ਕੁੰਡੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ …’ਇੱਕ ਮਿਆਨ ‘ਚ ਨਹੀਂ ਰਹਿ ਸਕਦੀਆਂ ਦੋ ਤਲਵਾਰਾਂ’-ਕੈਪਟਨ ਦੇ ਦਰਬਾਰ ‘ਚ ਨਹੀਂ ਚੱਲ ਸਕੀ ਸਿੱਧੂ ਦੀ “ਠੋਕੋ ਤਾਲੀ”


-ਪਾਕਿ ਚੀਫ ਨਾਲ ਜੱਫ਼ੀ, ਕੌਣ ਕੈਪਟਨ ਤੇ ਫਰੈਂਡਲੀ ਮੈਚ ਦੇ ਬਿਆਨਾਂ ਕਰਕੇ ਰਹੇ ਵਿਵਾਦਾਂ ‘ਚ 

-ਸਿੱਧੂ ਦੇ ਅਸਤੀਫੇ ਨਾਲ ਗਰਮਾਏਗੀ ਪੰਜਾਬ ਦੀ ਸਿਆਸਤ
-ਤ੍ਰਿਪਤ ਬਾਜਵਾ, ਧਰਮਸੋਤ ਸਮੇਤ ਕਈ ਮੰਤਰੀਆਂ ਨਾਲ ਫਸਦੇ ਰਹੇ ਸਿੰਙ
ਗੁਰਵਿੰਦਰ ਸਿੰਘ 
ਚੰਡੀਗੜ੍ਹ, 15 ਜੁਲਾਈ
ਸਿਆਣੇ ਕਹਿੰਦੇ ਹਨ ਕਿ “ਇੱਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ”। ਢਾਈ ਸਾਲ ਪਹਿਲਾਂ ਭਾਜਪਾ ਛੱਡ ਕੇ  ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਉਘੇ ਕ੍ਰਿਕਟਰ, ਕਾਮੇਡੀਅਨ ਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਆਖ਼ਰ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵਿਚੋਂ ਅਸਤੀਫਾ ਦੇ ਕੇ ਬਾਹਰ ਹੋਣ ਦਾ ਮਨ ਬਣਾ ਲਿਆ ਹੈ। ਆਪਣੇ ਤਿੱਖੇ ਭਾਸ਼ਣਾਂ ਵਜੋਂ ਜਾਣੇ ਜਾਂਦੇ ਸਿੱਧੂ ਨੂੰ ਸੂਬੇ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਘਾਗ ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਨਾਲ ਪੰਗਾ ਲੈਣਾ ਇੱਕ ਵਾਰ ਤਾਂ ਜ਼ਰੂਰ ਮਹਿੰਗਾ ਪੈ ਗਿਆ ਹੈ।
ਸਿਆਸਤ ਵਿਚ ਕੁੱਝ ਵੀ ਹੋ ਸਕਦਾ ਹੈ ਤੇ ਸਿਆਸਤ ਵਿਚ ਹਰ ਕੁੱਝ ਸੰਭਵ ਹੈ। ਹੋ ਸਕਦਾ ਹੈ ਕਿ ਸਿੱਧੂ ਦਾ ਇਹ ਫੈਸਲਾ ਉਨ੍ਹਾਂ ਲਈ ਸੋਨੇ ਉਤੇ ਸੁਹਾਗੇ ਦਾ ਕੰਮ ਕਰ ਜਾਵੇ ਜਾਂ ਫੇਰ ਮੁੜ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਉਤੇ ਲੈ ਜਾਵੇ।  ਸਿੱਧੂ ਨੇ ਪਹਿਲਾਂ  ਮੁੱਖ ਮੰਤਰੀ ਕੈਪਟਨ ਨੂੰ ਆਪਣਾ ਅਸਤੀਫਾ ਭੇਜਣ ਦੀ ਬਜਾਏ ਰਾਹੁਲ ਗਾਂਧੀ ਨੂੰ ਭੇਜ ਕਿ ਸਿਆਸੀ ਦਾਅ ਖੇਡਿਆ ਅਤੇ ਜਦੋਂ ਕੈਪਟਨ ਦੇ ਚਹੇਤੇ ਮੰਤਰੀਆਂ ਨੇ ਸਿੱਧੂ ਉਤੇ ਡਰਾਮਾ ਕਰਨ ਦੇ ਦੋਸ਼ ਲਾ ਮਾਰੇ ਤਾਂ ਸਿੱਧੂ ਨੇ ਅੱਜ ਦੂਜੇ ਦਿਨ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਵੀ ਭੇਜ ਦਿੱਤਾ। ਸਿੱਧੂ ਦੀ ਕੈਪਟਨ ਖੇਮੇ ਦੇ ਕੁੱਝ ਵਜ਼ੀਰਾਂ ਤ੍ਰਿਪਤ ਰਾਜਿੰਦਰ ਬਾਜਵਾ, ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਨਾਲ ਸਰਕਾਰ ਵਿਚ ਵੀ ਅਕਸਰ ਹੀ ਖੜ੍ਹਕਦੀ ਰਹੀ ਹੈ। ਇਹ ਮੰਤਰੀ ਵੀ ਸਿੱਧੂ ਨੂੰ ਘੇਰਨ ਦਾ ਕਦੇ ਵੀ ਕੋਈ ਮੌਕਾ ਨਹੀਂ ਖੁੰਝਣ ਦਿੰਦੇ।
ਸਿੱਧੂ ਵਲੋਂ ਰਾਹੁਲ ਗਾਂਧੀ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੂੰ ਭੇਜੇ ਗਏ ਅਸਤੀਫੇ ਤੋਂ ਪੰਜਾਬ ਦੀ ਸਿਆਸਤ ਇੱਕ ਵਾਰ ਗਰਮਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਨੇ ਸੋਮਵਾਰ ਸਵੇਰੇ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਦੇ ਦਫ਼ਤਰ ਵਿਖੇ ਜਦੋਂ ਭੇਜਿਆ ਤਾਂ ਉਸ ਸਮੇਂ ਮੁੱਖ ਮੰਤਰੀ ਖੁਦ ਚੰਡੀਗੜ੍ਹ ਵਿਚ ਨਹੀਂ ਸਨ ਅਤੇ ਪਤਾ ਲੱਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਮੁਤਾਬਕ ਦਿੱਲੀ ਗਈ ਹੋਏ ਸਨ।


