ਐਸਓਆਈ ਵਲੋਂ ਵਿਸ਼ਾਲ ਯੂਥ ਰੈਲੀ : ਕਾਂਗਰਸ ਤੇ ਆਪ ਵਲੋਂ ਮਾਰੀ ਠੱਗੀ ਦਾ ਬਦਲਾ ਲੈਣਗੇ ਨੌਜਵਾਨ

-ਨੌਜਵਾਨਾਂ ਤੇ ਬੇਰੁਜ਼ਗਾਰਾਂ ਦੀਆਂ ਭਾਵਨਾਵਾਂ ਨਾਲ ਹੋਇਆ ਖਿਲਵਾੜ : ਪਰਮਿੰਦਰ ਬਰਾੜ

-ਐਸਓਆਈ ਬਣੇਗੀ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼

-ਕੈਪਟਨ ਨੂੰ ਵਿਦਿਆਰਥੀ ਤੇ ਬੇਰੁਜ਼ਗਾਰ ਸਿਖਾਉਣਗੇ ਸਬਕ 

-ਨੌਕਰੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ,ਕਰਜਾ ਮੁਆਫ ਬੀਬੀ ਭੱਠਲ ਦਾ ਅਤੇ ਰੁਜ਼ਗਾਰ ਮੰਤਰੀਆਂ ਨੂੰ ਮਿਲਿਆ

ਜਲੰਧਰ, 7 ਫਰਵਰੀ

ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੱਤਾ ਹਥਿਆਉਣ ਲਈ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਬਹੁਤ ਵੱਡੀ ਠੱਗੀ ਮਾਰੀ ਹੈ, ਜਿਸ ਦਾ ਬਦਲਾ ਸੂਬੇ ਦੇ ਨੌਜਵਾਨ ਲੈ ਕੇ ਰਹਿਣਗੇ। ਕਾਂਗਰਸ ਨੇ ਵਿਧਾਨ  ਸਭਾ ਚੋਣਾਂ ਮੌਕੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੇ, ਮੁਫਤ ਸਮਾਰਟ ਫੋਨ ਦਿੱਤੇ ਜਾਣਗੇ, ਵਜ਼ੀਫੇ ਦਿੱਤੇ ਜਾਣਗੇ, ਮੁਫਤ ਵਿੱਦਿਆ ਦੀ ਸਹੂਲਤ ਦਿੱਤੀ ਜਾਵੇਗੀ ਪ੍ਰੰਤੂ ਸਰਕਾਰ ਬਣਦੇ ਸਾਰ ਹੀ ਕੈਪਟਨ ਸਰਕਾਰ ਨੂੰ ਸਾਰੇ ਵਾਅਦੇ ਭੁੱਲ ਗਏ।  

