‘ਆਪ’ ਵੱਲੋਂ ਪੰਜਾਬੀ ਸਮੇਤ ਸਾਰੀਆਂ ਖੇਤਰੀ ਜ਼ੁਬਾਨਾਂ ਦੇ ਪ੍ਰਸਾਰ ਅਤੇ ਸਤਿਕਾਰ ਦੀ ਵਕਾਲਤ

ਚੰਡੀਗੜ੍ਹ, 19 ਸਤੰਬਰ 2019: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੀ ਮਾਤ-ਭਾਸ਼ਾ ਪੰਜਾਬ ਸਮੇਤ ਦੇਸ਼ ਭਰ ਦੀਆਂ ਖੇਤਰੀ ਜ਼ੁਬਾਨਾਂ ਦੇ ਹੱਕ ‘ਚ ਡਟਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਇੱਕ ਰਾਸ਼ਟਰ-ਇੱਕ ਭਾਸ਼ਾ’ ਨਾਅਰੇ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਇਸ ਦੇ ਨਾਲ ਹੀ ‘ਹਿੰਦੀ ਦਿਵਸ’ ਮੌਕੇ ਭਾਸ਼ਾ ਵਿਭਾਗ ਪਟਿਆਲਾ ‘ਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨਾਲ ਹੋਈ ਬੇਲੋੜੀ ਬਦਜ਼ੁਬਾਨੀ ਅਤੇ ਪੰਜਾਬੀ ਭਾਸ਼ਾ ਬਾਰੇ ਹੋਈਆਂ ਅਪਮਾਨਜਨਕ ਟਿੱਪਣੀਆਂ ‘ਤੇ ਅਫ਼ਸੋਸ ਜਤਾਉਂਦੇ ਹੋਏ ‘ਆਪ’ ਨੇ ਇਸ ਤਰ੍ਹਾਂ ਦੀ ‘ਅਬੌਧਿਕ ਪ੍ਰਵਿਰਤੀ’ ਰੱਖਣ ਵਾਲਿਆਂ ਦੀ ਨਿਖੇਧੀ ਕੀਤੀ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ, ਸਕੱਤਰ ਪ੍ਰੋ. ਭੀਮ ਇੰਦਰ ਅਤੇ ਵਪਾਰ ਵਿੰਗ ਦੀ ਪ੍ਰਧਾਨ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਬਿਨਾ ਸ਼ੱਕ ਹਿੰਦੀ ਦੇਸ਼ ਦੀ ਸੰਪਰਕ ਭਾਸ਼ਾ ਹੈ, ਪਰੰਤੂ ਇਸ ਨੂੰ ਮਾਂ-ਬੋਲੀਆਂ ਦੀ ਕੀਮਤ ‘ਤੇ ਥੋਪਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਸ਼ਟਰੀ ਭਾਸ਼ਾ ਹੋਣ ਦੇ ਨਾਤੇ ਆਮ ਆਦਮੀ ਪਾਰਟੀ (ਪੰਜਾਬ) ਹਿੰਦੀ ਦਾ ਉਸੇ ਸ਼ਿੱਦਤ ਨਾਲ ਸਨਮਾਨ ਕਰਦੀ ਹੈ, ਜਿਨ੍ਹਾਂ ਆਪਣੀ ਮਾਖਿਓ ਮਿੱਠੀ ਮਾਤ-ਭਾਸ਼ਾ ਪੰਜਾਬੀ ਨੂੰ ਪਿਆਰ ਅਤੇ ਇਸ ‘ਤੇ ਮਾਣ ਕਰਦੀ ਹੈ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਭਾਰਤ ਦੇਸ਼ ਦੀ ਖ਼ੂਬਸੂਰਤੀ ਅਤੇ ਖ਼ਾਸੀਅਤ ਇਸ ਮੁਲਕ ਦੀ ਭਾਸ਼ਾਈ, ਸਭਿਆਚਾਰਕ ਅਤੇ ਖੇਤਰੀ ਵੰਨ-ਸਵੰਨਤਾ ਕਰ ਕੇ ਹੀ ਹੈ। ਇਹੋ ਵਭਿੰਨਤਾ ਦੇਸ਼ ਦੀ ਤਾਕਤ ਅਤੇ ਇੱਕਜੁੱਟ-ਇੱਕਮੁੱਠ ਪ੍ਰਭੂ ਸੱਤਾ ਦਾ ਮਾਣ ਹੈ। ਇਹੋ ਕਾਰਨ ਹੈ ਕਿ ਦੇਸ਼ ਵਿਰੋਧੀ ਬਾਹਰੀ ਤਾਕਤਾਂ ਹਮੇਸ਼ਾ ਇਸ ਤਾਕ ‘ਚ ਰਹਿੰਦੀਆਂ ਹਨ ਕਿ ਵੱਖ-ਵੱਖ ਮੋਤੀਆਂ ਨਾਲ ਪਰੋਈ ਭਾਰਤੀ ਮਾਲਾ ਨੂੰ ਭਾਸ਼ਾ, ਖੇਤਰਵਾਦ, ਸਭਿਆਚਾਰਕ ਅਤੇ ਜਾਤ-ਧਰਮ ਦੇ ਆਧਾਰ ‘ਤੇ ਤੋੜਿਆ ਜਾਵੇ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਭ ਤੋਂ ਵੱਧ ਅਫ਼ਸੋਸ ਦੀ ਗੱਲ ਅਤੇ ਵਰਤਮਾਨ ਵਰਤਾਰਾ ਇਹ ਹੈ ਕਿ ਕੁੱਝ ਅੰਦਰੂਨੀ ਤਾਕਤਾਂ ਹੀ ‘ਰਾਸ਼ਟਰਵਾਦ’ ਦੇ ਨਾਮ ‘ਤੇ ਦੇਸ਼ ਵਾਸੀਆਂ ‘ਚ ਆਪਸੀ ਫ਼ਰਕ ਪਾਉਣ ਦੀਆਂ ਖ਼ਤਰਨਾਕ ਕੋਸ਼ਿਸ਼ਾਂ ਕਰ ਰਹੀਆਂ ਹਨ। ਜਿੰਨਾ ਤੋਂ ਹਰੇਕ ਨਾਗਰਿਕ ਸਮੇਤ ਬੁੱਧੀਜੀਵੀ ਵਰਗ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੇਂਦਰ ਅਤੇ ਹੋਰ ਸੂਬਾ ਸਰਕਾਰਾਂ ਨੂੰ ਖੇਤਰੀ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੋਰ ਵਧੇਰੇ ਸੰਵੇਦਨਸ਼ੀਲ ਅਤੇ ਗੰਭੀਰ ਹੋਣ ਦੀ ਮੰਗ ਕੀਤੀ। ‘ਆਪ’ ਆਗੂਆਂ ਨੇ ਕਿਹਾ ਕਿ ਬਾਦਲਾਂ ਦੀ ਭਾਗੀਦਾਰੀ ਵਾਲੀ ਕੇਂਦਰ ਸਰਕਾਰ ਤਾਂ ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਨਾਲ ਵਿਤਕਰਾ ਕਰ ਹੀ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਘੱਟ ਨਹੀਂ ਕਰ ਰਹੀ।

