ਖਹਿਰਾ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਨਹੀਂ ਬਣਨ ਦੇਵੇਗਾ: ਜਗੀਰ ਕੌਰ

ਚੰਡੀਗੜ੍ਹ/19 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਖੌਤੀ ਅਕਾਲੀ ਦਲ ਟਕਸਾਲੀ ਆਗੂ ਰਣਜੀਤ ਸਿੰਘ ਬ੍ਰ੍ਰਹਮਪੁਰਾ ਨੇ ਆਪਣੀ ਪਾਰਟੀ ਦੇ ਉਮੀਦਵਾਰ ਜਨਰਲ (ਸੇਵਾਮੁਕਤ) ਜੇ ਜੇ ਸਿੰਘ ਨੂੰ ਖਡੂਰ ਸਾਹਿਬ ਦੇ ਚੋਣ ਮੈਦਾਨ ਵਿੱਚੋਂ ਬਾਹਰ ਕਰਕੇ ਉਸ ਦੀ ਪਿੱਠ ਵਿਚ ਛੁਰਾ ਮਾਰਿਆ ਸੀ। ਹੁਣ ਉਸ ਦੀ ਆਪਣੀ ਹਾਲਤ ਬਹੁਤ ਪਤਲੀ ਹੋ ਗਈ ਹੈ, ਕਿਉਂਕਿ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਮੁਖੀ ਸੁਖਪਾਲ ਖਹਿਰਾ ਨੇ ਬ੍ਰਹਮਪੁਰਾ ਵੱਲੋ ਦਿੱਤੇ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਜਾਣ ਦੇ ਸੁਝਾਅ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਹੈ। 

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੋ ਸਲੂਕ ਬ੍ਰਹਮਪੁਰਾ ਨੇ ਜੇਜੇ ਸਿੰਘ ਨਾਲ ਕੀਤਾ ਹੈ, ਖਹਿਰਾ ਉਸ ਤੋਂ ਵੀ ਭੈੜਾ ਸਲੂਕ ਬ੍ਰਹਮਪੁਰਾ ਨਾਲ ਕਰ ਰਿਹਾ ਹੈ। ਉਹ ਬ੍ਰਹਮਪੁਰਾ ਵੱਲੋਂ ਦਿੱਤੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ ਬੀਬੀ ਖਾਲੜਾ ਨੂੰ ਆਜ਼ਾਦ ਜਾਂ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਨ ਦੇ ਸੁਝਾਅ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੱਲ੍ਹ ਆਪਣੇ ਜ਼ੱਦੀ ਇਲਾਕੇ ਚੋਹਲਾ ਸਾਹਿਬ ਵਿਖੇ ਖਾਲੜਾ ਦੇ ਹੱਕ ਵਿਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਬ੍ਰਹਮਪੁਰਾ ਨੂੰ ਖਹਿਰੇ ਅੱਗੇ ਇਸ ਦੀ ਬੇਨਤੀ ਕਰਨੀ ਪਈ ਸੀ।

ਇਹ ਮਹਿਸੂਸ ਕਰਦਿਆਂ ਕਿ ਖਹਿਰਾ ਨਾ ਸਿਰਫ ਸ਼ੁਹਰਤ  ਬਟੋਰ ਲਵੇਗਾ, ਸਗੋਂ ਗਰਮਖ਼ਿਆਲੀਆਂ ਅਤੇ ਖਾਲਿਸਤਾਨੀ ਪਰਵਾਸੀਆਂ ਕੋਲੋਂ ਮਿਲਣ ਵਾਲੇ ਪੈਸੇ ਵੀ ਹੜੱਪ ਕਰ ਜਾਵੇਗਾ, ਪਰੇਸ਼ਾਨ ਹੋਏ ਬ੍ਰਹਮਪੁਰਾ ਨੇ ਜਨਤਕ ਤੌਰ ਤੇ ਬੀਬੀ ਖਾਲੜਾ ਨੂੰ ਇਕ ਆਜ਼ਾਦ ਉਮੀਦਵਾਰ ਵਜੋਂ ਉਤਾਰੇ ਜਾਣ ਦੀ ਮੰਗ ਕੀਤੀ ਹੈ।

ਬ੍ਰਹਮਪੁਰਾ ਨੇ ਖਹਿਰਾ ਨੂੰ ਅਪੀਲ ਕੀਤੀ ਹੈ ਕਿ ਉਹ ਬੀਬੀ ਖਾਲੜਾ ਨੂੰ ਪਾਰਟੀ ਦੀ ਬੰਦਿਸ਼ ਤੋਂ ਆਜ਼ਾਦ ਕਰ ਦੇਵੇ ਅਤੇ ਉਸ ਨੂੰ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦੇਵੇ ਤਾਂ ਕਿ ਸਾਰੀਆਂ ਹਮਖ਼ਿਆਲ ਪਾਰਟੀਆਂ ਉਸ ਦਾ ਸਮਰਥਨ ਕਰ ਸਕਣ। ਇਸ ਤੋਂ ਇਲਾਵਾ ਬ੍ਰਹਮਪੁਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਪ ਕਨਵੀਨਰ ਭਗਵੰਤ ਮਾਨ ਵੀ ਇਸ ਸ਼ਰਤ ਉੱਤੇ ਬੀਬੀ ਖਾਲੜਾ ਦੀ ਹਮਾਇਤ ਕਰਨ ਵਾਸਤੇ ਰਾਜ਼ੀ ਹੋ ਗਿਆ ਹੈ ਕਿ ਉਸ ਨੂੰ ਇੱਕ ਆਜ਼ਾਦ ਜਾਂ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਖਹਿਰਾ ਕਦੇ ਵੀ ਬੀਬੀ ਖਾਲੜਾ ਨੂੰ ਇੱਕ ਆਜ਼ਾਦ ਉਮੀਦਵਾਰ ਜਾਂ ਸਾਂਝਾ ਉਮੀਦਵਾਰ ਨਹੀਂ ਬਣਨ ਦੇਵੇਗਾ, ਕਿਉਂਕਿ ਇਹ ਉਸ ਦੇ ਸੁਭਾਅ ਵਿਚ ਨਹੀਂ ਹੈ। ਇਸ ਤੋਂ ਪਹਿਲਾਂ ਮੈਂ ਇਹ ਕਿਹਾ ਸੀ ਕਿ ਬ੍ਰਹਮਪੁਰਾ ਜਨਰਲ ਜੇਜੇ ਸਿੰਘ ਨੂੰ ਧੋਖਾ ਦੇਵੇਗਾ ਅਤੇ ਦਸ ਦਿਨਾਂ ਬਾਅਦ ਹੀ ਮੇਰੀ ਗੱਲ ਸੱਚ ਸਾਬਿਤ ਹੋ ਗਈ ਸੀ ਜਦੋਂ ਬ੍ਰਹਮਪੁਰਾ ਨੇ ਜਨਰਲ ਸਾਹਿਬ ਨੂੰ ਚੋਣ ਮੈਦਾਨ ਵਿਚੋਂ ਬਾਹਰ ਕਰ ਦਿੱਤਾ ਸੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਦੁਬਾਰਾ ਕਹਿੰਦੀ ਹਾਂ ਕਿ ਖਹਿਰਾ ਕਦੇ ਵੀ ਬੀਬੀ ਖਾਲੜਾ ਨਾਲੋਂ ਪੰਜਾਬ ਏਕਤਾ ਪਾਰਟੀ ਦਾ ਚਿੰਨ੍ਹ ਹਟਣ ਨਹੀਂ ਦੇਵੇਗਾ। ਖਹਿਰਾ ਵੱਲੋਂ 24 ਘੰਟੇ ਬਾਅਦ ਵੀ ਇਸ ਮਾਮਲੇ ਉੱਤੇ ਧਾਰੀ ਚੁੱਪੀ ਇਸ ਗੱਲ ਦਾ ਸੰਕੇਤ ਹੈ ਕਿ ਬ੍ਰਹਮਪੁਰਾ ਦੇ ਸੁਝਾਅ ਨੂੰ ਰੱਦੀ ਦੀ ਟੋਕਰੀ ਵਿਚ ਸੁੱਿਟਆ ਜਾ ਚੁੱਕਾ ਹੈ। 

Read more