ਉਕਤ ਪ੍ਰਗਟਾਵਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਸਥਾਨਕ ਰੈਡ ਕਰਾਸ ਭਵਨ ਜਲੰਧਰ ਵਿਖੇ ਨੌਜਵਾਨ ਵਿਦਿਆਰਥੀਆਂ ਦੀ ਵਿਸ਼ਾਲ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿੱਥੇ ਝੂਠ ਦੇ ਬਲਬੂਤੇ ਉਤੇ ਸੂਬੇ ਵਿਚ ਸਰਕਾਰ ਬਣਾਈ ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਨੌਜਵਾਨਾਂ, ਕਿਸਾਨਾਂ, ਗਰੀਬਾਂ ਨੂੰ ਆਪਣੇ ਗੁੰਮਰਾਹਕੁੰਨ ਪ੍ਰਚਾਰ ਵਿਚ ਫਸਾ ਕੇ  ਉਨ੍ਹਾਂ ਦਾ ਨੁਕਸਾਨ ਕੀਤਾ। ਕੈਪਟਨ ਸਰਕਾਰ ਨੇ  ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਵਜ਼ੀਫੇ ਅਤੇ  ਸਮਾਰਟ ਫੋਨ ਤਾਂ ਕੀ ਦੇਣੇ ਸੀ ਸਗੋਂ ਉਨ੍ਹਾਂ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਬਹਾਨੇ ਕਾਲਜਾਂ ‘ਚ ਪ੍ਰਾਈਵੇਟ ਕੰਪਨੀਆਂ ਦੇ ਜਾਅਲੀ ਨੌਕਰੀ ਮੇਲੇ ਲਾ ਕੇ ਨੌਜਵਾਨਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਬਰਾੜ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਾਂਝੀਆਂ ਸਾਜਿਸ਼ਾਂ ਤੋਂ ਜਾਗਰੂਕ ਹੋ ਰਹੇ ਹਨ ਅਤੇ ਹੁਣ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਦਮ ਲੈਣਗੇ।  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝੂਠ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਬਲਬੂਤੇ ਉਤੇ ਹੀ ਸਰਕਾਰ ਬਣਾਈ ਹੈ, ਜਿਹੜੀ ਹੀ ਡਾਵਾਂਡੋਲ ਹੋਈ ਪਈ ਹੈ। ਐਸਓਆਈ ਨੌਜਵਾਨਾਂ ਨੂੰ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਅਤੇ ਕਿਸਾਨਾਂ ਦੇ ਕਰਜ਼ਿਆਂ ਉਤੇ ਮੁਕੰਮਲ ਲਕੀਰ ਫੇਰਨ ਦੇ ਕੀਤੇ ਵਾਅਦਿਆਂ ਤੋਂ ਕਾਂਗਰਸ ਸਰਕਾਰ ਨੂੰ ਭੱਜਣ ਨਹੀਂ ਦੇਵੇਗੀ ਅਤੇ ਯੂਥ ਦੀ ਕਚਹਿਰੀ ਵਿਚ ਹੀ ਨੰਗਾ ਕਰੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਨਿੱਤ ਨਵੇਂ ਬਹਾਨੇ ਘੜ ਰਹੀ ਹੈ। 

