ਕੈਪਟਨ ਦਾ ਵਜ਼ੀਰ ਵਿਵਾਦਾਂ ‘ਚ : ਮੰਤਰੀ ਨੇ ਆਈਏਐਸ ਮਹਿਲਾ ਅਧਿਕਾਰੀ ਨੂੰ ਭੇਜੇ ਗਲਤ ਮੈਸੇਜ਼–ਅਫਸਰਸ਼ਾਹੀ ਤੇ ਸਿਆਸੀ ਹਲਕਿਆਂ ‘ਚ ਮੱਚਿਆ ਹੜਕੰਪ

PunjabUpdate.Com

ਚੰਡੀਗੜ੍ਹ, 24 ਨਵੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਸੀਨੀਅਰ ਆਈਏਐਸ ਮਹਿਲਾ ਅਧਿਕਾਰੀ ਨੂੰ ਗਲਤ ਮੈਸੇਜ਼ ਭੇਜਣ ਦੇ ਮਾਮਲੇ ਵਿਚ ਕਸੂਤਾ ਘਿਰ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਸਰਕਾਰ ਅਤੇ ਕਾਂਗਰਸ ਪਾਰਟੀ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ਉਤੇ ਆ ਗਈ ਹੈ ਉਥੇ ਹੀ ਸੂਬੇ ਦੀ ਅਫਸਰਸ਼ਾਹੀ ਤੇ ਸਿਆਸਤ ਵਿਚ ਤਰਥੱਲੀ ਮੱਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਮੰਤਰੀ ਦਾ ਨਾਮ ਵਿਵਾਦ ‘ਚ ਘਿਰਿਆ ਹੈ ਉਹ ਇਸ ਸਮੇਂ ਪੰਜਾਬ ਤੋਂ ਬਾਹਰ ਵਿਦੇਸ਼ ਗਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਅਫਸਰ ਨੇ ਮੰਤਰੀ ਵਲੋਂ ਮੋਬਾਇਲ ਉਤੇ ਗਲਤ ਮੈਸੇਜ਼ ਭੇਜਣ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਵੀ ਕੀਤੀ ਸੀ ਪ੍ਰੰਤੂ ਮੰਤਰੀ ਆਪਣੀਆਂ ਹਰਕਤ ਤੋਂ ਬਾਜ਼ ਨਹੀਂ ਆਇਆ। ਇਸ ਮੰਤਰੀ ਵਲੋਂ ਮੁੜ ਮਹਿਲਾ ਅਫਸਰ ਨੂੰ ਮੈਸੇਜ਼ ਭੇਜਣ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ ਹੈ।

ਮੇਰੇ ਧਿਆਨ ‘ਚ ਆਇਆ ਸੀ ਮਾਮਲਾ : ਮੁੱਖ ਮੰਤਰੀ
ਮੁੱਖ ਮੰਤਰੀ ਜੋ ਕਿ ਇਸ ਸਮੇਂ ਵਿਦੇਸ਼ ਦੌਰੇ ਉਤੇ ਗਏ ਹੋਏ ਹਨ, ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਕ ਮੰਤਰੀ ਵੱਲੋਂ ਮਹਿਲਾ ਸਰਕਾਰੀ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਫ਼ਸਰ ਦੀ ਸੰਤੁਸ਼ਟੀ ਅਨੁਸਾਰ ਇਹ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ।  ਮੁੱਖ ਮੰਤਰੀ ਨੇ ਕਿਹਾ ਕਿ  ”ਇਹ ਮਾਮਲਾ ਕੁਝ ਹਫਤੇ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਮੈਂ ਮੰਤਰੀ ਨੂੰ ਮੁਆਫੀ ਮੰਗਣ ਅਤੇ ਮਹਿਲਾ ਅਫ਼ਸਰ ਨਾਲ ਇਸ ਮਾਮਲੇ ਨੂੰ ਨਿਪਟਾਉਣ ਲਈ ਆਖਿਆ ਸੀ। ਮੈਂ ਸਮਝਦਾ ਹਾਂ ਕਿ ਅਫਸਰ ਦੀ ਸੰਤੁਸ਼ਟੀ ਮੁਤਾਬਕ ਮੰਤਰੀ ਨੇ ਅਜਿਹਾ ਹੀ ਕੀਤਾ ਜਿਸ ਕਰਕੇ ਮਾਮਲਾ ਸੁਲਝ ਗਿਆ ਹੈ।”