ਸਿੱਧੂ ਨੇ ਕੈਪਟਨ ਨਾਲ ਮਤਭੇਦਾਂ ਦੇ ਚੱਲਦੇ ਵਜ਼ਾਰਤ ਵਿਚੋਂ ਅਸਤੀਫਾ ਦੇ ਕੇ ਕਿਨਾਰਾ ਕਰਨ ਦਾ ਮਨ ਤਾਂ ਬਣਾ ਲਿਆ ਹੈ ਪ੍ਰੰਤੂ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਕੀ ਸਟੈਂਡ ਲੈਂਦੇ ਹਨ। ਲਗਭਗ ਇੱਕ ਮਹੀਨਾ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਨੇ ਸਿੱਧੂ ਦਾ ਲੋਕਲ ਬਾਡੀਜ਼ ਵਿਭਾਗ ਇਹ ਕਹਿ ਕੇ ਬਦਲ ਦਿੱਤਾ ਸੀ ਕਿ ਸਿੱਧੂ ਦੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਾਰਟੀ ਨੂੰ ਸ਼ਹਿਰਾਂ ਵਿਚ ਹਾਰ ਮਿਲੀ ਹੈ। ਸਿੱਧੂ ਦੇ ਨਾਲ ਕਈ ਹੋਰਨਾਂ ਮੰਤਰੀਆ ਦੇ ਵਿਭਾਗ ਵੀ ਬਦਲੇ ਗਏ ਸਨ।

ਇਸ ਤੋਂ ਬਾਅਦ ਸਿੱਧੂ ਨੇ ਕੈਪਟਨ ਵਲੋਂ ਉਨ੍ਹਾਂ ਉਤੇ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੋੜਵਾਂ ਜਵਾਬ ਦਿੰਦੇ ਹੋਏ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਰਿਪੋਰਟ ਮੀਡੀਆ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਸਥਿਤੀ ਸਪਸ਼ਟ ਕੀਤੀ ਸੀ। ਸਿੱਧੂ ਪਿਛਲੇ ਇੱਕ ਮਹੀਨੇ ਤੋਂ ਆਪਣਾ ਨਵਾਂ ਬਿਜਲੀ ਮਹਿਕਮਾ ਨਹੀਂ ਸੰਭਾਲ ਰਹੇ ਸਨ ਤੇ ਚੁੱਪ ਬੈਠੇ ਸੀ। ਦਰਅਸਲ ਸਿੱਧੂ ਵਲੋਂ ਲੰਬੀ ਵਿਚ ਫਰੈਂਡਲੀ ਮੈਚ ਸਬੰਧੀ ਦਿੱਤੇ ਭਾਸ਼ਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਨਾਰਾਜ਼ ਚੱਲ ਰਹੇ ਸਨ।  


2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਨੂੰ ਛੱਡ ਕੇ ਕਾਂਗਰਸੀ ਬਣੇ ਸਿੱਧੂ ਦੀ ਸ਼ੁਰੂ ਤੋਂ ਹੀ ਕੈਪਟਨ ਨਾਲ ਦਾਲ ਨਹੀਂ ਗਲ ਰਹੀ ਸੀ। ਚਾਹੇ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨੂੰ ਜੱਫੀ ਪਾਉਣ ਦਾ ਮਾਮਲਾ ਹੋਵੇ, ਕੌਣ ਕੈਪਟਨ-ਕਿਹੜਾ ਕੈਪਟਨ ਵਿਅੰਗਮਈ ਟਿੱਪਣੀ ਹੋਵੇ, ਪਾਵਰਫੁੱਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਸਿੰਗ ਫਸਾਉਣ ਦਾ ਮਾਮਲਾ ਹੋਵੇ, ਬਾਲਾਕੋਟ ਮਾਮਲੇ ਵਿਚ ਵੱਖਰੀ ਸੁਰ ਅਪਨਾਉਣ ਦੀ ਗੱਲ ਹੋਵੇ, ਕੇਬਲ ਮਾਫੀਆ ਖਿਲਾਫ਼ ਸਿਕੰਜ਼ਾ ਕੱਸਣ ਦਾ ਮਾਮਲਾ ਹੋਵੇ, ਅਕਾਲੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਹੋਵੇ ਜਾਂ ਫੇਰ ਲੋਕ ਸਭਾ ਚੋਣਾਂ ਦੌਰਾਨ ਲੰਬੀ ਰੈਲੀ ਵਿਚ ਆਪਣਿਆਂ ਖਿਲਾਫ਼ ਲਾਏ ਫਰੈਂਡਲੀ ਮੈਚਾਂ ਦੇ ਦੋਸ਼ਾਂ ਦਾ ਰੌਲਾ ਹੋਵੇ, ਲੋਕਲ ਬਾਡੀਜ਼ ਵਿਭਾਗ ਵਿਚ ਸੀਨੀਅਰ ਅਫਸਰਾਂ ਦੀਆਂ ਤਾਇਨਾਤੀਆਂ ਤੇ ਬਦਲੀਆਂ ਦਾ ਮਾਮਲਾ ਹੋਵੇ, ਜਲੰਧਰ ਵਿਚ ਕਾਂਗਰਸੀ ਵਿਧਾਇਕਾਂ ਦੇ ਇਲਾਕੇ ਵਿਚ ਨਜਾਇਜ਼ ਇਮਾਰਤਾਂ ਢਾਹੁਣ  ਆਦਿ ਨੂੰ ਲੈ ਕੇ ਨਵਜੋਤ ਸਿੱਧੂ ਅਕਸਰ ਹੀ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ। 


ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਉਤੇ ਸਿੱਧੂ ਨੂੰ ਲੋਕਲ ਬਾਡੀਜ਼ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੀ। ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਸਿੱਧੂ ਦੀ ਕੈਪਟਨ ਦੇ ਹੋਰਨਾਂ ਮੰਤਰੀਆਂ ਨਾਲ ਤਾਂ ਖੜਕਦੀ ਹੀ ਰਹਿੰਦੀ ਸੀ ਅਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਿੱਧੂ ਦੀ ਕਈ ਵਾਰ ਨੋਕਝੋਕ ਹੋਈ। ਚਾਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੀ ਗੱਲ ਹੋਵੇ ਜਾਂ ਫੇਰ ਪਾਕਿਸਤਾਨ ਵਿਚ ਕਰਤਾਰਪੁਰ ਲੰਘਾ ਖੋਲ੍ਹਣ ਦੇ ਸਮਾਗਮ ਵਿਚ ਸ਼ਾਮਲ ਹੋਣ ਦੀ ਹੋਵੇ, ਸਿੱਧੂ ਕੈਪਟਨ ਨੂੰ ਬਾਈਪਾਸ ਕਰਕੇ ਲੰਘ ਜਾਂਦੇ ਸਨ। ਕੈਪਟਨ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਅਕਸਰ ਰੋਕਦੇ ਰਹਿੰਦੇ ਸਨ। ਸਿੱਧੂ ਵੀ ਕੈਪਟਨ ਉਤੇ ਟੇਢੇ-ਮੇਢੇ ਨਾਲ ਆਪਣੇ ਕਾਮੇਡੀਅਨ ਤੇ ਸ਼ੇਅਰੋਂ-ਸ਼ਾਇਰੀ ਭਰੇ ਅੰਦਾਜ਼ ਵਿਚ ਤੰਜ਼ ਕੱਸਣ ਤੋਂ ਨਹੀਂ ਹਟਦੇ ਸਨ। ਕੈਪਟਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਇੱਕ ਵਾਰ ਜਦੋਂ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿ ਫੌਜ ਦੇ ਚੀਫ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵਾਪਸ ਵਾਹਗਾ ਬਾਰਡਰ ਉਤੇ ਪਹੁੰਚੇ ਸਨ ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਕੈਪਟਨ ਤੋਂ ਮਨਜ਼ੂਰੀ ਲੈ ਕੇ ਪਾਕਿਸਤਾਨ ਗਏ ਸੀ ਤਾਂ ਸਿੱਧੂ ਨੇ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਕਿ “ਕੌਣ ਕੈਪਟਨ-ਕਿਹੜਾ ਕੈਪਟਨ” ਮੇਰਾ ਕੈਪਟਨ ਤਾਂ  ਰਾਹੁਲ ਗਾਂਧੀ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਨਾਲ ਕਾਫ਼ੀ ਸਮਾਂ ਨਾਰਾਜ਼ ਰਹੇ।

ਕੈਪਟਨ ਨਾਲ ਸੁਲ੍ਹਾ ਕਰਨ ਸਿੱਧੂ ਆਖ਼ਰ ਪਾਕਿਸਤਾਨ ਤੋਂ ਲਿਆਂਦਾ ਕਾਲਾ ਤਿੱਤਰ ਤੋਹਫ਼ੇ ਵਜੋਂ ਭੇਂਟ ਕਰਨ ਉਨ੍ਹਾਂ ਦੇ ਘਰ ਗਏ। ਸਿੱਧੂ ਨੇ ਕੈਪਟਨ ਨੂੰ ਪਿਤਾ ਸਾਮਾਨ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਟਿੱਪਣੀ ਉਨ੍ਹਾਂ ਦੇ ਖ਼ਿਲਾਫ ਕੋਈ ਟਿੱਪਣੀ ਨਹੀਂ ਕੀਤੀ ਸੀ ਸਗੋਂ ਮੀਡੀਆ ਨੇ ਤਰੋੜ-ਮਰੋੜ ਕੇ ਉਸ ਨੂੰ ਪੇਸ਼ ਕੀਤਾ ਹੈ। ਦੋਹਾਂ ਵਿਚਕਾਰ ਇੱਕ ਵਾਰ ਸੁਲ੍ਹਾ ਸਫ਼ਾਈ ਹੋ ਗਈ ਅਤੇ ਕੈਪਟਨ ਮੰਨ ਗਏ।

 

ਇੱਥੇ ਹੀ ਬੱਸ ਨਹੀਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੇਅਰਮੈਨ ਦੇ ਅਹੁਦੇ ਦੀ ਅਤੇ ਸਿੱਧੂ ਦੇ ਵਕੀਲ ਮੁੰਡੇ ਨੂੰ ਸਹਾਇਕ ਐਡਵੋਕੇਟ ਜਨਰਲ ਦੇ ਅਹੁਦੇ ਦੀ ਨੌਕਰੀ ਦੀਆਂ ਪੇਸ਼ਕਸ਼ਾਂ ਦੀ ਸਿਆਸੀ ਰਣਨੀਤੀ ਵੀ ਉਦੋਂ ਫੇਲ੍ਹ ਹੋ ਗਈ ਜਦੋਂ ਸਿੱਧੂ ਨੇ ਆਪਣੇ ਪਰਿਵਾਰ ਲਈ ਕੋਈ ਵੀ ਅਹੁਦਾ ਲੈਣ ਤੋਂ ਸਾਫ਼ ਨਾਂਹ ਕਰ ਦਿੱਤੀ। ਇਨ੍ਹਾਂ ਦੋਵੇਂ ਪੇਸ਼ਕਸ਼ਾਂ ਕਰਾਉਣ ਪਿੱਛੇ ਕੈਪਟਨ ਦੇ ਚਹੇਤੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਵੱਡੀ ਭੂਮਿਕਾ ਦੱਸੀ ਜਾਂਦੀ ਹੈ।


ਪਿੱਛੇ ਜਿਹੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਲਾਕੋਟ ਹਮਲੇ ਦੇ ਸਬੰਧ ਵਿਚ ਨਵਜੋਤ ਸਿੱਧੂ ਵਲੋਂ ਪਾਕਿਸਤਾਨ ਸਬੰਧੀ ਦਿੱਤਾ ਗਿਆ ਨਰਮ ਬਿਆਨ ਵੀ ਵਿਵਾਦਾਂ ਵਿਚ ਘਿਰਿਆ ਰਿਹਾ। ਕੈਪਟਨ ਅਮਰਿੰਦਰ ਸਿੰਘ ਸਮੇਤ ਕੈਪਟਨ ਖੇਮੇ ਦੇ ਕਈ ਮੰਤਰੀਆਂ ਨੇ ਸਿੱਧੂ ਦੇ ਬਿਆਨ ਉਤੇ ਤਿੱਖੇ ਇਤਰਾਜ਼ ਜਿਤਾਏ ਸਨ। ਸਿੱਧੂ ਨੇ ਕਿਹਾ ਸੀ ਕਿ ਕਿ ਕੁੱਝ ਸਮਾਜ ਵਿਰੋਧੀ ਅਨਸਰਾਂ ਦੀਆਂ ਮਾੜੀਆਂ ਕਰਤੂਤਾਂ ਕਾਰਨ ਪੂਰੇ ਪਾਕਿਸਤਾਨ ਮੁਲਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੋ ਵੀ ਇਸ ਹਮਲੇ ਵਿਚ ਪਾਕਿਸਤਾਨੀ ਅੱਤਵਾਦੀ ਦੋਸ਼ੀ ਹਨ ਉਨ੍ਹਾਂ ਨੂੰ ਲੱਭ ਕੇ ਠੋਕ ਦੇਣਾ ਚਾਹੀਦਾ ਹੈ। ਸਿੱਧੂ ਆਪਣੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਨਾਲ-ਨਾਲ ਆਪਣਿਆਂ ਦੇ ਨਿਸ਼ਾਨੇ ਉਤੇ ਵੀ ਰਹੇ।
ਪਿਛਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਵੀ ਨਵਜੋਤ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਦਾ ਮੁੱਦਾ ਵੀ ਗੂੰਜਿਆ। ਬਾਲਾਕੋਟ ਮਾਮਲੇ ਵਿਚ ਸਿੱਧੂ ਦੇ ਬਿਆਨ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਅਕਾਲੀਆਂ ਵਿਚਕਾਰ ਤਿੱਖੀ ਨੋਕਝੋਕ ਹੋਈ ਸੀ। ਪਾਕਿਸਤਾਨੀ ਅੱਤਵਾਦੀ ਵਲੋਂ ਕੀਤੇ ਗਏ ਦਹਿਸ਼ਤਗਰਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਦੇ ਮਾਮਲੇ ਵਿਚ ਸਿੱਧੂ ਅਕਾਲੀਆਂ ਦੇ ਨਿਸ਼ਾਨੇ ਉਤੇ ਰਹੇ। ਸਿੱਧੂ ਨੇ ਬਿਆਨ ਦਿੱਤਾ ਸੀ ਕਿ “ਅੱਤਵਾਦ ਦਾ ਕੋਈ ਧਰਮ ਤੇ ਮਜ੍ਹਬ ਨਹੀਂ ਹੁੰਦਾ”। ਕੁੱਝ ਮਨੁੱਖਤਾ ਦੇ ਦੁਸ਼ਮਣ ਦਹਿਤਸ਼ਤਗਰਦਾਂ ਦੇ ਕਾਰਨ ਕਿਸੇ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇਸ ਬਿਆਨ ਨੂੰ ਲੈ ਕੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ਉਤੇ ਆ ਗਏ ਸਨ। 


