ਕਦੋਂ ਤਕ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕੇਗੀ ਕਾਂਗਰਸ: ਮੋਦੀ

ਅਕਾਲੀ ਦਲ ਪ੍ਰਧਾਨ ਨੇ ਅਰਦਾਸ ਕੀਤੀ ਕਿ ਜਿਹਨਾਂ ਬੇਅਦਬੀ ਕੀਤੀ ਜਾਂ ਇਸ ਦੀ ਸਾਜ਼ਿਸ਼ ਰਚੀ ਅਤੇ ਜਿਹੜੇ ਇਸ ਉੱਤੇ ਸਿਆਸਤ ਕਰ ਰਹੇ, ਪ੍ਰਮਾਤਮਾ ਉਹਨਾਂ ਖਾਨਦਾਨ ਖ਼ਤਮ ਕਰ ਦੇਵੇ

ਹਰਸਿਮਰਤ ਬਾਦਲ ਨੇ ਲੋਕਾਂ ਨੰੂੰ ਅਪੀਲ ਕੀਤੀ ਕਿ ਅਮਰਿੰਦਰ ਸਰਕਾਰ ਤੋਂ ਜਲਦੀ ਖਹਿੜਾ ਛੁਡਾਉਣ ਲਈ ਕਾਂਗਰਸ ਦੇ ਸਾਰੇ 13 ਉਮੀਦਵਾਰਾਂ ਨੂੰ ਹਰਾ ਦੇਣ

ਬਠਿੰਡਾ/13 ਮਈ:ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਪਾਰਟੀ ਨੂੰ ਪੁੱਛਿਆ ਕਿ ਉਹ 1984 ਸਿੱਖ ਕਤਲੇਆਮ ਨੂੰ ਸਹੀ ਠਹਿਰਾ  ਕੇ ਕਦੋਂ ਤਕ ਸਿੱਖਾਂ ਦੇ ਜ਼ਖ਼ਮਾਂ ਉਤੇ ਨਮਕ ਛਿੜਕਦੀ ਰਹੇਗੀ? ਇਸ ਦੇ ਨਾਲ ਹੀ ਉਹਨਾਂ ਕਾਂਗਰਸ ਉੱਤੇ ਹਮੇਸ਼ਾਂ ਕਤਲੇਆਮ ਦੇ ਦੋਸ਼ੀਆਂ ਨੂੰ ਵੱਡੇ ਅਹੁਦੇ ਦੇ ਕੇ ਸਨਮਾਨਿਤ ਕਰਨ ਦਾ ਦੋਸ਼ ਵੀ ਲਾਇਆ।

ਇੱਥੇ ਹਨੇਰੀ ਆਉਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨੂੰ ਸੁਣਨ ਵਾਸਤੇ ਡਟੇ ਬੈਠੇ ਰਹੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਨਾਮਦਾਰ (ਕਾਂਗਰਸ ਪ੍ਰਧਾਨ ਰਾਹੁਲ ਗਾਂਧੀ) ਨੂੰ ਆਪਣੇ ਸਿਆਸੀ ਗੁਰੂ ਅਤੇ ਸਲਾਹਕਾਰ ਦੇ 1984 ਵਿਚ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਉਣ ਵਾਲੇ ਬਿਆਨ ‘ਹੂਆ ਤੋ ਹੂਆ’ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ 35 ਸਾਲਾਂ ਤਕ 1984 ਦੇ ਪੀੜਤਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਸਕਿਆ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਆਸ਼ੀਰਵਾਦ ਨਾਲ ਅਸੀਂ ਇੱਕ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ।ਉਹਨਾਂ ਕਿਹਾ ਕਿ ਬਾਕੀ ਬਚਦੇ ਦੋਸ਼ੀਆਂ ਦਾ ਵੀ ਇਹੋ ਹਸ਼ਰ ਹੋਵੇਗਾ।

ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਨਾ ਸਿਰਫ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਇਆ ਸੀ, ਸਗੋਂ ਉਹਨਾਂ ਵਿਚੋਂ ਇੱਕ ਕਮਲ ਨਾਥ ਨੂੰ ਪੰਜਾਬ ਵਿਚ ਪਾਰਟੀ ਇੰਚਾਰਜ ਲਾ ਦਿੱਤਾ ਸੀ। ਉਹਨਾਂ ਕਿਹਾ ਕਿ ਜਦੋਂ ਕਮਲ ਨਾਥ ਦੇ ਖਿਲਾਫ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਤਾਂ ਉਸ ਨੂੰ ਤਰੱਕੀ ਦੇ ਕੇ  ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ।