ਭਰਵੀਂ ਰੈਲੀ ਦੌਰਾਨ ਪੰਜਾਬ ਸਰਕਾਰ ਉੱਤੇ ਸਿਆਸੀ  ਹਮਲੇ ਕਰਦਿਆਂ ਐਸਓਆਈ ਦੇ ਪ੍ਰਧਾਨ ਪਰਮਿੰਦਰ ਬਰਾੜ ਨੇ ਕਿਹਾ ਕੈਪਟਨ ਜਿਨ੍ਹਾਂ ਸੈਂਕੜੇ ਚੋਣ ਵਾਆਦਿਆਂ ਤੋਂ ਮੁਕਰਿਆ ਹੈ ਉਨ੍ਹਾਂ ‘ਚ ਵਿਦਿਆਰਥੀਆਂ ਨਾਲ ਕੀਤੇ 41 ਅਤੇ ਬੇਰੁਜ਼ਗਾਰਾਂ ਨਾਲ ਕੀਤੇ ਹੋਏ 50 ਤੋਂ ਵੱਧ ਵਾਅਦੇ ਵੀ ਸ਼ਾਮਿਲ ਹਨ। ਇਹ ਸਾਰੇ ਵਾਆਦੇ 2017 ਦੀ ਵਿਧਾਨ ਸਭਾ ਚੋਣ ਮੌਕੇ ਜਾਰੀ ਕੀਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਪੰਨਾ ਨੰਬਰ 51 ਤੋਂ 58 ਤੱਕ ਅਤੇ 86 ਤੋਂ 91 ਤੱਕ ਕੁੱਲ 14 ਪੰਨਿਆਂ ਉੱਤੇ ਅੰਕਿਤ ਹਨ। ਇਨ੍ਹਾਂ ਵਾਆਦਿਆਂ ਚ ਘਰ ਘਰ ਨੌਕਰੀ ਦੇਣਾ, ਸ਼ਹੀਦ ਭਗਤ ਸਿੰਘ ਰੁਜ਼ਗਾਰ ਯੋਜਨਾ, ਆਪਣੀ ਗੱਡੀ ਆਪਣਾ ਰੁਜ਼ਗਾਰ ਯੋਜਨਾ, ਹਰਾ ਟਰੈਕਟਰ ਯੋਜਨਾ, ਬੇਰੁਜ਼ਗਾਰਾਂ ਨੂੰ 2500 ਰੂਪੈ ਮਹੀਨਾ ਭੱਤਾ,ਜੀਡੀਪੀ ਦਾ 6% ਸਿਖਿਆ ਉੱਤੇ ਖਰਚ ਕਰਨਾ, ਡਿਜ਼ੀਟਲ ਸਿਖਿਆ, ਪਹਿਲੇ 100 ਦਿਨਾਂ ਚ 50 ਨਵੇਂ ਡਿਗਰੀ ਕਾਲਜ ਖੋਲਣੇ,ਵਿਦਿਆਰਥੀਆਂ ਨੂੰ ਮੁਫਤ ਟਰਾਂਸਪੋਰਟ ਸਹੂਲਤ, ਪ੍ਰਤਾਪ ਸਿੰਘ ਕੈਰੋਂ ਸਕਾਲਰਸ਼ਿਪ ਯੋਜਨਾ,ਆਦਿ ਸ਼ਾਮਿਲ ਹਨ ਜਿਨ੍ਹਾਂ ਤੋਂ ਕੈਪਟਨ ਮੁਕਰਿਆ ਹੈ ਅਤੇ ਇੱਕ ਵੀ ਵਾਆਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕੈਪਟਨ ਨੇ ਰੁਜ਼ਗਾਰ ਤਾਂ ਕੀ ਦੇਣਾ ਸੀ ਬਲਕਿ 45000 ਹਜਾਰ ਤਨਖਾਹ ਲੈਣ ਵਾਲੇ ਅਧਿਆਪਕਾਂ ਦੀਆਂ ਤਨਖਾਹਾਂ ਉੱਤੇ ਕੱਟ ਲਾਕੇ 15000 ਤਨਖਾਹ ਕਰ ਦਿੱਤੀ ਹੈ, ਮੁਲਜ਼ਮਾਂ ਨੂੰ ਡੀਏ ਦੀਆਂ ਪੰਸ ਕਿਸ਼ਤਾਂ ਨਹੀਂ ਦਿੱਤੀਆਂ, ਸੈਂਕੜੇ ਠੇਕਾ ਅਧਾਰਿਤ ਕਾਮਿਆਂ ਨੂੰ ਨੌਕਰੀਆਂ ਤੋਂ ਹਟਾਇਆ ਗਿਆ, ਹੱਕ ਮੰਗਣ ਵਾਲਿਆਂ ਨੂੰ ਲਾਠੀਆਂ,ਜੇਲ੍ਹਾਂ ਅਤੇ ਨੌਕਰੀਆਂ ਤੋਂ ਬਰਖਾਸਤਗੀ ਦੇ ਹੁਕਮ ਮਿਲ ਰਹੇ ਹਨ। ਪੰਜਾਬ ਚ ਸਰਕਾਰ ਨਾਂਅ ਦੀ ਕੋਈ ਸ਼ੈਅ ਨਹੀਂ ਹਰ ਪਾਸੇ ਹਾਹਾਕਾਰ ਮੱਚੀ ਪਈ ਹੈ। ਕਿਸੇ ਵਿਧਾਇਕ ਦੀ ਸੁਣਵਾਈ ਨਹੀਂ ਹੋ ਰਹੀ ਆਮ ਲੋਕਾਂ ਦੀਆਂ ਤਕਲੀਫਾਂ ਕੌਣ ਸੁਣੇਗਾ ਕੈਪਟਨ ਦੋ ਸਾਲਾਂ ਤੋਂ ਮਹਿਲਾਂ ਚੋਂ ਬਾਹਰ ਨਹੀਂ ਆਇਆ। 

