੀ ਨਮੋਸ਼ੀ ਭਰੀ ਕੋਸ਼ਿਸ਼ ਨੂੰ ਦਰਸਾਉਂਦਾ ਹੈ।  

ਮੁੱਖ ਮੰਤਰੀ ਨੇ ਆਖਿਆ ਕਿ ਕੇਵਲ ਸਿੰਘ ਢਿੱਲੋਂ ਸਮੇਤ ਹੋਰ ਕਾਂਗਰਸੀ ਉਮੀਦਵਾਰ ਦੋ ਮੋਰਚਿਆਂ ’ਤੇ ਲੜਾਈ ਲੜ ਰਹੇ ਹਨ ਜਿਨਾਂ ਵਿੱਚ ਇਕ ਪਾਸੇ ਮੁਲਕ ਦੇ ਨਿਰਪੱਖ ਅਤੇ ਜਮਹੂਰੀ ਚਰਿੱਤਰ ਨੂੰ ਬਚਾਉਣ ਲਈ ਲੋਕ ਵਿਰੋਧੀ ਸਰਕਾਰ ਨੂੰ ਚਲਦਾ ਕਰਨਾ ਅਤੇ ਦੂਜੇ ਪਾਸੇ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਨਾ ਹੈ। 

Read more