ਪੰਜਾਬ ਸਰਕਾਰ ਦੀ ਪੰਜਾਬੀ ‘ਚ ਪ੍ਰਚਾਰ ਅਤੇ ਇਸ਼ਤਿਹਾਰ ਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ। ਪੰਜਾਬੀ ਅਖ਼ਬਾਰਾਂ ਅਤੇ ਮੀਡੀਆ ਸੂਬਾ ਸਰਕਾਰ ਦੇ ‘ਅੰਗਰੇਜ਼ੀ ਮੋਹ’ ਦੀ ਭਾਰੀ ਕੀਮਤ ਚੁੱਕਾ ਰਿਹਾ ਹੈ।

‘ਆਪ’ ਆਗੂਆਂ ਨੇ ਪੰਜਾਬੀ ਭਾਸ਼ਾ ਦਾ ਮਖ਼ੌਲ ਉਡਾਉਣ ਵਾਲੇ ਕਥਿਤ ‘ਬੁੱਧੀਜੀਵੀਆਂ’ ਨੂੰ ਨਸੀਹਤ ਦਿੱਤੀ ਕਿ ਉਹ ਆਪਣੀ ਪੰਜਾਬੀ ਮਾਤ ਭਾਸ਼ਾ (ਗੁਰਮੁਖੀ) ਦਾ ਸਤਿਕਾਰ ਕਰਨ ਕਿਉਂਕਿ ਸਾਡੇ ਗੁਰੂਆਂ ਨੇ ਇਸ ਜ਼ੁਬਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਤੇ ਸਰਬ-ਸਾਂਝੀ ਬਾਣੀ ਦਰਜ ਕੀਤੀ ਹੈ।

Read more