ਕੈਪਟਨ ਨੇ ਘਰ ਘਰ ਰੁਜਗਾਰ ਦੇਣ ਦਾ ਵਾਆਦਾ ਬੇਰੁਜ਼ਗਾਰਾਂ ਨਾਲ ਨਹੀਂ ਨਿਭਾਇਆ ਬਲਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਤਾਮਿਲਨਾਡੂ ਤੋਂ ਲਿਆਂਦੀ ਗਈ ਬੀਏ ਦੀ ਡਿਗਰੀ ਦੇ ਆਧਾਰ ਉੱਤੇ ਡੀਐਸਪੀ ਭਰਤੀ ਕਰਕੇ ਆਪਣਾ ਧੜਾ ਮਜ਼ਬੂਤ ਕੀਤਾ ਹੈ,ਬੀਬੀ ਰਾਜਿੰਦਰ ਕੌਰ ਭੱਠਲ ਦਾ 40 ਲੱਖ ਦਾ ਬਕਾਇਆ ਮੁਆਫ ਕਰ ਦਿੱਤਾ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਰੇਤ ਦੀਆਂ ਖੱਡਾਂ ਦੇ ਮਾਲਕ ਬਣਾ ਕੇ ਲੁੱਟ ਰੂਪੀ ਰੁਜ਼ਗਾਰ ਦਿੱਤਾ ਹੋਇਆ ਹੈ।ਕੈਪਟਨ ਸਰਕਾਰ ਰੁਜ਼ਗਾਰ ਮੇਲਿਆਂ ਦੇ ਨਾਂਅ ਉੱਤੇ ਬੇਰੁਜ਼ਗਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਕੋਲੋਂ ਖੱਜਲ ਖੁਆਰ ਕਰਵਾ ਰਹੀਂ ਹੈ ਜਿਸ ਕਰਕੇ ਬੇਰੁਜ਼ਗਾਰਾਂ ਨੇ ਡਰਾਮਾ ਰੂਪੀ ਇਨ੍ਹਾਂ ਮੇਲਿਆਂ ਚ ਜਾਣਾ ਬੰਦ ਕਰ ਦਿੱਤਾ ਹੈ। ਵਿਦਿਆਰਥੀ ਨੇਤਾ ਬਰਾੜ ਨੇ ਵਿਦਿਆਰਥੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਪੰਜਾਬ ਚ 60 ਫੀਸਦੀ ਵੋਟਾਂ ਨੌਜਵਾਨਾਂ ਦੀਆਂ ਹਨ,ਆਪਾਂ ਇੱਕਠੇ ਹੋਈਏ ਅਤੇ ਆਪਣੀ ਸਰਕਾਰ ਬਣਾਈਏ।

ਇਸ ਮੌਕੇ ਐਸਓਆਈ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਡੱਲੀ ਨੇ ਵੀ ਵਿਦਿਆਰਥੀ ਦੀ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਕਾਂਗਰਸ ਸਰਕਾਰ ਉਤੇ ਨੌਜਵਾਨਾਂ ਨਾਲ ਵਾਅਦਾਖਿਲਾਫੀ ਦੇ ਦੋਸ਼ ਲਾਏ ਉਥੇ ਹੀ ਆਮ ਆਦਮੀ ਪਾਰਟੀ ਵਲੋਂ ਨੌਜਵਾਨਾਂ ਨੂੰ ਵਰਗਲਾਉਣ ਲਈ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਗਏ ਗੁੰਮਰਾਹਕੁੰਮਨ ਪ੍ਰਚਾਰ ਲਈ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵਾਂ ਨੇ ਰਲ ਕੇ ਪੰਜਾਬ ਦੇ ਯੂਥ ਨਾਲ ਵੱਡੀ ਠੱਗੀ ਮਾਰੀ ਹੈ।  

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ ਭੁੱਲਰ, ਗੁਰਵਿੰਦਰ ਸਿੰਘ ਗੋਨੀ, ਅਮਰਿੰਦਰ ਹੁਸੈਨਪੁਰ, ਰਣਬੀਰ ਸਿੰਘ, ਲਵਪ੍ਰੀਤ ਘੁੰਮਣ, ਸੰਪੂਰਨ ਸਿੰਘ, ਰਾਜਿੰਦਰ ਸਿੰਘ ਮੰਗੀ, ਮਨਪ੍ਰੀਤ ਸਿੰਘ, ਦਮਨ ਟਿੰਬਰ, ਜੱਗੀ ਟਿੰਬਰ, ਬਲਜਿੰਦਰ ਔਲਖ, ਅੰਮ੍ਰਿਤਬੀਰ ਸਿੰਘ, ਅਜੈਬ ਖਤਨ, ਮਨਸਿਮਰਨ ਮੱਕੜ ਅਤੇ ਆਲਮ ਮੱਕੜ ਹੋਰਨਾਂ ਨੇ ਵੀ ਸੰਬੋਧਨ ਕੀਤਾ। 

Read more