ਕਰਤਾਰਪੁਰ ਲਾਂਘੇ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਦੇ ਚੱਲਦੇ, ਪਾਕਿ ਆਰਮੀ ਚੀਫ ਜਨਰਲ ਬਾਜਵਾ ਨੂੰ ਜੱਫੀ ਪਾਉਣ ਨੂੰ ਲੈ ਕੇ ਸਿੱਧੂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਸਮੇਂ ਟੀਕਾ ਟਿੱਪਣੀ ਕੀਤੀ ਸੀ ਜਦੋਂ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ। ਮੋਦੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਦਾ ਨਾਮ ਲਏ ਵਗੈਰ ਇਸ਼ਾਰਾ ਕਰਕੇ ਟੇਢੇ ਢੰਗ ਨਾਲ ਟਿੱਪਣੀ ਕਰਦਿਆਂ ਕਿਹਾ ਕਿ ਕਿ ਪੰਜਾਬ ਦੇ ਇੱਕ ਮੰਤਰੀ ਨੇ ਪਾਕਿਸਤਾਨ ਵਿਚ ਜਾ ਕੇ ਪਿੱਠ ਲਵਾ ਦਿੱਤੀ ਹੈ। 
ਪੰਜਾਬ ਮੰਤਰੀ ਮੰਡਲ ਵਿਚ ਨਵਜੋਤ ਸਿੰਘ ਦਾ ਇੱਕਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੀ 36 ਦਾ ਅੰਕੜਾ ਨਹੀਂ ਰਹਿੰਦਾ ਸੀ ਸਗੋਂ ਕੈਪਟਨ ਖੇਮੇ ਦੇ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਬ੍ਰਹਮ ਮਹਿੰਦਰਾ ਸਮੇਤ ਕਈ ਹੋਰਨਾਂ ਨਾਲ ਵੀ ਕਈ ਵਾਰ ਟੀਕਾ-ਟਿੱਪਣੀਆਂ ਹੁੰਦੀਆਂ ਰਹਿੰਦੀਆਂ ਸਨ। ਖਾਸ ਕਰਕੇ ਸਿੱਧੂ ਦੀ ਕੈਪਟਨ ਦੇ ਚਹੇਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਵੀ ਕਈ ਟੇਢੇ-ਵਿੰਗੇ ਢੰਗ ਨਾਲ ਖੜਕਦੀ ਰਹੀ। ਪਿਛਲੇ ਦਿਨੀਂ ਵੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਾਜਵਾ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਸਿੱਧੂ ਦਾ ਅਸਤੀਫਾ ਮੰਗਦਿਆਂ ਕਿਹਾ ਕਿ, “ਹੁਣ ਉਹ ਘੜੀ ਸਮਾਂ ਆ ਗਿਆ ਹੈ ਜਦੋਂ ਸਿੱਧੂ ਨੂੰ ਇੱਕ ਪਾਸੜ ਫੈਸਲਾ ਲੈਣਾ ਚਾਹੀਦਾ ਹੈ ਜਾਂ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ ਜਾਂ ਫੇਰ ਨਵਾਂ ਬਿਜਲੀ ਮਹਿਕਮਾ ਸੰਭਾਲ ਲੈਣਾ ਚਾਹੀਦਾ ਹੈ। ਬਾਜਵਾ ਨੇ ਸਿੱਧੂ ਨੂੰ ਕਿਹਾ ਸੀ ਕਿ  ਜੇ ਕੰਮ ਕਰਨਾ ਹੈ ਤਾਂ ਕੈਪਟਨ ਦੀ ਟੀਮ ਵਿਚ ਰਹਿ ਕੇ ਹੀ ਕਰਨਾ ਪਵੇਗਾ। 


ਇੱਥੇ ਇਹ ਦੱਸਣਯੋਗ ਹੈ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਨਵਜੋਤ ਸਿੱਧੂ ਦੀ ਕਈ ਵਾਰ ਖੜਕੀ ਸੀ। ਇੱਕ ਵਾਰ ਜਦੋਂ ਸੂਬੇ ਵਿਚ ਰੇਤਾ-ਬੱਜ਼ਰੀ ਦੀ ਕੀਮਤਾਂ ਕੰਟਰੋਲ ਕਰਨ ਲਈ ਠੋਸ ਨੀਤੀ ਬਣਾਈ ਲਈ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਤੇ ਹੋਰਨਾਂ ਮੰਤਰੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਉਚ ਪੱਧਰੀ ਕਮੇਟੀ ਬਣਾਈ ਸੀ ਤਾਂ ਉਸ ਸਮੇਂ ਵੀ ਆਪਸੀ ਚੌਧਰ ਨੂੰ ਲੈ ਕੇ ਬਾਜਵਾ ਤੇ ਸਿੱਧੂ ਵਿਚਕਾਰ ਨੋਕਝੋਕ ਹੋਈ ਸੀ। ਸਿੱਧੂ ਕਮੇਟੀ ਦੇ ਰੇਤਾ-ਬੱਜ਼ਰੀ ਸਬੰਧੀ ਬਣਾਈ ਕਮੇਟੀ ਦੇ ਚੇਅਰਮੈਨ ਸਨ। ਸਿੱਧੂ-ਬਾਜਵਾ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੇ ਤੇਲੰਗਾਨਾ ਮਾਡਲ ਸਮੇਤ ਹੋਰ ਸੁਧਾਰਾਂ ਦੀ ਪੜਚੋਲ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਸੀ। ਸਿੱਧੂ ਰੇਤਾ-ਬੱਜ਼ਰੀ ਦੇ ਮਾਮਲੇ ਵਿਚ ਪੰਜਾਬ ਅੰਦਰ ਤੇਲੰਗਾਨਾ ਸੂਬੇ ਦੀ ਸਰਕਾਰ ਦਾ ਮਾਡਲ ਲਾਗੂ ਕਰਨਾ ਚਾਹੁੰਦੇ ਸਨ। ਉਚ ਪੱਧਰੀ ਕਮੇਟੀ ਨੇ ਸਾਰੀ ਰਿਪੋਰਟ ਜਦੋਂ ਤਿਆਰ ਕਰ ਲਈ ਸੀ ਤਾਂ ਨਵਜੋਤ ਸਿੱਧੂ ਨੇ ਤ੍ਰਿਪਤ ਬਾਜਵਾ ਨੂੰ ਬਾਈਪਾਸ ਕਰਕੇ ਸਿੱਧੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਮੇਟੀ ਦੀ ਰਿਪੋਰਟ ਸੌਂਪ ਦਿੱਤੀ ਸੀ। ਇਸ ਉਤੇ ਤ੍ਰਿਪਤ ਰਾਜਿੰਦਰ ਬਾਜਵਾ ਸਿੱਧੂ ਨਾਲ ਕਾਫੀ ਨਿਰਾਸ਼ ਹੋਏ ਸਨ ਅਤੇ ਉਨ੍ਹਾਂ ਇਸਦੀ ਜ਼ੁਬਾਨੀ-ਕਲਾਮੀ ਸ਼ਿਕਾਇਤ ਵੀ ਮੁੱਖ ਮੰਤਰੀ ਨੂੰ ਕੀਤੀ ਸੀ। 