ਮਾਮਲਾ ਰਾਹੁਲ ਦੇ ਦਰਬਾਰ ‘ਚ ਪੁੱਜਾ, ਮੰਗੀ ਰਿਪੋਰਟ
ਕਾਂਗਰਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਪਟਨ ਤੋਂ ਬਾਅਦ ਹੁਣ ਰਾਹੁਲ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਸੂਤਰਾਂ ਦਾ ਕਹਿਣਾ  ਹੈ ਕਿ  ਰਾਹੁਲ ਗਾਂਧੀ ਨੇ ਮੁੱਖ ਮੰਤਰੀ ਤੋਂ ਇਸ ਸਬੰਧੀ ਰਿਪੋਰਟ ਮੰਗੀ ਹੈ।   ਕੈਪਟਨ ਇਜ਼ਰਾਈਲ ਦੀ ਯਾਤਰਾ ਉਤੇ ਹਨ ਇਸ  ਲਈ ਸਬੰਧਿਤ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਉਨ੍ਹਾਂ ਦੇ ਵਾਪਸ  ਆਉਣ ਉਤੇ ਹੀ ਹੋਵੇਗੀ। ਬੁੱਧਵਾਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਵੀ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਸ ਸਬੰਧ ਮੀਟਿੰਗ ਕੀਤੀ।  ਸੂਤਰਾਂ ਦਾ ਕਹਿਣਾ ਹੈ ਕਿ ਇਸ  ਮਾਮਲੇ ਵਿਚ ਮਹਿਲਾ ਆਈਏਐਸ ਅਧਿਕਾਰੀ ਨੂੰ ਬੁਲਾਇਆ ਜਾ ਰਿਹਾ ਹੈ।

ਮਹਿਲਾ ਅਧਿਕਾਰੀ ਨੇ ਕੀਤੀ ਸੀ ਸ਼ਿਕਾਇਤ
ਇੱਕ ਸੀਨੀਅਰ ਆਈਏਐਸ ਅਧਿਕਾਰੀ ਦੀ ਪਤਨੀ ਅਤੇ ਖੁਦ  ਇੱਕ ਸੀਨੀਅਰ ਆਈਏਐਸ ਅਫਸਰ ਨੇ ਸਰਕਾਰ ਦੇ ਇੱਕ ਮੰਤਰੀ ਵਲੋਂ ਗਲਤ ਮੈਸੇਜ ਭੇਜਣ ਦੇ ਮਾਮਲੇ ਦੀ ਸ਼ਿਕਾਇਤ ਕਾਫ਼ੀ ਸਮਾਂ ਪਹਿਲਾਂ ਮੁੱਖ ਮੰਤਰੀ ਨੂੰ ਮਿਲ ਕੇ  ਕੀਤੀ ਸੀ। ਮੁੱਖ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਮੰਤਰੀ ਝਾੜਝੰਬ ਕਰਦੇ ਹੋਏ ਮਹਿਲਾ ਅਫਸਰ ਤੋਂ ਮੁਆਫੀ ਮੰਗਣ ਲਈ ਕਿਹਾ ਸੀ। ਕੁੱਝ  ਸਮੇਂ ਤੱਕ ਮਾਮਲਾ ਠੰਡਾ  ਹੋ ਗਿਆ ਸੀ ਪ੍ਰੰਤੂ ਮੰਤਰੀ ਵਲੋਂ ਇੱਕ ਵਾਰ ਫੇਰ ਰਾਤ ਨੂੰ ਮੈਸੇਜ ਭੇਜਣ ਨਾਲ ਮੁੜ ਭਾਂਬੜ ਮਚ ਗਿਆ ਹੈ।