ਸ੍ਰੀ ਕਰਤਾਰਪੁਰ ਸਾਹਿਬ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 1947 ਵਿਚ ਕਾਂਗਰਸ ਪਾਰਟੀ ਦੀ ਅੱਤ ਦੀ ਲਾਪਰਵਾਹੀ ਕਰਕੇ ਹੀ ਇਹ ਗੁਰਦੁਆਰਾ ਪਾਕਿਸਤਾਨ ਵਾਲੇ ਹਿੱਸੇ ਵਿਚ ਰਹਿ ਗਿਆ ਸੀ। ਉਹਨਾਂ ਕਿਹਾ ਕਿ ਹੁਣ ਵੀ ਕਾਂਗਰਸੀ ਪਾਕਿਸਤਾਨ ਦੇ ਸੋਹਲੇ ਗਾ ਰਹੇ ਹਨ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਹਨਾਂ ਨੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਵਿਚ ਏਮਜ਼ ਲਿਆਉਣ ਵਾਸਤੇ ਕੀਤੇ ਸਿਰਤੋੜ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਆਪਣੇ ਭਾਸ਼ਣ ਵਿਚ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਖੌਤੀ ਬਰਗਾੜੀ ਮੋਰਚਾ ਅਤੇ ਬਾਕੀ ਜਾਅਲੀ ਪੰਥਕ ਜਥੇਬੰਦੀਆਂ ਨੂੰ ਹਜ਼ਾਰਾਂ ਸਿੱਖਾਂ ਦੇ ਕਾਤਿਲਾਂ ਨੂੰ ਬਰਗਾੜੀ ਵਿਚ ਰੈਲੀ ਉੱਤੇ ਸੱਦਾ ਦੇਣ ਲਈ ਸਖ਼ਤ ਫਟਕਾਰ ਲਾਈ। ਉਹਨਾਂ ਕਿਹਾ ਕਿ ਜਿਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕਰਮਾ ਨੂੰ ਲਹੂਲੁਹਾਨ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਸਾਡੇ ਪਾਵਨ ਗ੍ਰੰਥਾਂ ਦੇ ਸੈਂਕੜੇ ਸਰੂਪਾਂ ਦੀ ਬੇਅਦਬੀ ਕੀਤੀ, ਕੀ ਉਹ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰਾਖੀ ਕਰਨਗੇ?  ਉਹਨਾਂ ਤਨਜ਼ ਕਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਉਸ ਦੇ ਪਿਆਦੇ ਬਰਗਾੜੀ ਮੋਰਚੇ ਦੇ ਆਗੂਆਂ ਦਾ ਕਿੰਨਾ ਤੇਜ਼ ਦਿਮਾਗ ਹੈ ਕਿ ਉਹ ਖਾਲਸਾ ਪੰਥ ਦੇ ਸਨਮਾਨ ਦੀ ਰਾਖੀ ਲਈ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਇੱਕ ਪਰਿਵਾਰਕ ਮੈਂਬਰ ਨੂੰ ਬੁਲਾ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਇੰਦਰਾ ਗਾਂਧੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਚਾੜ੍ਹੇ ਤੋਪਾਂ ਤੇ ਟੈਕਾਂ ਅਤੇ ਢਹਿ ਢੇਰੀ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੰਜ਼ਰ ਨਾ ਭੁੱਲੇ ਅਤੇ ਨਾ ਹੀ ਕਦੇ ਭੁੱਲਣਗੇ। ਉਹ ਰਾਜੀਵ ਗਾਂਧੀ ਵੱਲੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਰਵਾਏ ਕਤਲੇਆਮ ਨੂੰ ਵੀ ਨਾ ਕਦੇ ਭੁੱਲਣਗੇ ਅਤੇ ਨਾ ਹੀ ਮੁਆਫ ਕਰਨਗੇ।

ਸਰਦਾਰ ਬਾਦਲ ਨੇ ਪਰਮਾਤਮਾ ਅੱਗੇ ਕੀਤੀ ਆਪਣੀ ਅਰਦਾਸ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਜਿਹਨਾਂ ਨੇ ਬੇਅਦਬੀ ਕੀਤੀ ਜਾਂ ਕਰਵਾਈ, ਪਰਮਾਤਮਾ ਉਸ ਦਾ ਸਾਰਾ ਖਾਨਦਾਨ ਹੀ ਖ਼ਤਮ ਕਰ ਦੇਣ ਤੇ ਮੈਂ ਇਹ ਵੀ ਅਰਦਾਸ ਕਰਦਾ ਹਾਂ ਕਿ ਜਿਹੜੇ ਬੇਅਦਬੀ ਦੇ ਨਾਂ ‘ਤੇ ਸਿਆਸਤ ਕਰਦੇ ਹਨ, ਉਹਨਾਂ ਦਾ ਵੀ ਕੱਖ ਨਾ ਰਹੇ।

ਇਸ ਮੌਕੇ ਬੀਬੀ ਹਰਸਿਮਰਤ ਬਾਦਲ ਨੇ ਅਕਾਲੀ-ਭਾਜਪਾ ਗਠਜੋੜ ਵੱਲੋਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਨੇਰੀ ਦੇ ਬੱਦਲ ਕਾਂਗਰਸ ਪਾਰਟੀ ਨੂੰ ਆਪਣੇ ਨਾਲ ਉਡਾ ਕੇ ਲੈ ਜਾਣਗੇ ਅਤੇ ਲੋਕਾਂ ਨੂੰ ਕਾਂਗਰਸ ਦੇ ਸਾਰੇ 13 ਉਮੀਦਵਾਰਾਂ ਨੂੰ ਹਰਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਰਾਜੇ ਦੀ ਰਾਣੀ ਨੂੰ ਹਰਾਓ ਅਤੇ ਕੈਪਟਨ ਸਰਕਾਰ ਦੀ ਰਵਾਨਗੀ ਦੀ ਨੀਂਹ ਰੱਖ ਦਿਓ।

ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਸਾਰੇ ਅਕਾਲੀ-ਭਾਜਪਾ ਦੇ 13 ਉਮੀਦਵਾਰਾਂ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ।

Read more