ਸਿੱਧੂ ਦੇ ਅਸਤੀਫੇ ਨਾਲ ਪੰਜਾਬ ਦੀ ਸਿਆਸਤ ਇੱਕ ਵਾਰ ਗਰਮਾ ਗਈ ਹੈ। ਇੱਕ ਪਾਸੇ ਜਿੱਥੇ ਕੈਪਟਨ ਧੜ੍ਹਾ ਬਾਗੋਬਾਗ ਦਿਖਾਈ ਦੇ ਰਿਹਾ ਹੈ ਉਥੇ ਹੀ ਪੰਜਾਬ ਦੇ ਕਾਂਗਰਸੀਆਂ ਦੋ ਧੜ੍ਹੇ ਵੀ ਸਿੱਧੂ ਦੇ ਫੈਸਲੇ ਨੂੰ ਅੰਦਰਖਾਤੇ ਦੱਬੀ ਜ਼ੁਬਾਨ ਵਿਚ ਸਹੀ ਠਹਿਰਾ ਰਹੇ ਹਨ। ਇੱਕ ਧੜ੍ਹਾ ਅੰਦਰੋਂ-ਅੰਦਰੀ ਸਿੱਧੂ ਦੀ ਹਮਾਇਤ ਕਰ ਰਿਹਾ ਹੈ। ਉਧਰ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਦੇ ਆਗੂਆਂ ਵਲੋਂ ਨਵਜੋਤ ਸਿੱਧੂ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਪੋਂ-ਆਪਣੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।ਅਕਾਲੀ ਆਗੂ ਵੀ ਸਿੱਧੂ ਅਤੇ ਕੈਪਟਨ ਵਿਚਕਾਰ ਚੱਲ ਰਹੇ ਖੜਕੇ-ਦੜਕੇ ਤੋਂ ਖੁਸ਼ ਹਨ।  ਪ੍ਰੰਤੂ ਨਵਜੋਤ ਸਿੰਘ ਸਿੱਧੂ ਨੇ ਚੁੱਪੀ ਧਾਰੀ ਹੋਈ ਹੈ। ਸਿੱਧੂ ਨੇ ਆਪਣੇ ਅਸਤੀਫੇ ਦੀ ਕਾਪੀ ਵੀ ਸੋਸ਼ਲ ਮੀਡੀਆ ਦੇ ਆਪਣੀ ਟਵਿੱਟਰ ਅਕਾਊਂਟ ਉਤੇ ਹੀ ਪੋਸਟ ਕੀਤੀ ਹੈ। ਸਿੱਧੂ ਨੇ ਪਹਿਲਾਂ ਅਸਤੀਫਾ ਰਾਹੁਲ ਗਾਂਧੀ ਨੂੰ ਸੰਬੋਧਨ ਕਰਕੇ ਲਿਖਿਆ ਕਿ ਉਹ ਪੰਜਾਬ ਕੈਬਨਿਟ ਵਿਚੋਂ ਅਸਤੀਫਾ ਦੇ ਰਹੇ ਹਨ ਇਸ ਨੂੰ ਮਨਜ਼ੂਰ ਕੀਤਾ ਜਾਵੇ। ਜਿਸ ਤੋਂ ਬਾਅਦ ਬੀਤੇ ਦਿਨ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਸੀ ਕਿ ਅਸਤੀਫੇ ਮੁੱਖ ਮੰਤਰੀ ਦਫ਼ਤਰ ਵਿਚ ਨਹੀਂ ਪੁੱਜਾ ਹੈ। ਇਸ ਤੋਂ ਬਾਅਦ ਸਿੱਧੂ ਨੇ ਇੱਕ ਹੋਰ ਟਵੀਟ ਕਰਕੇ ਲਿਖਿਆ ਹੈ ਕਿ ਉਹ ਮੁੱਖ ਮੰਤਰੀ ਨੂੰ ਵੀ ਅਸਤੀਫਾ ਭੇਜ ਦਿੱਤਾ ਜਾਵੇਗਾ। 

