ਕੈਪਟਨ ਦੀ ਕਪਤਾਨੀ ਨੂੰ ਚੁਣੌਤੀ ਦੇਣਾ ਸਿੱਧੂ ਨੂੰ ਪਿਆ ਮਹਿੰਗਾ

 
ਚੰਡੀਗੜ੍ਹ, 21 ਜੁਲਾਈ
ਸਿਆਣੇ ਕਹਿੰਦੇ ਹਨ ਕਿ “ਇੱਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ”।  ਆਪਣੇ ਤਿੱਖੇ ਭਾਸ਼ਣਾਂ ਵਜੋਂ ਜਾਣੇ ਜਾਂਦੇ ਸਿੱਧੂ ਨੂੰ ਸੂਬੇ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਘਾਗ ਸਿਆਸਤਦਾਨ ਕੈਪਟਨ ਅਮਰਿੰਦਰ ਨਾਲ ਪੰਗਾ ਲੈਣਾ ਇੱਕ ਵਾਰ ਤਾਂ ਜ਼ਰੂਰ ਮਹਿੰਗਾ ਪੈ ਗਿਆ ਹੈ।ਸਿੱਧੂ ਕੈਪਟਨ ਕੈਬਨਿਟ ‘ਚੋਂ ਆਪਣੇ ਆਪ ਹੀ ਆਊਟ ਹੋ ਗਏ ਹਨ।  ਸਿਆਸਤ ਵਿਚ ਕੁੱਝ ਵੀ ਹੋ ਸਕਦਾ ਹੈ ਤੇ ਸਿਆਸਤ ਵਿਚ ਹਰ ਕੁੱਝ ਸੰਭਵ ਹੈ। ਹੋ ਸਕਦਾ ਹੈ ਕਿ ਸਿੱਧੂ ਦਾ ਇਹ ਫੈਸਲਾ ਉਨ੍ਹਾਂ ਲਈ ਸੋਨੇ ਉਤੇ ਸੁਹਾਗੇ ਦਾ  ਕੰਮ ਕਰ ਜਾਵੇ ਜਾਂ ਫੇਰ ਮੁੜ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਉਤੇ ਲੈ ਜਾਵੇ। 
ਸਿੱਧੂ ਦੀ ਕੈਪਟਨ ਖੇਮੇ ਦੇ ਕੁੱਝ ਵਜ਼ੀਰਾਂ ਤ੍ਰਿਪਤ ਰਾਜਿੰਦਰ ਬਾਜਵਾ, ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਨਾਲ ਸਰਕਾਰ ਵਿਚ ਵੀ ਅਕਸਰ ਹੀ ਖੜ੍ਹਕਦੀ ਰਹੀ ਹੈ। ਇਹ ਮੰਤਰੀ ਵੀ ਸਿੱਧੂ ਨੂੰ ਘੇਰਨ ਦਾ ਕਦੇ ਵੀ ਕੋਈ ਮੌਕਾ ਨਹੀਂ ਖੁੰਝਣ ਦਿੰਦੇ।
ਲਗਭਗ ਇੱਕ ਮਹੀਨਾ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਨੇ ਸਿੱਧੂ ਦਾ ਲੋਕਲ ਬਾਡੀਜ਼ ਵਿਭਾਗ ਇਹ ਕਹਿ ਕੇ ਬਦਲ ਦਿੱਤਾ ਸੀ ਕਿ ਸਿੱਧੂ ਦੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਾਰਟੀ ਨੂੰ ਸ਼ਹਿਰਾਂ ਵਿਚ ਹਾਰ ਮਿਲੀ ਹੈ। ਸਿੱਧੂ ਦੇ ਨਾਲ ਕਈ ਹੋਰਨਾਂ ਮੰਤਰੀਆ ਦੇ ਵਿਭਾਗ ਵੀ ਬਦਲੇ ਗਏ ਸਨ। ਇਸ ਤੋਂ ਬਾਅਦ ਸਿੱਧੂ ਨੇ ਕੈਪਟਨ ਵਲੋਂ ਉਨ੍ਹਾਂ ਉਤੇ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੋੜਵਾਂ ਜਵਾਬ ਦਿੰਦੇ ਹੋਏ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਰਿਪੋਰਟ ਮੀਡੀਆ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਸਥਿਤੀ ਸਪਸ਼ਟ ਕੀਤੀ ਸੀ। ਸਿੱਧੂ ਪਿਛਲੇ ਇੱਕ ਮਹੀਨੇ ਤੋਂ ਆਪਣਾ ਨਵਾਂ ਬਿਜਲੀ ਮਹਿਕਮਾ ਨਹੀਂ ਸੰਭਾਲ ਰਹੇ ਸਨ ਤੇ ਚੁੱਪ ਬੈਠੇ ਸੀ। ਦਰਅਸਲ ਸਿੱਧੂ ਵਲੋਂ ਲੰਬੀ ਵਿਚ ਫਰੈਂਡਲੀ ਮੈਚ ਸਬੰਧੀ ਦਿੱਤੇ ਭਾਸ਼ਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਨਾਰਾਜ਼ ਚੱਲ ਰਹੇ ਸਨ।  
2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਨੂੰ ਛੱਡ ਕੇ ਕਾਂਗਰਸੀ ਬਣੇ ਸਿੱਧੂ ਦੀ ਸ਼ੁਰੂ ਤੋਂ ਹੀ ਕੈਪਟਨ ਨਾਲ ਦਾਲ ਨਹੀਂ ਗਲ ਰਹੀ ਸੀ। ਚਾਹੇ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨੂੰ ਜੱਫੀ ਪਾਉਣ ਦਾ ਮਾਮਲਾ ਹੋਵੇ, ਕੌਣ ਕੈਪਟਨ-ਕਿਹੜਾ ਕੈਪਟਨ ਵਿਅੰਗਮਈ ਟਿੱਪਣੀ ਹੋਵੇ, ਪਾਵਰਫੁੱਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਸਿੰਗ ਫਸਾਉਣ ਦਾ ਮਾਮਲਾ ਹੋਵੇ, ਬਾਲਾਕੋਟ ਮਾਮਲੇ ਵਿਚ ਵੱਖਰੀ ਸੁਰ ਅਪਨਾਉਣ ਦੀ ਗੱਲ ਹੋਵੇ, ਕੇਬਲ ਮਾਫੀਆ ਖਿਲਾਫ਼ ਸਿਕੰਜ਼ਾ ਕੱਸਣ ਦਾ ਮਾਮਲਾ ਹੋਵੇ, ਅਕਾਲੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਹੋਵੇ ਜਾਂ ਫੇਰ ਲੋਕ ਸਭਾ ਚੋਣਾਂ ਦੌਰਾਨ ਲੰਬੀ ਰੈਲੀ ਵਿਚ ਆਪਣਿਆਂ ਖਿਲਾਫ਼ ਲਾਏ ਫਰੈਂਡਲੀ ਮੈਚਾਂ ਦੇ ਦੋਸ਼ਾਂ ਦਾ ਰੌਲਾ ਹੋਵੇ, ਲੋਕਲ ਬਾਡੀਜ਼ ਵਿਭਾਗ ਵਿਚ ਸੀਨੀਅਰ ਅਫਸਰਾਂ ਦੀਆਂ ਤਾਇਨਾਤੀਆਂ ਤੇ ਬਦਲੀਆਂ ਦਾ ਮਾਮਲਾ ਹੋਵੇ, ਜਲੰਧਰ ਵਿਚ ਕਾਂਗਰਸੀ ਵਿਧਾਇਕਾਂ ਦੇ ਇਲਾਕੇ ਵਿਚ ਨਜਾਇਜ਼ ਇਮਾਰਤਾਂ ਢਾਹੁਣ ਆਦਿ ਨੂੰ ਲੈ ਕੇ ਨਵਜੋਤ ਸਿੱਧੂ ਅਕਸਰ ਹੀ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ।
ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਉਤੇ ਸਿੱਧੂ ਨੂੰ ਲੋਕਲ ਬਾਡੀਜ਼ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੀ। ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਸਿੱਧੂ ਦੀ ਕੈਪਟਨ ਦੇ ਹੋਰਨਾਂ ਮੰਤਰੀਆਂ ਨਾਲ ਤਾਂ ਖੜਕਦੀ ਹੀ ਰਹਿੰਦੀ ਸੀ ਅਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਿੱਧੂ ਦੀ ਕਈ ਵਾਰ ਨੋਕਝੋਕ ਹੋਈ। ਚਾਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੀ ਗੱਲ ਹੋਵੇ ਜਾਂ ਫੇਰ ਪਾਕਿਸਤਾਨ ਵਿਚ ਕਰਤਾਰਪੁਰ ਲੰਘਾ ਖੋਲ੍ਹਣ ਦੇ ਸਮਾਗਮ ਵਿਚ ਸ਼ਾਮਲ ਹੋਣ ਦੀ ਹੋਵੇ, ਸਿੱਧੂ ਕੈਪਟਨ ਨੂੰ ਬਾਈਪਾਸ ਕਰਕੇ ਲੰਘ ਜਾਂਦੇ ਸਨ। ਕੈਪਟਨ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਅਕਸਰ ਰੋਕਦੇ ਰਹਿੰਦੇ ਸਨ। ਸਿੱਧੂ ਵੀ ਕੈਪਟਨ ਉਤੇ ਟੇਢੇ-ਮੇਢੇ ਨਾਲ ਆਪਣੇ ਕਾਮੇਡੀਅਨ ਤੇ ਸ਼ੇਅਰੋਂ-ਸ਼ਾਇਰੀ ਭਰੇ ਅੰਦਾਜ਼ ਵਿਚ ਤੰਜ਼ ਕੱਸਣ ਤੋਂ ਨਹੀਂ ਹਟਦੇ ਸਨ। ਕੈਪਟਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਇੱਕ ਵਾਰ ਜਦੋਂ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿ ਫੌਜ ਦੇ ਚੀਫ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵਾਪਸ ਵਾਹਗਾ ਬਾਰਡਰ ਉਤੇ ਪਹੁੰਚੇ ਸਨ ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਕੈਪਟਨ ਤੋਂ ਮਨਜ਼ੂਰੀ ਲੈ ਕੇ ਪਾਕਿਸਤਾਨ ਗਏ ਸੀ ਤਾਂ ਸਿੱਧੂ ਨੇ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਕਿ “ਕੌਣ ਕੈਪਟਨ-ਕਿਹੜਾ ਕੈਪਟਨ” ਮੇਰਾ ਕੈਪਟਨ ਤਾਂ  ਰਾਹੁਲ ਗਾਂਧੀ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਨਾਲ ਕਾਫ਼ੀ ਸਮਾਂ ਨਾਰਾਜ਼ ਰਹੇ।
ਕੈਪਟਨ ਨਾਲ ਸੁਲ੍ਹਾ ਕਰਨ ਸਿੱਧੂ ਆਖ਼ਰ ਪਾਕਿਸਤਾਨ ਤੋਂ ਲਿਆਂਦਾ ਕਾਲਾ ਤਿੱਤਰ ਤੋਹਫ਼ੇ ਵਜੋਂ ਭੇਂਟ ਕਰਨ ਉਨ੍ਹਾਂ ਦੇ ਘਰ ਗਏ। ਸਿੱਧੂ ਨੇ ਕੈਪਟਨ ਨੂੰ ਪਿਤਾ ਸਾਮਾਨ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਟਿੱਪਣੀ ਉਨ੍ਹਾਂ ਦੇ ਖ਼ਿਲਾਫ ਕੋਈ ਟਿੱਪਣੀ ਨਹੀਂ ਕੀਤੀ ਸੀ ਸਗੋਂ ਮੀਡੀਆ ਨੇ ਤਰੋੜ-ਮਰੋੜ ਕੇ ਉਸ ਨੂੰ ਪੇਸ਼ ਕੀਤਾ ਹੈ। ਦੋਹਾਂ ਵਿਚਕਾਰ ਇੱਕ ਵਾਰ ਸੁਲ੍ਹਾ ਸਫ਼ਾਈ ਹੋ ਗਈ ਅਤੇ ਕੈਪਟਨ ਮੰਨ ਗਏ।
