ਕੈਨੇਡਾ ਸਰਕਾਰ ਵਲੋਂ ਦਹਿਸ਼ਤਗਰਦੀ ਬਾਰੇ ਰਿਪੋਰਟ ‘ਚੋਂ ‘ਸਿੱਖ ਅਤਿਵਾਦ’ ਸ਼ਬਦ ਹਟਾਉਣਾ ਦਰੁਸਤ ਫੈਸਲਾ: ਦਮਦਮੀ ਟਕਸਾਲ

ਮਹਿਤਾ ਚੌਕ / ਅਮ੍ਰਿਤਸਰ 14 ਅਪ੍ਰੈਲ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੈਨੇਡੀਅਨ ਸਰਕਾਰ ਵਲੋਂ ਦਹਿਸ਼ਤਗਰਦੀ ਬਾਰੇ ਰਿਪੋਰਟ ਸਾਲ 2018 ਵਿਚ ਦਰਜ ਇਤਰਾਜਯੋਗ ਲਬਜ ‘ਸਿਖ ਅਤਿਵਾਦ’ ਸ਼ਬਦ ਨੂੰ ਮਨਫੀ ਕਰਨ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤੇ ਗਏ ਐਲਾਨ ਨੂੰ ਦਰੁਸਤ ਫੈਸਲਾ ਕਰਾਰ ਦਿੰਦਿਆਂ ਭਰਪੂਰ ਸਵਾਗਤ ਕੀਤਾ ਹੈ।  ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਉਕਤ ਰਿਪੋਰਟ ਵਿਚੋਂ ‘ਸਿੱਖ ਅਤਿਵਾਦ’ ਵਰਗੇ ਇਤਰਾਜ਼ਯੋਗ ਲਬਜ਼ ਨੂੰ ਹਟਾਉਣ ਲਈ ਸਿੱਖ ਭਾਈਚਾਰੇ ਵਲੋਂ ਜੋਰਦਾਰ ਮੰਗ ਉਠਾਈ ਜਾ ਰਹੀ ਸੀ। ਉਕਤ ਵਰਤਾਰੇ ਨਾਲ ਸਿਖ ਭਾਈਚਾਰੇ ਬਾਰੇ ਕੀਤੇ ਗਏ ਗਲਤ ਬਿਆਨੀ/ ਜ਼ਿਕਰ ਨਾਲ ਕੈਨੇਡੀਅਨ ਲੋਕਾਂ ਦੇ ਮਨਾਂ ਵਿਚ ਸਿਖ ਭਾਈਚਾਰੇ ਪ੍ਰਤੀ ਕਈ ਸਵਾਲ ਅਤੇ ਨਸਲੀ ਨਫਰਤ ਤੋਂ ਇਲਾਵਾ ਭੜਕਾਹਟ ਪੈਦਾ ਹੋਣ ਦੀਆਂ ਸੰਭਾਵਨਾਵਾਂ ਸਨ। ਨਜੀਤੇ ਵਜੋਂ ਇਕ ਖਾਸ ਵਰਗ ‘ਤੇ ਨਿਊਜੀਲੈਡ ਵਿਚ ਕੀਤੇ ਗਏ ਹਮਲੇ ਵਰਗੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਸਕਦੀਆਂ ਸਨ। ਉਹਨਾਂ ਕਿਹਾ ਕਿ ਸਿੱਖ ਇਕ ਅਮਨ ਪਸੰਦ ਕੌਮ ਹੈ ਅਤੇ ਇਸ ਦਾ ਕੈਨੇਡਾ ਦੀ ਖੁਸ਼ਹੀਲੀ ਅਤੇ ਤਰਕੀ ਲਈ ਅਹਿਮ ਯੋਗਦਾਰ ਰਿਹਾ ਹੈ। ਉਹਨਾਂ ਕਿਹਾ ਕਿ ਅਤੀਤ ਦੌਰਾਨ ਵੀ ਕੈਨੇਡਾ ਨੇ ਸਿਖਾਂ ਨਾਲ ਚੰਗੇ ਰਿਸ਼ਤੇ ਬਣਾਏ ਹਨ ਅਤੇ ਇਸ ਵਾਰ ਦਾ ਪ੍ਰਧਾਨ ਮੰਤਰੀ ਟਰੂਡੋ ਸਰਕਾਰ ਦਾ ਉਕਤ ਫੈਲਸਾ ਸਿੱਖ ਭਾਈਚਾਰੇ ‘ਚ ਕੈਨੇਡੀਅਨ ਸਰਕਾਰ ਪ੍ਰਤੀ ਵਿਸ਼ਵਾਸਯੌਗਤਾ ਨੂੰ ਹੋਰ ਮਜਬੂਤੀ ਪ੍ਰਦਾਨ ਕਰੇਗੀ।  ਉਕਤ ਐਲਾਨ ਦਾ ਸਵਾਗਤ ਕਰਨ ਵਾਲਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਤੋਂ ਇਲਾਵਾ ਭਾਈ ਅਜੈਬ ਸਿੰਘ ਅਭਿਆਸੀ, ਭਾਈ ਹਰਦੀਪ ਸਿੰਘ ਅਨੰਦਪੁਰ, ਭਾਈ ਸੁਖਦੇਵ ਸਿੰਘ ਅਨੰਦਪੁਰ ਅਤੇ ਪ੍ਰੋ: ਸਰਚਾਂਦ ਸਿੰਘ ਵੀ ਸ਼ਾਮਿਲ ਹਨ। 

Read more