ਕਰਤਾਰਪੁਰ ਲਾਂਘੇ ਦੇ ਨਿਰਮਾਣ ਨਾਲ ਸਿੱਖੀ ਪਛਾਣ ਨੂੰ ਕੌਮਾਂਤਰੀ ਪਧਰ ‘ਤੇ ਮਿਲੇਗੀ ਮਜਬੂਤੀ : ਦਮਦਮੀ ਟਕਸਾਲ ਮੁਖੀ

ਅਮ੍ਰਿਤਸਰ, 22 ਨਵੰਬਰ   – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੇਂਦਰੀ ਕੈਬਨਿਟ ਵਲੋਂ ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਈ ਲਾਂਘੇ ਦੇ ਨਿਰਮਾਣ ਸੰਬੰਧੀ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਲਏ ਗਏ ਉਕਤ ਫੈਸਲੇ ਨਾਲ ਸਿੱਖ ਕੌਮ ਦੀ ਕਾਫੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਜਿਸ ਲਈ ਉਹ ਕੇਦਰ ਦਾ ਧੰਨਵਾਦ ਕਰਦੇ ਹਨ। ਹੁਣ ਜਦ ਕਿ ਭਾਰਤ ਸਰਕਾਰ ਨੇ ਲਾਂਘਾ ਖੋਲਣ ਦਾ ਫੈਸਲਾ ਲਿਆ ਹੈ ਤਾਂ ਪਾਕਿਸਤਾਨ ਸਰਕਾਰ ਜਿਸ ਨੇ ਕਿ ਲਾਂਘੇ ਸੰਬੰਧੀ ਪਹਿਲ ਕਦਮੀ ਦਿਖਾ ਚੁਕੀ ਹੈ, ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਾਅਦੇ ‘ਤੇ ਅਮਲ ਕਰੇ ਅਤੇ ਕੌਮਾਂਤਰੀ ਸਰਹਦ ਤੱਕ ਲਾਂਘੇ ਦਾ ਨਿਰਮਾਣ ਤੁਰੰਤ ਸ਼ੁਰੂ ਕਰਵਾਵੇ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਲਾਂਘੇ ਦੀ ਖਬਰ ਨਾਲ ਸਮੁਚੀਆਂ ਸਿੱਖ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਹੁਣ ਸਿੱਖ ਭਾਈਚਾਰਾ ਅਤੇ ਨਾਨਕ ਨਾਮ ਲੇਵੇ ਸੰਗਤਾਂ ਬਿਨਾ ਵੀਜਾ ਗੁ: ਕਰਤਾਰ ਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੇ। ਉਹਨਾਂ ਕਿਹਾ ਕਿ ਕੌਮਾਂਤਰੀ ਸਰਹਦ ‘ਤੇ ਲਾਂਘੇ ਦੇ ਨਿਰਮਾਣ ਨਾਲ ਸਿੱਖ ਪਛਾਣ ਨੂੰ ਵਿਸ਼ਵ ਪਧਰ ‘ਤੇ ਹੋਰ ਮਜਬੂਤੀ ਮਿਲੇਗੀ। ਉਥੇ ਹੀ ਦੋਹਾਂ ਦੇਸ਼ਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਵੀ ਪਕੇਰਿਆਂ ਕਰਨ ‘ਚ ਮਦਦ ਮਿਲੇਗੀ। 

Read more