ਐਸਓਆਈ ਵੱਲੋਂ ਚੰਡੀਗੜ੍ਹ ਇਕਾਈ ਦੇ ਜਥੇਬੰਦਕ ਢਾਂਚੇ ਦਾ ਐਲਾਨ


ਚੰਡੀਗੜ੍ਹ/13 ਅਗਸਤ:ਪੰਜਾਬ ਯੂਨੀਵਰਸਿਟੀ ਅਤੇ ਸ਼ਹਿਰ ਅੰਦਰ ਇਸ ਨਾਲ ਸੰਬੰਧਿਤ ਕਾਲਜਾਂ ਅੰਦਰ ਹੋਣ ਜਾ ਰਹੀਆਂ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਐਸਓਆਈ) ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਅਤੇ ਸ਼ਹਿਰ ਦੇ ਬਾਕੀ ਕਾਲਜਾਂ ਅੰਦਰ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ ਅੰਦਰ ਐਸਓਆਈ ਇਕਾਈਆਂ ਦੇ ਪ੍ਰਧਾਨਾਂ ਅਤੇ ਬਾਕੀ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਐਸਓਆਈ ਦੇ ਕੌਮੀ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਬਰਾੜ ਨੇ ਇਕਬਾਲ ਪ੍ਰੀਤ ਸਿੰਘ ਨੂੰ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਇਕੱਤਰ ਹੋਏ ਚਾਰ-ਪੰਜ ਸੌ ਦੇ ਕਰੀਬ ਐਸਓਆਈ ਦੇ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਐਸਓਆਈ ਦੇ ਟੀਚਿਆਂ ਅਤੇ ਉਦੇਸ਼ਾਂ ਬਾਰੇ ਜਾਣੂ ਕਰਵਾਉਣ ਲਈ ਸਖ਼ਤ ਮਿਹਨਤ ਕਰਨ।  ਉਹਨਾਂ ਦੱਸਿਆ ਕਿ ਐਸਓਆਈ ਹਰ ਸਾਲ ਤੇਜ਼ੀ ਨਾਲ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ।
ਸਰਦਾਰ ਬਰਾੜ ਨੇ ਦੱਸਿਆ ਕਿ ਵਿਦਿਆਰਥੀ ਜਥੇਬੰਦੀ ਦਾ ਹਰ ਸਾਲ ਪੁਨਰਗਠਨ ਇਸ ਲਈ ਲਾਜ਼ਮੀ ਹੁੰਦਾ ਹੈ, ਕਿਉਂਕਿ ਇਕ-ਤਿਹਾਈ ਵਿਦਿਆਰਥੀ ਕਾਲਜਾਂ ਅਤੇ ਯੂਨੀਵਰਸਿਟੀ ਵਿਚੋਂ ਪੜ੍ਹਾਈ ਪੂਰੀ ਕਰਕੇ ਚਲੇ ਜਾਂਦੇ ਹਨ ਅਤੇ ਲਗਭਗ ਇੰਨੇ ਹੀ ਵਿਦਿਆਰਥੀ ਉੱਚੀ ਪੜ੍ਹਾਈ ਲਈ ਹੋਰ ਸੰਸਥਾਨਾਂ ਵਿਚ ਚਲੇ ਜਾਣਗੇ।  ਇਸ ਲਈ ਐਸਓਆਈ ਅੰਦਰ ਨਵੇਂ ਚਿਹਰੇ ਸ਼ਾਮਿਲ ਕੀਤੇ ਜਾਣਗੇ।
ਸਰਦਾਰ ਬਰਾੜ ਨੇ ਉਮੀਦ ਪ੍ਰਗਟ ਕੀਤੀ ਕਿ ਸ਼ਹਿਰ ਵਿਚ ਹੋਣ ਜਾ ਰਹੀਆਂ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਵਿਚ ਐਸਓਆਈ ਚੰਗੀ ਕਾਰਗੁਜ਼ਾਰੀ ਵਿਖਾਏਗੀ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਐਸਓਆਈ ਆਪਣੀਆਂ ਹਮਖ਼ਿਆਲ ਪਾਰਟੀਆਂ ਨਾਲ ਗਠਜੋੜ ਕਰਨ ਲਈ ਤਿਆਰ ਹੈ।
ਬਾਕੀ ਨਿਯੁਕਤੀਆਂ ਵਿਚ ਐਸਡੀ ਕਾਲਜ ਦੇ ਸਾਬਕਾ ਪ੍ਰਧਾਨ ਕਰਨ ਮਲਿਕ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਕਰਨ ਚੌਧਰੀ ਨੂੰ ਸਕੱਤਰ ਥਾਪਿਆ ਗਿਆ ਹੈ। ਅੰਤਰਜੋਤ ਕੌਰ ਨੂੰ ਐਸਡੀ ਕਾਲਜ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਗੁਰਬਿੰਦਰ ਸਿੰਘ ਨੂੰ ਐਸਐਸਜੀਐਸ ਕਾਲਜ ਦਾ ਪ੍ਰਧਾਨ, ਦਿਲਬਾਗ ਸਿੰਘ ਨੂੰ ਪੀਜੀਜੀਸੀਐਮ-ਸੈਕਟਰ 11 ਦਾ ਪ੍ਰਧਾਨ ਅਤੇ ਉਦੇਸ਼ ਰਾਣਾ ਨੂੰ ਡੀਈਵੀ ਕਾਲਜ-ਸੈਕਟਰ 10 ਦਾ ਪ੍ਰਧਾਨ ਚੁਣਿਆ ਗਿਆ ਹੈ। 

Read more