ਕਾਂਗਰਸ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ ਆਪਣਿਆਂ ਦੇ ਅਸਤੀਫ਼ੇ


ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੀ ਗੱਡੀ ਪੱਟੜੀ ਤੋਂ ਉੱਤਰਦੀ ਨਜਰ ਆ ਰਹੀ ਹੈ।ਕਾਂਗਰਸ ਪਾਰਟੀ ਨੂੰ  ਇਨ੍ਹਾਂ ਚੋਣਾਂ ਵਿੱਚ ਹਾਰ ਦੇ ਨਾਲ ਵੱਡਾ ਸਦਮਾ ਲੱਗਿਆ ਸੀ।ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਅਸਤੀਫ਼ੇ ਨੇ ਪਾਰਟੀ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਸਨ।ਕਾਂਗਰਸ ਪਾਰਟੀ ਵਿੱਚ ਪੈਦਾ ਹੋਏ ਇਸ ਮਹੌਲ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਿਆ ਹੈ।ਬੇਸ਼ਕ ਪੰਜਾਬ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਪੂਰੇ ਦੇਸ਼ ਦੇ ਮੁਕਾਬਲੇ ਵਧੀਆਂ ਰਿਹਾ ਸੀ ਅਤੇ ਪਾਰਟੀ 13 ਲੋਕ ਸਭਾ ਸੀਟਾਂ ਵਿੱਚੋਂ 8 ਸੀਟਾਂ ਜਿੱਤਿਆ ਸਨ।ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।ਬੇਸ਼ਕ ਕੈਪਟਨ ਅਮਰਿੰਦਰ ਸਿੰਘ ਵੱਲੋ ਸੁਨੀਲ ਜਾਖੜ ਦਾ ਅਸਤੀਫ਼ਾ ਮੰਨਜੂਰ ਨਾ ਕਰਨ ਦੀ ਚਿੱਠੀ ਲਿਖੀ ਗਈ ਹੈ ਪਰ ਪਾਰਟੀ ਪ੍ਰਧਾਨ ਦੀ ਗੈਰ ਹਾਜਰੀ ਵਿੱਚ ਅਸਤੀਫ਼ੇ ‘ਤੇ ਫ਼ੈਸਲਾ ਹੋਣ ਦੀ ਆਸ ਘੱਟ ਹੀ ਨਜਰ ਆਉਂਦੀ ਹੈ।ਆਪਣੇ ਅਸਤੀਫ਼ੇ ਤੋਂ ਬਾਅਦ ਸੁਨੀਲ ਜਾਖੜ ਵੀ ਸਿਆਸੀ ਮੈਦਾਨ ਵਿੱਚ ਚੁੱਪ ਹੀ ਨਜ਼ਰ ਆ ਰਹੇ ਹਨ।ਉਨ੍ਹਾਂ ਨੇ ਹਾਲ ਦੀ ਘੜੀ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ ਹੋਈ ਹੈ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਭਾਗ ਬਦਲੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਰਾਜ਼ਗੀ ਵੀ ਜੱਗ ਜਾਹਰ ਹੋ ਗਈ ਸੀ।ਬੇਸ਼ਕ ਕੈਪਟਨ ਨੇ ਸਿੱਧੂ ਨੂੰ ਬਿਜਲੀ ਵਿਭਾਗ ਦੀ ਕੁਰਸੀ ਦਿੱਤੀ ਸੀ ਪਰ ਸਿੱਧੂ ਨੇ ਵਿਭਾਗ ਦਾ ਅਹੁਦਾ ਨਹੀਂ ਸੰਭਾਲਿਆ ਸੀ।ਜਿਸ ਤੋਂ ਬਾਅਦ ਨਵਜੋਤ ਸਿੱਧੂ ਆਪਣਾ ਅਸਤੀਫ਼ਾ 10 ਜੂਨ ਨੂੰ ਰਾਹੁਲ ਗਾਂਧੀ ਨੂੰ ਸੋਂਪ ਆਏ ਸਨ।ਪਿਛਲੇ ਦਿਨੀ ਉਨ੍ਹਾਂ ਨੇ ਟਵਿਟਰ ‘ਤੇ ਅਸਤੀਫ਼ੇ ਦੀ ਫੋਟੋ ਸਾਂਝੀ ਕੀਤੀ ਸੀ ਅਤੇ ਅਸਤੀਫ਼ੇ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਸੀ।

ਕੈਪਟਨ ਅਮਰਿੰਦਰ ਸਿੰਘ ਅਸਤੀਫ਼ੇ ਨੂੰ ਪ੍ਰਵਾਨ ਕਰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ।ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤੋਂ ਗਰਮਾ ਗਈ ਹੈ।ਵੱਖ-ਵੱਖ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਆਪਣੇ ਨਾਲ ਜੁੜਨ ਦੇ ਸੱਦੇ ਦਿੱਤੇ ਜਾ ਰਹੇ ਹਨ।ਕਾਂਗਰਸ ਪਾਰਟੀ ਦੇ ਰਾਸ਼ਟਰੀ ਜਰਨਲ ਸਕੱਤਰ ਕੁਲਜੀਤ ਸਿੰਘ ਨਾਗਰਾ ਵੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਅਸਤੀਫ਼ਾ ਦੇ ਚੁੱਕੇ ਹਨ।


ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਦੋ ਜ਼ਿਮਨੀ ਚੋਣਾਂ ਹੋਣੀਆਂ ਹਨ।ਇਨ੍ਹਾਂ ਚੋਣਾਂ ਤੋ ਕਾਂਗਰਸੀ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫ਼ੇ ਪੇ੍ਰਸ਼ਾਨੀ ਦਾ ਸਬੱਬ ਬਣ ਸਕਦੇ ਹਨ।ਕਿਉਂਕਿ ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸ਼ੋਸਲ ਮੀਡੀਆ ‘ਤੇ ਸਿੱਧੂ ਦੇ ਹੱਕ ਵਿੱਚ ਅਵਾਜਾਂ ਉਠ ਰਹੀਆਂ ਹਨ। ਇਸ ਲਈ ਜੇਕਰ ਸਿੱਧੂ ਹੁਣ ਕੋਈ ਹੋਰ ਸਖ਼ਤ ਫ਼ੈਸਲਾ ਲੈ ਲੈਂਦੇ ਹਨ ਤਾਂ ਉਸਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।ਇਹ ਤਾਂ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ ਕਿ ਕਾਂਗਰਸ ਪਾਰਟੀ ਵਿੱਚ ਅਸਤੀਫਿਆਂ ਦਾ ਇਹ ਭੁਚਾਲ ਪਾਰਟੀ ਲਈ ਕਿੰਨਾ ਕੁ ਨੁਕਸਾਨ ਕਰਦਾ ਹੈ, ਫਿਲਹਾਲ ਕਾਂਗਰਸ ਪਾਰਟੀ ਲਈ ਆਪਣਿਆਂ ਦੇ ਅਸਤੀਫ਼ੇ ਹੀ ਸਿਰਦਰਦੀ ਬਣੇ ਸਕਦੇ ਹਨ।
      

Read more