ਕੀ ਨਵੇਂ ਯੁੱਗ ਦਾ ਮੀਡੀਆ ਸਾਨੂੰ ਆਪਣਿਆਂ ਤੋਂ ਦੂਰ ਕਰ ਰਿਹਾ ਹੈ?

Laxman Singh 

ਅੱਜ ਦੇ ਯੁੱਗ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅੱਜ ਦੁਨੀਂਆਂ ਦੀ ਹਰੇਕ ਜਾਣਕਾਰੀ ਤੁਹਾਡੇ ਹੱਥਾਂ ਵਿੱਚ ਹੀ ਹੈ। ਅਜਿਹੇ ਵਿੱਚ ਸਾਇੰਸ ਨੇ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਦੇ ਰੂਪ ਵਿੱਚ ਬਣਾ ਦਿੱਤਾ ਹੈ, ਜਿਸ ਨਾਲ ਅਸੀਂ ਸੱਤ ਸਮੰਦਰ ਦੂਰ ਬੈਠੇ ਆਪਣੇ ਪਰਿਵਾਰਕ ਮੈਂਬਰ ਤੋਂ ਇਲਾਵਾ ਕਿਸੇ ਵੀ ਅਣਜਾਨ ਵਿਅਕਤੀ ਨਾਲ ਨਵੇਂ ਯੁੱਗ ਦੇ ਮੀਡੀਆ ਸਾਧਨਾਂ ਰਾਹੀਂ ਆਪਣਾ ਦੁੱਖ-ਦਰਦ ਸਾਂਝਾ ਕਰ ਰਹੇ ਹਾਂ। ਅਸੀਂ ਦਿਨ ਵਿਚ ਕੀ-ਕੀ ਕੀਤਾ, ਕਿੱਥੇ-ਕਿੱਥੇ ਗਏ ਆਦਿ ਸਭ ਕੁਝ ਸ਼ੋਸ਼ਲ ਮੀਡੀਆ ‘ਤੇ ਅਪਲੋਡ ਕਰਨਾ ਨਹੀਂ ਭੁੱਲਦੇ। ਕੀ ਇਹ ਬਿਮਾਰੀ ਬਣਦੀ ਜਾ ਰਹੀ ਹੈ ਕਿ ਜਿਸ ਵਿਅਕਤੀ ਨੂੰ ਸ਼ਾਇਦ ਅਸੀਂ ਕਦੇ ਮਿਲੇ ਵੀ ਨਹੀਂ ਹੋਵਾਂਗੇ, ਉਸਨੂੰ ਆਪਣੇ ਦਿਨ ਦੀ ਹਰੇਕ ਐਕਟੀਵਿਟੀ ਬਾਰੇ ਦੱਸ ਰਹੇ ਹਾਂ। 
ਮੀਡੀਆ ਅਤੇ ਸ਼ੋਸ਼ਲ ਮੀਡੀਆ ਦੇ ਖੇਤਰ ‘ਚ ਆਈ ਕ੍ਰਾਂਤੀ ਨਾਲ ਦੇਸ਼ ਨੇ ਤਾਂ ਭਾਵੇਂ ਸੂਚਨਾ ਖੇਤਰ ਵਿੱਚ ਤਰੱਕੀ ਕਰ ਲਈ ਹੈ ਪਰ ਇਸਨੇ ਆਪਣਿਆਂ ਨੂੰ ਆਪਣਿਆਂ ਤੋਂ ਦੂਰ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸੂਚਨਾ ਤਕਨਾਲੌਜੀ ਦੇ ਖੇਤਰ ਵਿੱਚ ਆਈ ਇਸ ਕ੍ਰਾਂਤੀ ਨਾਲ ਦੁਨੀਂਆਂ ਭਰ ਦੀ ਹਰੇਕ ਤਰ੍ਹਾਂ ਦੀ ਸੂਚਨਾ ਮਿੰਟਾਂ-ਸਕਿੰਟਾਂ ਵਿੱਚ ਸਾਡੇ ਤੱਕ ਪਹੁੰਚ ਰਹੀ ਹੈ। ਇਸ ਕ੍ਰਾਂਤੀ ਦੇ ਸਾਧਨਾਂ ਨਾਲ ਨਾ ਕੇਵਲ ਵਪਾਰਕ ਪੱਧਰ ‘ਤੇ, ਸਗੋਂ ਸਿੱਖਿਆ ਦੇ ਖੇਤਰ ਵਿੱਚ ਵੀ ਕਾਫੀ ਬਦਲਾਓ ਆ ਗਿਆ ਹੈ। ਅੱਜ ਹਰ ਤਰ੍ਹਾਂ ਦਾ ਵਪਾਰ ਨਵੇਂ ਯੁੱਗ ਦੇ ਮੀਡੀਆ ਤੇ ਈ-ਨੈਟਵਰਕਿੰਗ ਰਾਹੀਂ ਹੋਣ ਲੱਗਾ ਹੈ। ਅੱਜ ਦੇ ਦੌਰ ਵਿੱਚ ਸਕੂਲ ‘ਚ ਬਲੈਕ-ਬੋਰਡ ਦੀ ਥਾਂ ਸਮਾਰਟ ਕਲਾਸ ਰੂਮਜ਼ ਨੇ ਲੈ ਲਈ ਹੈ। ਹੋਰ ਤਾਂ ਹੋਰ ਸਾਡੇ ਦੇਸ਼ ਦੀ ਸਰਕਾਰ ਵੀ ਇਸਨੂੰ ਉਤਸ਼ਾਹਿਤ ਕਰਦੇ ਹੋਏ ਹਰੇਕ ਤਰ੍ਹਾਂ ਦਾ ਲੈਣ-ਦੇਣ ਇਸ ਦੇ ਸਾਧਨਾਂ ਰਾਹੀਂ ਕਰਨ ਦਾ ਪ੍ਰਚਾਰ ਕਰ ਰਹੀ ਹੈ। 
ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਮੀਡੀਆ ਦੇ ਨਵੇਂ ਤੌਰ-ਤਰੀਕੇ ਆਉਣ ਨਾਲ ਸੂਚਨਾ ਤਾਂ ਸਾਨੂੰ ਸਭ ਤੋਂ ਪਹਿਲਾਂ ਮਿਲ ਰਹੀ ਹੈ ਪਰ ਕਦੇ ਸੋਚਿਆ ਹੈ ਕੀ ਕਿਤੇ ਇਹ ਨਵਾਂ ਮੀਡੀਆ ਸਾਨੂੰ ਆਪਣਿਆਂ ਤੋਂ ਦੂਰ ਤਾਂ ਨਹੀਂ ਕਰ ਰਿਹਾ। ਹਰੇਕ ਵਿਅਕਤੀ ਦੇ ਹੱਥ ਵਿੱਚ ਅੱਜ ਕਲ ਸਮਾਰਟ ਫੋਨ ਹੈ ਜਿਸਦੀ ਵਰਤੋਂ ਉਹ ਦਿਨ-ਰਾਤ ਕਰ ਰਿਹਾ ਹੈ। ਉਸਨੂੰ ਆਪਣੇ ਘਰ ਵਿੱਚ ਕੀ ਹੋ ਰਿਹਾ ਹੈ ਇਸ ਗੱਲ ਤੋਂ ਕੋਈ ਮਤਲਬ ਨਹੀਂ ਹੈ। ਜੇਕਰ ਫੋਨ ਗਲਤੀ ਨਾਲ ਕਿਤੇ ਰਹਿ ਜਾਵੇ ਤਾਂ ਬੰਦਾ ਆਪਣੇ-ਆਪ ਨੂੰ ਅਪੰਗ ਸਮਝਦਾ ਹੈ। ਇੱਕ ਸਮਾਂ ਸੀ ਜਦੋਂ ਹਰੇਕ ਵਿਅਕਤੀ ਦਾ ਟੈਲੀਫੋਨ ਨੰਬਰ ਬੰਦੇ ਨੂੰ ਜ਼ੁਬਾਨੀ ਯਾਦ ਹੁੰਦਾ ਸੀ ਤੇ ਅੱਜ ਦੇ ਦੌਰ ਵਿੱਚ ਸੂਚਨਾ ਤਕਨਾਲੌਜੀ ਦੀ ਇਸ ਤੇਜੀ ਨੇ ਸਾਡੇ ਦਿਮਾਗ ਹੀ ਠੰਡੇ ਬਸਤੇ ਵਿਚ ਪਾ ਦਿੱਤੇ ਜਾਪਦੇ ਹਨ। 
ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਸ਼ੋਸ਼ਲ ਸਾਈਟਸ ‘ਤੇ ਸਾਡੇ ਇੰਨੇ ਅਣਜਾਨ ਦੋਸਤ ਬਣ ਗਏ ਜਾਂ ਬਣਾਏ ਜਾ ਰਹੇ ਹਨ ਕਿ ਅਸਲ ਜਿੰਦਗੀ ਦੇ ਦੋਸਤਾਂ ਦਾ ਹਾਲ-ਚਾਲ ਪੁੱਛਣ ਦਾ ਵੀ ਸਮਾਂ ਸਾਡੇ ਕੋਲ ਨਹੀਂ ਰਿਹਾ। ਸਾਡਾ ਨੌਜਵਾਨ ਸਾਰਾ ਦਿਨ ਸ਼ੋਸ਼ਲ ਸਾਈਟਸ ਜਾਂ ਮੋਬਾਇਲ ਗੇਮਾਂ ਵਿੱਚ ਰੁਝਿਆ ਹੋਇਆ ਹੈ। ਅੱਜ ਦੇ ਦੌਰ ਦਾ ਇੱਕ ਕੜਵਾ ਸੱਚ ਹੈ ਕਿ ‘ਕੋਈ ਸਮਾਂ ਸੀ ਜਦੋਂ ਕ੍ਰਿਕਟ ਦੀ ਇੱਕ ਗੇਂਦ ਖਰੀਦਣ ਲਈ 10-15 ਦੋਸਤ ਮਿਲ ਕੇ ਰੁਪਏ ਇਕੱਠੇ ਕਰਦੇ ਸੀ ਪਰ ਅੱਜ ਸਮਾਂ ਇਹ ਹੈ ਕਿ ਗੇਂਦ ਤਾਂ ਇਕੱਲੇ ਖਰੀਦੀ ਜਾ ਸਕਦੀ ਹੈ ਪਰ 10-15 ਦੋਸਤ ਇਕੱਠੇ ਕਰਨੇ ਮੁਸ਼ਕਲ ਹਨ’। ਮੋਬਾਇਲ ਫੋਨਜ਼ ਵਿੱਚ ਇੰਨਾ ਖੋ ਜਾਣ ਨਾਲ ਸਾਨੂੰ ਸਾਡੇ ਘਰ ਵਿੱਚ ਜਾਂ ਗਵਾਂਡ ਵਿੱਚ ਕੀ ਹੋ ਰਿਹਾ ਹੈ, ਇਸ ਗੱਲ ਨਾਲ ਕੋਈ ਮਤਲਬ ਨਹੀਂ। ਪਹਿਲਾਂ ਸਮਾਂ ਸੀ ਜਦੋਂ ਲੋਕ ਪਰਿਵਾਰ ਦਾ ਹਾਲ-ਚਾਲ ਪੁੱਛਦੇ-ਪੁੱਛਦੇ ਦੂਰ ਦੁਰਾਡੇ ਦੀ ਰਿਸ਼ਤੇਦਾਰੀ ਵੀ ਪਤਾ ਲੈ ਲੈਂਦੇ ਸੀ ਪਰ ਅੱਜ ਦੀ ਇਸ ਭੱਜ-ਦੌੜ ਵਾਲੀ ਜਿੰਦਗੀ ਵਿੱਚ ਹਾਲਚਾਲ ਪੁੱਛਣਾ ਤਾਂ ਦੂਰ ਦੀ ਗੱਲ ਹੈ, ਲੋਕ ਇੱਕ-ਦੂਜੇ ਨੂੰ ਦੁਆ-ਸਲਾਮ ਕਰਕੇ ਵੀ ਰਾਜ਼ੀ ਨਹੀਂ ਹਨ। 