ਇਸ ਤੋਂ ਬਾਅਦ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਸਿੱਧੂ ਵਲੋਂ ਰਾਹੁਲ ਗਾਂਧੀ ਨੂੰ ਭੇਜੇ ਗਏ ਅਸਤੀਫੇ ਸਬੰਧੀ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ,  ‘‘ਇਹ ਕਦਮ ਡਰਾਮੇਬਾਜ਼ੀ ਦੇ ਮਾਹਿਰ ਦੇ ਇਕ ਡਰਾਮੇ ਤੋਂ ਵੱਧ ਕੁਝ ਨਹੀਂ ਅਤੇ ਜੇਕਰ ਉਸ ਨੇ ਅਸਤੀਫ਼ਾ ਹੀ ਦੇਣਾ ਸੀ ਤਾਂ ਉਸ ਵੱਲੋਂ ਤੈਅ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਅਤੇ ਇਹ ਅਸਤੀਫ਼ਾ ਸਿੱਧਾ ਮੁੱਖ ਮੰਤਰੀ ਨੂੰ ਭੇਜਿਆ ਜਾਂਦਾ।’’  ਦੋਵੇਂ ਮੰਤਰੀਆਂ ਨੇ ਆਖਿਆ ਕਿ ਸਿੱਧੂ ਇਨਾਂ ਹੀ ਨਾਸਮਝ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਮੰਤਰੀ ਦਾ ਅਹੁਦਾ ਪਾਰਟੀ ਦਾ ਅਹੁਦਾ ਨਹੀਂ ਹੁੰਦਾ ਅਤੇ ਉਸ ਦਾ ਅਸਤੀਫ਼ਾ ਕਾਂਗਰਸ ਦਾ ਮੁਖੀ ਪ੍ਰਵਾਨ ਨਹੀਂ ਕਰ ਸਕਦਾ।
       ਸਿੱਧੂ ਵੱਲੋਂ ਆਪਣਾ ਕਥਿਤ ਅਸਤੀਫ਼ਾ ਲੰਘੀ 10 ਜੂਨ ਨੂੰ ਕਾਂਗਰਸ ਪ੍ਰਧਾਨ ਨੂੰ ਭੇਜਣ ਬਾਰੇ ਕੀਤੇ ਟਵੀਟ ਦਾ ਜ਼ਿਕਰ ਕਰਦਿਆਂ  ਦੋਵੇਂ ਮੰਤਰੀਆਂ ਨੇ ਆਖਿਆ ਕਿ ਸਿੱਧੂ ਨੇ ਇਸ ਦਾ ਐਲਾਨ ਟਵਿੱਟਰ ’ਤੇ ਕਰਨ ਲਈ 34 ਦਿਨ ਦਾ ਸਮਾਂ ਕਿਉਂ ਲਿਆ? ਉਨਾਂ ਇਹ ਵੀ ਕਿਹਾ ਕਿ ਨਿਯੁਕਤੀਆਂ ਜਾਂ ਅਸਤੀਫ਼ਿਆਂ ਲਈ ਟਵਿਟਰ ਕਦੋਂ ਤੋਂ ਮੰਚ ਬਣ ਗਿਆ।

ਬ੍ਰਹਮ ਮਹਿੰਦਰਾ ਅਤੇ ਚਰਨਜੀਤ ਚੰਨੀ ਵਲੋਂ ਸਿੱਧੂ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਆਪਣੀ ਚੁੱਪੀ ਤੋੜਦਿਆਂ ਸਿੱਧੂ ਨੇ ਸੋਮਵਾਰ ਸਵੇਰੇ ਆਪਣੇ ਸੋਸ਼ਲ ਮੀਡੀਆ ਟਵੀਟ ਅਕਾਊਂਟ ਉਤੇ ਪੋਸਟ ਪਾ ਕੇ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਮਨਜ਼ੂਰੀ ਲਈ ਅੱਜ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਹੈ ਅਤੇ ਅਸਤੀਫਾ ਮੁੱਖ ਮੰਤਰੀ ਦਫ਼ਤਰ ਵਲੋਂ ਪ੍ਰਾਪਤ ਕਰ ਲਿਆ ਗਿਆ ਹੈ।

IF SIDHU DOESN’T WANT TO DO HIS JOB, THERE’S NOTHING I CAN DO ABOUT IT, SAYS CAPT AMARINDER

ਸਿੱਧੂ ਵਲੋਂ ਅਸਤੀਫੇ ਉਤੇ ਜਦੋਂ ਦਿੱਲੀ ਵਿਚ ਪੱਤਰਕਾਰਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨਾਲ ਮੇਰੀ ਕੋਈ ਸਮੱਸਿਆ ਨਹੀਂ ਹੈ। ਮੈਂ ਤਾਂ ਸਿੱਧੂ ਨੂੰ ਸਭ ਤੋਂ ਮਹੱਤਵਪੂਰਨ ਵਿਭਾਗ ਦਿੱਤਾ ਸੀ ਪ੍ਰੰਤੂ ਹੁਣ ਵਜ਼ਾਰਤ ਛੱਡਣਾ ਉਨ੍ਹਾਂ ਦੀ ਆਪਣੀ ਮਰਜ਼ੀ ਹੈ। 
ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਿੱਧੂ ਵਲੋਂ ਉਨ੍ਹਾਂ ਦੇ ਦਫ਼ਤਰ ਨੂੰ ਭੇਜੇ ਗਏ ਅਸਤੀਫੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਂ ਅਜੇ ਦਿੱਲੀ ਵਿਚ ਹਾਂ ਅਤੇ ਅਸਤੀਫ਼ਾ ਵੇਖਣ ਮਗਰੋਂ ਹੀ ਅਗਲਾ ਫੈਸਲਾ ਲਿਆ ਜਾਵੇਗਾ। 

——————————————————————————-

PunjabUpdate.Com Bureau 

New Delhi/Chandigarh, July 15:

Punjab Chief Minister Captain Amarinder Singh on Monday said if Navjot Sidhu did not want to do his job, there was nothing he could do about it.

