ਚੰਡੀਗੜ ਤੋਂ ਸਿੱਧੂ ਦੀ ਪਤਨੀ ਨੂੰ ਟਿਕਟ ਤੋਂ ਨਾ ਕਰਵਾਉਣ ’ਚ ਮੇਰੀ ਕੋਈ ਭੂਮਿਕਾ ਨਹੀਂ- ਕੈਪਟਨ ਅਮਰਿੰਦਰ ਸਿੰਘ, ਹਾਲਾਂਕਿ ਬਾਂਸਲ ਵਧੀਆ ਉਮੀਦਵਾਰ

‘ਜੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ’
ਪਟਿਆਲਾ/ਖਰੜ, 16 ਮਈ: 
ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਚੰਡੀਗੜ ਤੋਂ ਟਿਕਟ ਨਾ ਦਿੱਤੇ ਜਾਣ ਦੇ ਸਬੰਧ ਵਿੱਚ ਆਪਣੀ ਕਿਸੇ ਵੀ ਤਰਾਂ ਦੀ ਭੂਮਿਕਾ ਹੋਣ ਤੋਂ ਇਨਕਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਅੰਮਿ੍ਰਤਸਰ ਅਤੇ ਬਠਿੰਡਾ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਇਸ ਤੋਂ ਨਾ ਕਰ ਦਿੱਤੀ ਸੀ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਿਕਟਾਂ ਦੀ ਵੰਡ ਦਾ ਕੰਮ ਕਾਂਗਰਸ ਹਾਈ ਕਮਾਨ ਵੱਲੋਂ ਦਿੱਲੀ ਵਿਖੇ ਕੀਤਾ ਗਿਆ ਅਤੇ ਹਾਈ ਕਮਾਨ ਨੇ ਚੰਡੀਗੜ ਤੋਂ ਚੋਣ ਲੜਣ ਸਬੰਧੀ ਟਿਕਟ ਬਾਰੇ ਨਵਜੋਤ ਕੌਰ ਦੀ ਅਰਜ਼ੀ ਨੂੰ ਪ੍ਰਵਾਨ ਨਹੀਂ ਕੀਤਾ। ਉਨਾਂ ਕਿਹਾ ਕਿ ਚੰਡੀਗੜ ਪੰਜਾਬ ਹੇਠ ਨਹੀਂ ਹੈ ਅਤੇ ਉਨਾਂ ਦੀ ਚੰਡੀਗੜ ਤੋਂ ਉਮੀਦਵਾਰ ਦੀ ਚੋਣ ਵਿਚ ਕੋਈ ਭੂਮਿਕਾ ਨਹੀਂ ਹੈ। 
ਪੱਤਰਕਾਰਾਂ ਨਾਲ ਇਕ ਗੈਰ-ਰਸਮੀ ਗੱਲਬਾਤ ਦੌਰਾਨ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਉਨਾਂ ਨੂੰ ਪਾਰਟੀ ਉਮੀਦਵਾਰ ਦੀ ਚੋਣ ਕਰਨ ਲਈ ਕਿਹਾ ਜਾਂਦਾ ਤਾਂ ਉਹ ਹਾਈਕਮਾਂਡ ਕੋਲ ਪਵਨ ਬਾਂਸਲ ਨੂੰ ਵਧੀਆ ਉਮੀਦਵਾਰ ਦੱਸਦੇ। 
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜੇ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚੋਂ ਕਾਂਗਰਸ ਦਾ ਸਫਾਇਆ ਹੋ ਜਾਂਦਾ ਹੈ ਤਾਂ ਉਹ ਇਸ ਦੀ ਜ਼ਿੰਮੇਵਾਰੀ ਲੈਣਗੇ ਅਤੇ ਅਸਤੀਫਾ ਦੇ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਵਿੱਚ ਕਾਰਗੁਜ਼ਾਰੀ ਲਈ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਜ਼ਿੰਮੇਵਾਰ ਬਣਾਇਆ ਗਿਆ ਹੈ ਅਤੇ ਉਹ ਵੀ ਉਨਾਂ ਨਾਲ ਆਪਣੀ ਜ਼ਿੰਮੇਵਾਰੀ ਸਾਂਝੀ ਕਰਨਗੇ। 
ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ/ਹਾਰ ਦੇ ਲਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਜਵਾਬਦੇਹ ਬਣਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਉਹ ਵੀ ਸੂਬੇ ਵਿੱਚ ਇਹੋ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਨ ਪਰ ਉਨਾਂ ਨੂੰ ਭਰੋਸਾ ਹੈ ਕਿ ਪੰਜਾਬ ਵਿਚੋਂ ਪਾਰਟੀ ਪੂਰੀ ਤਰਾਂ ਹੂੰਝਾ ਫੇਰੂ ਜਿੱਤ ਹਾਸਲ ਕਰੇਗੀ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੋਰਾਂ ਵਾਂਗ ਉਹ ਵੀ ਪਾਰਟੀ ਦੀ ਕਾਰਗੁਜ਼ਾਰੀ ਲਈ ਜ਼ਿੰਮੇਵਾਰ ਹਨ। ਉਨਾਂ ਕਿਹਾ, ‘‘ਜੇ ਇਨਾਂ ਚੋਣਾਂ ਵਿਚ ਪੰਜਾਬ ’ਚੋਂ ਕਾਂਗਰਸ ਦਾ ਸਫਾਇਆ ਹੋ ਜਾਂਦਾ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਮੈਂ ਕੀ ਕਰਾਂਗਾ? ਸਪੱਸ਼ਟ ਤੌਰ ’ਤੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਪ੍ਰਵਾਨ ਕਰਾਂਗਾ ਅਤੇ ਅਸਤੀਫਾ ਦੇ ਦੇਵਾਂਗਾ।’’

Read more