ਪੁਲਿਸ ਸ਼ਿਕਾਇਤ ਕਰਨਾ ਚਾਹੁੰਦੀ ਸੀ ਅਫਸਰ
ਮਹਿਲਾ ਆਈਏਐਸ ਅਫਸਰ ਇਸ ਗੱਲ ਨੂੰ ਲੈ ਕੇ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਵਾਉਣਾ ਚਾਹੁੰਦੀ ਸੀ ਪ੍ਰੰਤੂ ਕੁੱਝ ਅਫਸਰਾਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਰੁਕ ਗਈ ਸੀ। ਮੁੱਖ ਮੰਤਰੀ ਨੇ  ਵਿਦੇਸ਼ ਦੌਰੇ ਤੋਂ 1 ਨਵੰਬਰ ਨੂੰ ਵਾਪਸ ਆਉਣਾ ਹੈ। ਵਿਰੋਧੀਆਂ ਵਲੋਂ ਲਗਾਤਾਰ ਮੁੱਖ  ਮੰਤਰੀ ਤੇ ਕਾਂਗਰਸ ਉਤੇ ਮੰਤਰੀ ਦਾ ਅਸਤੀਫਾ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅਫਸਰਸ਼ਾਹੀ ਵਿਚ ਵੀ ਮੰਤਰੀ ਦੀ ਇੱਕ ਹਰਕਤ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

ਪੀੜਤ ਅਧਿਕਾਰੀ ਨੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
ਮਹਿਲਾ ਆਈਏਐਸ ਅਧਿਕਾਰੀ ਵੀ ਇਸ ਮਾਮਲੇ ਉਤੇ ਮੀਡੀਆ ਕੋਲ ਅਧਿਕਾਰਤ ਤੌਰ ਉਤੇ  ਕੁੱਝ ਬੋਲਣ ਲਈ ਤਿਆਰ ਨਹੀਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਨੇ ਮਹਿਲਾ ਅਧਿਕਾਰੀ ਨੂੰ ਕਾਫੀ ਸਮਾਂ ਪਹਿਲਾਂ ਵੀ ਮੈਸੇਜ਼ ਭੇਜੇ  ਸਨ ਤਦ ਇਸ ਅਫਸਰ ਨੇ ਪਹਿਲਾਂ ਮੰਤਰੀ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਪ੍ਰੰਤੂ ਜਦੋਂ ਮੰਤਰੀ ਨਹੀਂ ਮੰਨੇ ਅਤੇ ਉਨ੍ਹਾਂ ਨੇ ਮੈਸੇਜ ਭੇਜਣੇ ਜਾਰੀ ਰੱਖੇ  ਤਾਂ ਮਹਿਲਾ ਆਈਏਐਸ ਅਫਸਰ ਨੇ ਮੁੱਖ ਮੰਤਰੀ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਸੀ।

ਮੰਤਰੀ ਦੇ ਮਹਿਕਮੇ ‘ਚ ਤੈਨਾਤ ਨਹੀਂ ਹੈ ਮਹਿਲਾ ਅਫਸਰ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਹਿਲਾ ਆਈਏਐਸ ਅਫਸਰ ਇਸ ਮੰਤਰੀ ਦੇ ਮਹਿਕਮੇ ਵਿਚ ਤੈਨਾਤ ਨਹੀਂ ਹੈ ਅਤੇ ਕਿਸੇ ਹੋਰ ਮਹਿਕਮੇ ਵਿਚ ਤੈਨਾਤ ਹੈ। ਮੰਤਰੀ ਇਸ ਅਫਸਰ ਨੂੰ ਆਪਣੇ ਮਹਿਕਮੇ ਵਿਚ ਲਿਆਉਣਾ ਚਾਹੁੰਦਾ ਸੀ ਪ੍ਰੰਤੂ ਉਸ ਨੇ ਮੰਤਰੀ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦੇ ਬਾਵਜੂਦ ਮੰਤਰੀ ਉਸ ਨੂੰ ਮੈਸੇਜ਼ ਕਰਨ ਤੋਂ ਬਾਜ਼ ਨਹੀਂ ਆਇਆ।

Read more