‘ਆਪ’ ਨੇ ਬਰਨਾਲਾ ਦੇ ਡੀਐਸਪੀ ਦੀ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ

ਚੰਡੀਗੜ੍ਹ, 17 ਅਪ੍ਰੈਲ, 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਕੋਲ ਬਰਨਾਲਾ ਸਿਟੀ ਦੇ ਡੀਐਸਪੀ ਰਾਜੇਸ਼ ਛਿੱਬਰ ਦੀ ਸ਼ਿਕਾਇਤ ਕਰਕੇ ਤੁਰੰਤ ਤਬਾਦਲਾ ਮੰਗਿਆ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਡੀਐਸਪੀ ਰਾਜੇਸ਼ ਛਿੱਬਰ ਦਾ ਬਰਨਾਲਾ ਤੋਂ ਤੁਰੰਤ ਤਬਾਦਲਾ ਹੋਣਾ ਜ਼ਰੂਰੀ ਹੈ।

ਸ਼ਿਕਾਇਤ ‘ਚ ਜਸਤੇਜ ਸਿੰਘ ਅਰੋੜਾ ਨੇ ਲਿਖਿਆ ਕਿ ਰਾਜੇਸ਼ ਛਿੱਬਰ ਸੱਤਾਧਾਰੀ ਕਾਂਗਰਸ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀ ਲਿਖਿਆ ਕਿ ਡੀਐਸਪੀ ਰਾਜੇਸ਼ ਛਿੱਬਰ ਫ਼ੋਨ ‘ਤੇ ਬਰਨਾਲਾ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਕਾਂਗਰਸ ਦੇ ਉਮੀਦਵਾਰ ਦੇ ਹੱਕ ‘ਚ ਵੋਟ ਪਾਉਣ ਲਈ ਕਹਿ ਰਿਹਾ ਹੈ। ਏਥੇ ਹੀ ਬੱਸ ਨਹੀਂ ਰਾਜੇਸ਼ ਛਿੱਬਰ ਆਪਣੀ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਕਰਕੇ ਆਪਣੇ ਇਲਾਕੇ ਦੇ ਵੋਟਰਾਂ ਨੂੰ ਧਮਕਾ ਰਿਹਾ ਹੈ ਕਿ ਜੇ ਕਾਂਗਰਸ ਦੇ ਹੱਕ ਵਿਚ ਨਾ ਭੁਗਤੇ ਤਾਂ ਵੋਟਾਂ ਲੰਘਣ ਪਿੱਛੋਂ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੋ।

ਜਸਤੇਜ ਸਿੰਘ ਅਰੋੜਾ ਨੇ ਕਿਹਾ ਕਿ ਰਾਜੇਸ਼ ਛਿੱਬਰ ਸੱਤਾਧਾਰੀ ਕਾਂਗਰਸ ਦੀਆਂ ਅੱਖਾਂ ਦਾ ਤਾਰਾ ਹੈ ਅਤੇ ਜਦੋਂ ਦੀ ਕਾਂਗਰਸ ਸੱਤਾ ‘ਚ ਆਈ ਹੈ ਇਹ ਪੁਲਿਸ ਅਧਿਕਾਰੀ ਉਦੋਂ ਦਾ ਹੀ ਬਰਨਾਲਾ ‘ਚ ਤਾਇਨਾਤ ਹੈ, ਜਦਕਿ ਚੋਣ ਜ਼ਾਬਤੇ ਦੀ ਪਾਲਨਾ ਕਰਦੇ ਹੋਏ ਇਸ ਦਾ ਪਹਿਲਾ ਹੀ ਤਬਾਦਲਾ ਕੀਤਾ ਜਾਣਾ ਚਾਹੀਦਾ ਸੀ।

ਜਸਤੇਜ ਸਿੰਘ ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੱਕ ਰਾਜੇਸ਼ ਛਿੱਬਰ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਬਾਹਰ ਤਬਦੀਲ ਕੀਤਾ ਜਾਵੇ। ਉਨ੍ਹਾਂ ਲਿਖਿਆ ਕਿ ਹਲਕੇ ‘ਚ ਕਾਂਗਰਸ ਵੱਲੋਂ ਪੈਸਾ ਅਤੇ ਸ਼ਰਾਬ ਵੰਡੀ ਜਾ ਰਹੀ ਹੈ ਅਤੇ ਅਜਿਹੇ ਪੁਲਸ ਅਫ਼ਸਰ ਤੋਂ ਇਸ ਬੁਰਾਈ ‘ਤੇ ਕਾਬੂ ਪਾਉਣ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਜੋ ਕਾਂਗਰਸੀ ਵਰਕਰ ਵਾਂਗ ਕੰਮ ਕਰ ਰਿਹਾ ਹੋਵੇ।

Read more