ਕੌਮੀ ਪੁਰਸਕਾਰਾਂ ਵਿਚ ਪੰਜਾਬ ਦੀਆਂ 11 ਪੰਚਾਇਤੀ ਰਾਜ ਸੰਸਥਾਵਾਂ ਨੇ ਬਾਜੀ ਮਾਰੀ, ਪੰਚਇਤ ਮੰਤਰੀ ਤਿ੍ਰਪਤ ਬਾਜਵਾ ਨੇ ਦਿੱਤੀ ਵਧਾਈ

ਚੰਡੀਗੜ, 19 ਸਤੰਬਰ: ਕੇਂਦਰ ਸਰਕਾਰ ਵਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਵਧੀਆ ਪ੍ਰਦਰਸ਼ਨ ਲਈ ਕੌਮੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ।ਕੇਂਦਰੀ ਪੇਂਡੂ ਵਿਕਾਸ ਵਿਭਾਗ ਵਲੋਂ ਹਰ ਸਾਲ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਅਤੇ ਨਾਨਾ ਜੀ ਦੇਸ਼ਮੁੱਖ ਰਾਸ਼ਟਰੀਆ ਗੌਰਵ ਗਰਾਮ ਸਭਾ ਪੁਰਸਕਾਰ ਦਿੱਤਾ ਜਾਂਦਾ ਹੈ।ਸਾਲ 2017-18 ਲਈ ਐਲਾਨੇ ਗਏ ਪੁਰਸਕਾਰਾਂ ਵਿਚ ਪੰਜਾਬ ਦੀਆਂ ਕੁੱਲ 11 ਪੰਚਾਇਤੀ ਰਾਜ ਸੰਸਥਾਵਾਂ ਨੇ ਕੌਮੀ ਪੁਰਕਾਰਾਂ ਵਿਚ ਬਾਜੀ ਮਾਰੀ ਹੈ। 

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਜਿੱਤਣ ਦਾ ਮਾਣ ਹਾਸਿਲ ਕਰਨ ਵਾਲੀਆਂ 11 ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੱਤੀ ਹੈ। ਇਨਾਮ ਜਿੱਤਣ ਵਾਲਿਆਂ ਵਿਚ ਸੂਬੇ ਦੀਆਂ 7 ਗ੍ਰਾਮ ਪੰਚਾਇਤਾਂ, ਇੱਕ ਗਰਾਮ ਸਭਾ, ਦੋ ਬਲਾਕ ਸੰਮਤੀਆਂ, ਇੱਕ ਜ਼ਿਲਾਂ ਪ੍ਰੀਸ਼ਦ ਸ਼ਾਮਿਲ ਹਨ।ਜਿਕਰਯੋਗ ਹੈ ਕਿ ਕੌਮੀ ਪੰਚਾਇਤ ਪੁਰਸਕਾਰਾਂ ਤਹਿਤ ਚੁਣੇ ਜਾਂਦੇ ਜ਼ਿਲਾ ਪਰਿਸ਼ਦ ਨੂੰ ਪੰਜਾਹ-ਪੰਜਾਹ ਲੱਖ ਅਤੇ ਪੰਚਾਇਤ ਸਮਿਤੀਆਂ ਨੂੰ 25-25 ਲੱਖ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਗੌਰਵ ਗ੍ਰਾਮ ਸਭਾ ਨੂੰ ਦਸ ਲੱਖ ਦੀ ਇਨਾਮੀ ਰਾਸ਼ੀ ਪੁਰਸਕਾਰ ਵਜੋਂ ਮਿਲਦੀ ਹੈ। ਪੰਚਾਇਤਾਂ ਨੂੰ ਪੰਜ ਲੱਖ ਅਤੇ ਥੀਏਮੈਟਿਕ ਲਈ ਵਾਧੂ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਦੇ ਨਾਲ ਨਾਲ ਤਿੰਨ ਲੱਖ ਦੀ ਹੋਰ ਵਾਧੂ ਰਾਸ਼ੀ ਦਿੱਤੀ ਜਾਂਦੀ ਹੈ। 

ਸ. ਬਾਜਵਾ ਨੇ ਕਿਹਾ ਹੈ, ਕਿ ਇਨਾਂ ਪੰਚਾਇਤੀ ਸੰਸਥਾਵਾਂ ਨੇ ਜਿੱਥੇ ਦੇਸ਼ ਵਿੱਚ ਪੰਜਾਬ ਦਾ ਨਾਂ ਉੱਚਾ ਕੀਤਾ ਹੈ, ਉੱਥੇ ਇਹ ਦੂਜੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਮਾਡਲ ਵਜੋਂ ਕੰਮ ਕਰਨਗੀਆਂ। ਉਨਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ। 

ਇੰਨਾਂ ਪੁਰਸਕਾਰਾਂ ਦੇ ਤਹਿਤ ਫਰੀਦਕੋਟ ਦੀ ਜ਼ਿਲਾ ਪਰਿਸ਼ਦ, ਪੰਚਾਇਤ ਸਮਿਤੀ ਰੋਪੜ ਤੇ ਰਾਜਪੁਰਾ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਮਿਲੇਗਾ।ਇਸੇ ਤਰਾਂ ਪੰਚਇਤਾਂ ਵਿਚ ਬਠਿੰਡਾ ਜ਼ਿਲੇ ਦੇ ਬਲਾਕ ਫੂਲ ਦੇ ਪਿੰਡ ਹਿੰਮਤਪੁਰਾ, ਮਾਨਸਾ ਬਲਾਕ ਦੀ ਬੁਰਜ ਰਾਠੀ, ਮਾਜਰੀ ਬਲਾਕ ਦੀ ਨੰਗਲ ਘਰੀਆਂ, ਲੁਧਿਆਣਾ ਦੀ ਦੋਬਰਜੀ, ਰੋਪੜ ਦੀ ਹਰੀਪੁਰ ਓਫ ਰੋਡਮਾਜਰਾ, ਕਪੂਰਥਲਾ ਦੀ ਖੱਸਣ ਅਤੇ ਗੁਰਦਾਸਪੁਰ ਦੀ ਛੀਨਾ ਪੰਚਾਇਤ ਨੂੰ ਦੀਨ ਦਿਆਲ ਉਪਾਧਿਆਏ ਸਸ਼ਕਤੀਕਰਨ ਪੁਰਸਕਾਰ ਮਿਲੇਗਾ।ਜਦੋਂਕਿ ਗੁਰਦਾਸਪੁਰ ਦੇ ਪਿੰਡ ਛੀਨਾ ਨੂੰ ਨਾਨਾ ਜੀ ਦੇਸ਼ਮੁੱਖ ਰਾਸ਼ਟਰੀਆ ਗੌਰਵ ਗਰਾਮ ਸਭਾ ਪੁਰਸਕਾਰ ਵੀ ਮਿਲੇਗਾ। 

Read more