ਇੱਥੇ ਹੀ ਬੱਸ ਨਹੀਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੇਅਰਮੈਨ ਦੇ ਅਹੁਦੇ ਦੀ ਅਤੇ ਸਿੱਧੂ ਦੇ ਵਕੀਲ ਮੁੰਡੇ ਨੂੰ ਸਹਾਇਕ ਐਡਵੋਕੇਟ ਜਨਰਲ ਦੇ ਅਹੁਦੇ ਦੀ ਨੌਕਰੀ ਦੀਆਂ ਪੇਸ਼ਕਸ਼ਾਂ ਦੀ ਸਿਆਸੀ ਰਣਨੀਤੀ ਵੀ ਉਦੋਂ ਫੇਲ੍ਹ ਹੋ ਗਈ ਜਦੋਂ ਸਿੱਧੂ ਨੇ ਆਪਣੇ ਪਰਿਵਾਰ ਲਈ ਕੋਈ ਵੀ ਅਹੁਦਾ ਲੈਣ ਤੋਂ ਸਾਫ਼ ਨਾਂਹ ਕਰ ਦਿੱਤੀ। ਇਨ੍ਹਾਂ ਦੋਵੇਂ ਪੇਸ਼ਕਸ਼ਾਂ ਕਰਾਉਣ ਪਿੱਛੇ ਕੈਪਟਨ ਦੇ ਚਹੇਤੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਵੱਡੀ ਭੂਮਿਕਾ ਦੱਸੀ ਜਾਂਦੀ ਹੈ।
ਪਿੱਛੇ ਜਿਹੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਲਾਕੋਟ ਹਮਲੇ ਦੇ ਸਬੰਧ ਵਿਚ ਨਵਜੋਤ ਸਿੱਧੂ ਵਲੋਂ ਪਾਕਿਸਤਾਨ ਸਬੰਧੀ ਦਿੱਤਾ ਗਿਆ ਨਰਮ ਬਿਆਨ ਵੀ ਵਿਵਾਦਾਂ ਵਿਚ ਘਿਰਿਆ ਰਿਹਾ। ਕੈਪਟਨ ਅਮਰਿੰਦਰ ਸਿੰਘ ਸਮੇਤ ਕੈਪਟਨ ਖੇਮੇ ਦੇ ਕਈ ਮੰਤਰੀਆਂ ਨੇ ਸਿੱਧੂ ਦੇ ਬਿਆਨ ਉਤੇ ਤਿੱਖੇ ਇਤਰਾਜ਼ ਜਿਤਾਏ ਸਨ। ਸਿੱਧੂ ਨੇ ਕਿਹਾ ਸੀ ਕਿ ਕਿ ਕੁੱਝ ਸਮਾਜ ਵਿਰੋਧੀ ਅਨਸਰਾਂ ਦੀਆਂ ਮਾੜੀਆਂ ਕਰਤੂਤਾਂ ਕਾਰਨ ਪੂਰੇ ਪਾਕਿਸਤਾਨ ਮੁਲਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੋ ਵੀ ਇਸ ਹਮਲੇ ਵਿਚ ਪਾਕਿਸਤਾਨੀ ਅੱਤਵਾਦੀ ਦੋਸ਼ੀ ਹਨ ਉਨ੍ਹਾਂ ਨੂੰ ਲੱਭ ਕੇ ਠੋਕ ਦੇਣਾ ਚਾਹੀਦਾ ਹੈ। ਸਿੱਧੂ ਆਪਣੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਨਾਲ-ਨਾਲ ਆਪਣਿਆਂ ਦੇ ਨਿਸ਼ਾਨੇ ਉਤੇ ਵੀ ਰਹੇ।
ਪਿਛਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਵੀ ਨਵਜੋਤ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਦਾ ਮੁੱਦਾ ਵੀ ਗੂੰਜਿਆ। ਬਾਲਾਕੋਟ ਮਾਮਲੇ ਵਿਚ ਸਿੱਧੂ ਦੇ ਬਿਆਨ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਅਕਾਲੀਆਂ ਵਿਚਕਾਰ ਤਿੱਖੀ ਨੋਕਝੋਕ ਹੋਈ ਸੀ। ਪਾਕਿਸਤਾਨੀ ਅੱਤਵਾਦੀ ਵਲੋਂ ਕੀਤੇ ਗਏ ਦਹਿਸ਼ਤਗਰਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਦੇ ਮਾਮਲੇ ਵਿਚ ਸਿੱਧੂ ਅਕਾਲੀਆਂ ਦੇ ਨਿਸ਼ਾਨੇ ਉਤੇ ਰਹੇ। ਸਿੱਧੂ ਨੇ ਬਿਆਨ ਦਿੱਤਾ ਸੀ ਕਿ “ਅੱਤਵਾਦ ਦਾ ਕੋਈ ਧਰਮ ਤੇ ਮਜ੍ਹਬ ਨਹੀਂ ਹੁੰਦਾ”। ਕੁੱਝ ਮਨੁੱਖਤਾ ਦੇ ਦੁਸ਼ਮਣ ਦਹਿਤਸ਼ਤਗਰਦਾਂ ਦੇ ਕਾਰਨ ਕਿਸੇ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇਸ ਬਿਆਨ ਨੂੰ ਲੈ ਕੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ਉਤੇ ਆ ਗਏ ਸਨ।
ਕਰਤਾਰਪੁਰ ਲਾਂਘੇ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਦੇ ਚੱਲਦੇ, ਪਾਕਿ ਆਰਮੀ ਚੀਫ ਜਨਰਲ ਬਾਜਵਾ ਨੂੰ ਜੱਫੀ ਪਾਉਣ ਨੂੰ ਲੈ ਕੇ ਸਿੱਧੂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਸਮੇਂ ਟੀਕਾ ਟਿੱਪਣੀ ਕੀਤੀ ਸੀ ਜਦੋਂ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ। ਮੋਦੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਦਾ ਨਾਮ ਲਏ ਵਗੈਰ ਇਸ਼ਾਰਾ ਕਰਕੇ ਟੇਢੇ ਢੰਗ ਨਾਲ ਟਿੱਪਣੀ ਕਰਦਿਆਂ ਕਿਹਾ ਕਿ ਕਿ ਪੰਜਾਬ ਦੇ ਇੱਕ ਮੰਤਰੀ ਨੇ ਪਾਕਿਸਤਾਨ ਵਿਚ ਜਾ ਕੇ ਪਿੱਠ ਲਵਾ ਦਿੱਤੀ ਹੈ। 
ਪੰਜਾਬ ਮੰਤਰੀ ਮੰਡਲ ਵਿਚ ਨਵਜੋਤ ਸਿੰਘ ਦਾ ਇੱਕਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੀ 36 ਦਾ ਅੰਕੜਾ ਨਹੀਂ ਰਹਿੰਦਾ ਸੀ ਸਗੋਂ ਕੈਪਟਨ ਖੇਮੇ ਦੇ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਬ੍ਰਹਮ ਮਹਿੰਦਰਾ ਸਮੇਤ ਕਈ ਹੋਰਨਾਂ ਨਾਲ ਵੀ ਕਈ ਵਾਰ ਟੀਕਾ-ਟਿੱਪਣੀਆਂ ਹੁੰਦੀਆਂ ਰਹਿੰਦੀਆਂ ਸਨ। ਖਾਸ ਕਰਕੇ ਸਿੱਧੂ ਦੀ ਕੈਪਟਨ ਦੇ ਚਹੇਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਵੀ ਕਈ ਟੇਢੇ-ਵਿੰਗੇ ਢੰਗ ਨਾਲ ਖੜਕਦੀ ਰਹੀ। 
ਇੱਥੇ ਇਹ ਦੱਸਣਯੋਗ ਹੈ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਨਵਜੋਤ ਸਿੱਧੂ ਦੀ ਕਈ ਵਾਰ ਖੜਕੀ ਸੀ। ਇੱਕ ਵਾਰ ਜਦੋਂ ਸੂਬੇ ਵਿਚ ਰੇਤਾ-ਬੱਜ਼ਰੀ ਦੀ ਕੀਮਤਾਂ ਕੰਟਰੋਲ ਕਰਨ ਲਈ ਠੋਸ ਨੀਤੀ ਬਣਾਈ ਲਈ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਤੇ ਹੋਰਨਾਂ ਮੰਤਰੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਉਚ ਪੱਧਰੀ ਕਮੇਟੀ ਬਣਾਈ ਸੀ ਤਾਂ ਉਸ ਸਮੇਂ ਵੀ ਆਪਸੀ ਚੌਧਰ ਨੂੰ ਲੈ ਕੇ ਬਾਜਵਾ ਤੇ ਸਿੱਧੂ ਵਿਚਕਾਰ ਨੋਕਝੋਕ ਹੋਈ ਸੀ। ਸਿੱਧੂ ਕਮੇਟੀ ਦੇ ਰੇਤਾ-ਬੱਜ਼ਰੀ ਸਬੰਧੀ ਬਣਾਈ ਕਮੇਟੀ ਦੇ ਚੇਅਰਮੈਨ ਸਨ। ਸਿੱਧੂ-ਬਾਜਵਾ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੇ ਤੇਲੰਗਾਨਾ ਮਾਡਲ ਸਮੇਤ ਹੋਰ ਸੁਧਾਰਾਂ ਦੀ ਪੜਚੋਲ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਸੀ। ਸਿੱਧੂ ਰੇਤਾ-ਬੱਜ਼ਰੀ ਦੇ ਮਾਮਲੇ ਵਿਚ ਪੰਜਾਬ ਅੰਦਰ ਤੇਲੰਗਾਨਾ ਸੂਬੇ ਦੀ ਸਰਕਾਰ ਦਾ ਮਾਡਲ ਲਾਗੂ ਕਰਨਾ ਚਾਹੁੰਦੇ ਸਨ। ਉਚ ਪੱਧਰੀ ਕਮੇਟੀ ਨੇ ਸਾਰੀ ਰਿਪੋਰਟ ਜਦੋਂ ਤਿਆਰ ਕਰ ਲਈ ਸੀ ਤਾਂ ਨਵਜੋਤ ਸਿੱਧੂ ਨੇ ਤ੍ਰਿਪਤ ਬਾਜਵਾ ਨੂੰ ਬਾਈਪਾਸ ਕਰਕੇ ਸਿੱਧੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਮੇਟੀ ਦੀ ਰਿਪੋਰਟ ਸੌਂਪ ਦਿੱਤੀ ਸੀ। ਇਸ ਉਤੇ ਤ੍ਰਿਪਤ ਰਾਜਿੰਦਰ ਬਾਜਵਾ ਸਿੱਧੂ ਨਾਲ ਕਾਫੀ ਨਿਰਾਸ਼ ਹੋਏ ਸਨ ਅਤੇ ਉਨ੍ਹਾਂ ਇਸਦੀ ਜ਼ੁਬਾਨੀ-ਕਲਾਮੀ ਸ਼ਿਕਾਇਤ ਵੀ ਮੁੱਖ ਮੰਤਰੀ ਨੂੰ ਕੀਤੀ ਸੀ। 
ਸਿੱਧੂ ਦੇ ਕੈਪਟਨ ਕੈਬਨਿਟ ‘ਚੋਂ  ਆਊਟ ਹੋਣ ਨਾਲ ਪੰਜਾਬ ਦੀ ਸਿਆਸਤ ਇੱਕ ਵਾਰ ਗਰਮਾ ਗਈ ਹੈ। ਇੱਕ ਪਾਸੇ ਜਿੱਥੇ ਕੈਪਟਨ ਧੜ੍ਹਾ ਬਾਗੋਬਾਗ ਦਿਖਾਈ ਦੇ ਰਿਹਾ ਹੈ ਉਥੇ ਹੀ ਪੰਜਾਬ ਦੇ ਕਾਂਗਰਸੀਆਂ ਦੋ ਧੜ੍ਹੇ ਵੀ ਸਿੱਧੂ ਦੇ ਫੈਸਲੇ ਨੂੰ ਅੰਦਰਖਾਤੇ ਦੱਬੀ ਜ਼ੁਬਾਨ ਵਿਚ ਸਹੀ ਠਹਿਰਾ ਰਹੇ ਹਨ। ਇੱਕ ਧੜ੍ਹਾ ਅੰਦਰੋਂ-ਅੰਦਰੀ ਸਿੱਧੂ ਦੀ ਹਮਾਇਤ ਕਰ ਰਿਹਾ ਹੈ। ਉਧਰ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਦੇ ਆਗੂਆਂ ਵਲੋਂ ਨਵਜੋਤ ਸਿੱਧੂ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਪੋਂ-ਆਪਣੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।ਅਕਾਲੀ ਆਗੂ ਵੀ ਸਿੱਧੂ ਅਤੇ ਕੈਪਟਨ ਵਿਚਕਾਰ ਚੱਲ ਰਹੇ ਖੜਕੇ-ਦੜਕੇ ਤੋਂ ਖੁਸ਼ ਹਨ।
 

Read more