ਨਵੇਂ ਦੌਰ ਵਿੱਚ ਮੀਡੀਆ ਦੀ ਤਰੱਕੀ ਤਾਂ ਠੀਕ ਹੈ ਪਰ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਇਹ ਤਰੱਕੀ ਕਿਤੇ ਸਾਡੀ ਨਿੱਜੀ ਜਿੰਦਗੀ ਵਿੱਚ ਜ਼ਿਆਦਾ ਦਖ਼ਲਅੰਦਾਜੀ ਤਾਂ ਨਹੀਂ ਕਰ ਰਹੀ। ਕਿਤੇ ਅਸੀਂ ਇਨ੍ਹਾਂ ਸਾਧਨਾਂ ਦੀ ਬਿਮਾਰੀ ਦੇ ਆਦੀ ਤਾਂ ਨਹੀਂ ਬਣਦੇ ਜਾ ਰਹੇ। ਇਹ ਸੋਚ ਕੇ ਕਈ ਵਾਰ ਮਨ ਉਦਾਸ ਹੁੰਦਾ ਹੈ ਅਤੇ ਸੋਚਦਾ ਹੈ ਕਿ ਅਜਿਹੀ ਤਰੱਕੀ ਦਾ ਕੀ ਫਾਈਦਾ ਜਿਸ ਨਾਲ ਘਰਾਂ ਦੇ ਘਰ ਟੁੱਟ ਜਾਣ। ਇਸ ਨਾਲੋਂ ਤਾਂ ਸ਼ਾਇਦ ਉਹ ਪੁਰਾਣੇ ਦਿਨ ਹੀ ਠੀਕ ਸਨ ਜੋ ਪਰਿਵਾਰਕ ਸਾਂਝ ਅਤੇ ਆਪਸੀ ਪਿਆਰ ਦੇ ਗਵਾਹ ਸਨ। ਤਰੱਕੀ ਠੀਕ ਹੈ ਹੋਣੀ ਚਾਹੀਦੀ ਹੈ ਜੇਕਰ ਮੁਲਕ ਤਰੱਕੀ ਕਰੇਗਾ ਤਾਂ ਸਾਡਾ ਜੀਵਨ ਵੀ ਇਸ ਨਾਲ ਖੁਸ਼ਹਾਲ ਹੋਵੇਗਾ। ਪ੍ਰੰਤੂ ਸਾਨੂੰ ਸਾਰਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕੀ ਅਸੀਂ ਨਵੇਂ ਯੁੱਗ ਦੇ ਮੀਡੀਆ ਦੀ ਵਰਤੋਂ ਵੀ ਲੋੜ ਅਨੁਸਾਰ ਹੀ ਕਰੀਏ ਤਾਂ ਜੋ ਅਸੀਂ ਆਪਣੇ ਪਰਿਵਾਰ ਨੂੰ ਵੀ ਸਮਾਂ ਦੇ ਸਕੀਏ। ਇਹ ਚੀਜ਼ਾਂ ਸਾਡੀਆਂ ਸਹੂਲਤਾਂ ਲਈ ਇਜ਼ਾਦ ਹੋਈਆਂ ਹਨ ਨਾ ਕਿ ਸਾਨੂੰ ਇਸਦਾ ਗੁਲਾਮ ਬਣਾਉਣ ਲਈ। ਇਸ ਲਈ ਇਨ੍ਹਾਂ ਦੀ ਦਰਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 
————- 

Laxman Singh 
Student: MAJMC (Part-II) 
Punjabi University, Patiala 
Mobile: 99880-45830

Read more