ਗੁ. ਪੰਜਾ ਸਾਹਿਬ ਵਿਖੇ ਵਾਪਰੇ ਹਾਦਸੇ ਨੂੰ ਦੁਖਦਾਈ ਦੱਸਦਿਆਂ ਸਿਰਸਾ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ

ਨਵੀਂ ਦਿੱਲੀ, 17 ਅਕਤੂਬਰ: ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਕੱਲ੍ਹ ਲਗੀ ਅੱਗ ਦੀ ਘਟਨਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੁਖਦਾਈ ਦੱਸਦਿਆਂ ਇਸਦੇ ਕਾਰਣਾਂ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।

        ਸ. ਸਿਰਸਾ ਨੇ ਕਿਹਾ ਕਿ 19ਵੀਂ ਸ਼ਤਾਬਦੀ ਵਿਚ ਮਹਾਰਾਜਾ ਹਰੀ ਸਿੰਘ ਨਲਵਾ ਵੱਲੋਂ ਇਸ ਬਿਲਡਿੰਗ ਨੂੰ ਬਣਵਾਇਆ ਗਿਆ ਸੀ ਅਤੇ ਪਾਕਿਸਤਾਨ ਦੀ ਪੁਰਾਤਨ ਬਿਲਡਿੰਗਾਂ ਵਿਚੋਂ ਇੱਕ ਹੈ। ਇਸ ਅੱਗ ਲੱਗਣ ਦੇ ਕਾਰਣ ਕਾਫ਼ੀ ਨੁਕਸਾਨ ਹੋਇਆ ਹੈ। ਬਿਲਡਿੰਗ ਨੂੰ ਤਾਂ ਬਚਾ ਲਿਆ ਗਿਆ ਹੈ ਪਰ ਫ਼ਿਰ ਵੀ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਪਤਾ ਲੱਗੀ ਹੈ।

ਸ. ਸਿਰਸਾ ਨੇ ਕਿਹਾ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਸੰਗਤਾਂ ਮੌਜੁਦ ਨਹੀਂ ਸਨ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਸ. ਸਿਰਸਾ ਨੇ ਇਸ ਗੱਲ ਤੇ ਵੀ ਹੇਰਾਨੀ ਜਤਾਈ ਕਿ ਇੰਨੀ ਵੱਡੀ ਅਣਗੋਲੀ ਕਿਵੇਂ ਹੋਈ, ਕਿਉਂਕਿ ਬਹੁਤ ਜਲਦੀ ਹੀ ਵੱਡੇ ਸਮਾਗਮ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਇਸ ਅਸਥਾਨ ‘ਤੇ ਹੋਣ ਵਾਲੇ ਹਨ, ਐਸੇ ਸਮੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਪ੍ਰਬੰਧਕਾਂ ਦੀ ਕਾਰਜਸ਼ੈਲੀ ‘ਤੇ ਵੱਡੇ ਪ੍ਰਸ਼ਨ ਚਿੰਨ੍ਹ ਖੜੇ ਕਰਦਾ ਹੈ। ਉਹਨਾਂ ਕਿਹਾ ਕਿ ਅਗਰ ਇਹ ਹਾਦਸਾ ਉਸ ਵੇਲੇ ਵਾਪਰਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ।

        ਸ. ਸਿਰਸਾ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕਰਕੇ ਜੋ ਵੀ ਇਸ ਲਈ ਦੋਸ਼ੀ ਹਨ ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਪਾਕਿ ਸਰਕਾਰ ਨੂੰ ਉਨ੍ਹਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਅੱਗ ਅਚਾਨਕ ਕਿਵੇਂ ਲੱਗੀ ਜਾਂ ਫ਼ਿਰ ਕਿਸੇ ਸਾਜਿਸ਼ ਦੇ ਤਹਿਤ ਅੱਗ ਲਗਾਈ ਗਈ।

Read more