The minister should have accepted his new portfolio instead of shunning the work in the middle of the crucial Paddy season, said the Chief Minister, reiterating that Sidhu was given a job, which he should have accepted and done.

“If Sidhu doesn’t want to do the job, there is nothing I can do about it,” said Captain Amarinder, questioning how a soldier could refuse a job assigned by the General. There has to be some discipline in the government if it is to function effectively, added the Chief Minister.

Asked if Sidhu had made any attempt at reconciliation, the Chief Minister said there was no need for it. “I do not have any issues with him. If Sidhu has any issues with me, you’ll have to ask him about them,” he added, in response to a question.

The Chief Minister, however, said he did not see any harm in the minister sending his papers to the Congress president. The cabinet was decided in consultation with the Congress high command so it was ok for Sidhu to send his resignation to the party president, said the Chief Minister, in response to media queries. He was talking informally to reporters at Parliament House after a courtesy call on Prime Minister Narendra Modi.

Captain Amarinder said he had called on the prime minister since he had not met him so far during the latter’s second term. However, he took the opportunity to discuss the 550th birth anniversary celebrations of Sri Guru Nanak Dev ji. The prime minister confirmed his participation in the mega event and assured of all possible help to make the programme a grand success, befitting the historic occasion, said the Chief Minister.

The legacy issue of the Rs 31000 crore food debt also came up for discussion and the prime minister said that he was seized of the matter, said Captain Amarinder.

On the issue of Sidhu’s resignation, the Chief Minister said he had been informed that the resignation was sent to his residence in Chandigarh but he was yet to see it. He would have to read it first to be able to comment on it, he added.

Pointing out that he had reshuffled the portfolios of 13 of the 17 ministers in his cabinet after the Lok Sabha elections, Captain Amarinder said Sidhu was the only member who had problems. The reshuffle was decided on the basis of the performance of the ministers, and Sidhu should have accepted his new department, he added

Sidhu was given the crucial Power portfolio, which was particularly important at this time in view of the Paddy season, from June to October. With many parts of Punjab not receiving adequate rainfall, the power situation was critical, requiring day to the day monitoring, said the Chief Minister, adding that he was himself doing this job now.

The Chief Minister expressed his unhappiness with the statement issued by Sidhu and his wife regarding the latter’s candidature for the parliamentary elections. He clarified that he had never opposed Mrs. Navjot Sidhu’s candidature and had suggested she should contest from Bathinda, which the couple rejected.

On a question about Rahul Gandhi, the Chief Minister said he would certainly be meeting him. Rahul continued to work for the party, which was not at a standstill, as being projected by the opposition and sections of the media. The work (in the Congress) is going on, with a whole team to lead, said Captain Amarinder.

ਕਾਂਗਰਸੀ ਹਲਕਿਆਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਥਾਪੜਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਰਿਹਾ ਹੈ ਪ੍ਰੰਤੂ ਇਸ ਵਾਰ ਲੋਕ ਸਭਾ ਚੋਣਾਂ ਕਾਰਨ ਕਾਂਗਰਸ ਪਾਰਟੀ ਨੂੰ ਮਿਲੀ ਹਾਰ ਦੇ ਚੱਲਦੇ ਰਾਹੁਲ ਗਾਂਧੀ ਨੇ ਸਿੱਧੂ ਸਹੀ ਸਮੇਂ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ। ਹਾਈਕਮਾਂਡ ਦੇ ਇੱਕ ਸੀਨੀਅਰ ਆਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਵਜੋਤ ਸਿੱਧੂ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੇ ਅਸਤੀਫੇ ਸਬੰਧੀ ਫੈਸਲਾ ਲਿਆ ਜਾਵੇਗਾ। ਇਹ ਵੀ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੋਹਾਂ ਨੂੰ ਬਿਠਾ ਕੇ ਸਮਝੌਤਾ ਕਰਵਾ ਦੇਣ। ਇਸ ਆਗੂ ਨੇ ਦੱਸਿਆ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਨਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ। 

ਉਧਰ ਸਿੱਧੂ ਖੇਮੇ ਦਾ ਕਹਿਣਾ ਹੈ ਕਿ ਸਿੱਧੂ ਨੇ ਰਾਹੁਲ ਗਾਂਧੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਮੰਤਰੀ ਮੰਡਲ ਵਿਚ ਨਹੀਂ ਰਹਿ ਸਕਦੇ ਕਿਉਂਕਿ ਉਨ੍ਹਾਂ ਦੀਆਂ ਦੂਰੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫ਼ੀ ਜ਼ਿਆਦਾ ਵੱਧ ਚੁੱਕੀਆਂ ਹਨ। 
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕੁੰਡੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ …। ਸਿੱਧੁ ਦੇ ਅਸਤੀਫੇ ਨਾਲ ਕਾਂਗਰਸ ਹਾਈਕਮਾਂਡ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਪਾਰਟੀ ਵਿਚ ਆਪਣਾ ਵੱਡਾ ਕੱਦ ਹੈ ਅਤੇ ਦੂਜੇ ਪਾਸੇ ਨਵਜੋਤ ਸਿੱਧੂ ਨੂੰ ਵੀ ਭਾਜਪਾ ਵਿਚੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਹੀ ਲੈ ਕੇ ਆਏ ਸਨ।

Read more