ਕੈਪਟਨ ਦੀ ਢਿੱਲਮੱਠ ਅਤੇ ਮਿਲੀਭੁਗਤ ਕਾਰਨ ਦੋਸ਼ੀ ਕਾਨੂੰਨੀ ਪੈਂਤੜਿਆਂ ਦਾ ਸਹਾਰਾ ਲੈਣ ਲੱਗੇ-ਹਰਪਾਲ ਸਿੰਘ ਚੀਮਾ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਕਾਨੂੰਨੀ ਚੁਣੌਤੀ ਦਾ ਮਾਮਲਾ

ਚੰਡੀਗੜ੍ਹ, 14 ਸਤੰਬਰ 2018

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੋਸ਼ੀ ਬਾਦਲ ਪਿਤਾ-ਪੁੱਤਰ, ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਨੂੰ ਸਿੱਧੇ ਤੌਰ ‘ਤੇ ਬਚਾਉਣ ਦਾ ਦੋਸ਼ ਦੁਹਰਾਉਂਦੇ ਹੋਏ ਕਿਹਾ ਕਿ  ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਥਾਂ ਮੁੱਖ ਮੰਤਰੀ ਵੱਲੋਂ ਦਿਖਾਈ ਗਈ ਢਿੱਲ ਦਾ ਫ਼ਾਇਦਾ ਉਠਾਉਂਦੇ ਹੋਏ ਦੋਸ਼ੀਆਂ ਨੇ ਕਾਨੂੰਨੀ ਪੈਂਤੜਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਪੁਲਿਸ ਅਫ਼ਸਰਾਂ ਵੱਲੋਂ ਮਾਨਯੋਗ ਹਾਈਕੋਰਟ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਹੀ ਚੁਣੌਤੀ ਦਿੱਤੇ ਜਾਣਾ, ਕੈਪਟਨ ਦੀ ਦੋਸ਼ੀਆਂ ਪ੍ਰਤੀ ਹਮਦਰਦ ਪਹੁੰਚ ਦਾ ਨਤੀਜਾ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, ”ਅਸੀਂ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲਾਂ-ਫ਼ਰਿਆਦਾਂ ਕਰਦੇ ਆ ਰਹੇ ਹਾਂ ਕਿ ਬੇਅਦਬੀਆਂ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਵਿਰੁੱਧ ਬਿਨਾ ਦੇਰੀ ਨਵੇਂ ਸਿਰੇ ਤੋਂ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਕਿਉਂਕਿ ਪਹਿਲਾਂ ਜਸਟਿਸ ਜੋਰਾ ਸਿੰਘ ਦੀ ਰਿਪੋਰਟ ‘ਚ ਸੰਕੇਤਕ ਅਤੇ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਸਾਫ਼ ਅਤੇ ਸਪੱਸ਼ਟ ਰੂਪ ‘ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਤਾਰ ਸਿੰਘ ਬਰਾੜ, ਗਗਨਦੀਪ ਸਿੰਘ ਬਰਾੜ, ਸੁਮੇਧ ਸੈਣੀ ਅਤੇ ਕਈ ਪੁਲਿਸ ਅਫ਼ਸਰਾਂ ਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਸਖ਼ਤ ਕਾਰਵਾਈ ਲਈ ਇੱਕ ਨਹੀਂ ਅਨੇਕ ਆਧਾਰ ਅਤੇ ਤੱਥ ਸਬੂਤ ਹਨ। ਖ਼ੁਦ ਕਾਂਗਰਸੀ ਵਿਧਾਇਕ ਅਤੇ ਮੰਤਰੀ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਮੁੱਖ ਮੰਤਰੀ ਕੋਲ ਝੋਲੀਆਂ ਅੱਡ ਕੇ ਅਤੇ ਹੱਥ ਬੰਨ੍ਹ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਫ਼ਰਿਆਦ ਨੂੰ ਦੁਹਰਾ ਰਹੇ ਸਨ, ਵਾਸਤੇ ਪਾ ਰਹੇ ਸਨ, ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਰੱਤੀ ਭਰ ਵੀ ਅਸਰ ਨਹੀਂ ਹੋਇਆ। ਇਸ ਮਾਮਲੇ ‘ਚ ਕੈਪਟਨ ਸਾਹਿਬ ਨੇ ਸਾਡੀਆਂ ਦਲੀਲਾਂ-ਅਪੀਲਾਂ ਨੂੰ ਰੱਦ ਕਰ ਕੇ ਬਾਦਲਾਂ ਨਾਲ ਆਪਣੀ ਸਾਂਝ ਭਿਆਲੀ ਨਿਭਾਈ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।”

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀਆਂ ਨੂੰ ਜਾਣਬੁੱਝ ਕੇ ਖੁੱਲ੍ਹਾ ਸਮਾਂ ਦਿੱਤਾ ਜਾ ਰਿਹਾ ਹੈ। ਭੱਜ ਦੋੜ ਅਤੇ ਜੋੜ ਤੋੜ ਲਈ ਖੁੱਲ੍ਹਾ ਛੱਡਿਆ ਹੋਇਆ ਹੈ। ਗਵਾਹ ਮੁਕਰਾਏ ਜਾ ਰਹੇ ਹਨ। ਸਬੂਤ ਕਮਜ਼ੋਰ ਕੀਤੇ ਜਾ ਰਹੇ ਹਨ ਅਤੇ ਮਿਟਾਏ ਜਾ ਰਹੇ ਹਨ। ਇਹ ਸਭ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।

ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਬੱਜਰ ਗੁਨਾਹਗਾਰਾਂ ਨੂੰ ਬਚਾਉਣ ਤੋਂ ਬਾਝ ਨਾ ਆਏ ਤਾਂ ਨਾ ਸਿਰਫ਼ ਪੰਜਾਬ ਦੇ ਲੋਕਾਂ ਸਗੋਂ ਇਤਿਹਾਸ ਨੇ ਵੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਾ।

Read more