ਆਪ ਦਾ ਕਾਟੋ-ਕਲੇਸ਼ ਤਣਪੱਤਣ ਲਾਉਣਗੇ ਕੇਜਰੀਵਾਲ, – ਭਲਕੇ ਪੰਜਾਬ ਆਉਣ ਦਾ ਪ੍ਰੋਗਰਾਮ, ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ

-ਸੰਗਰੂਰ ‘ਚ ਵਿਧਾਇਕ ਪੰਡੋਰੀ ਦੇ ਪਿਤਾ ਦੇ ਭੋਗ ‘ਚ ਹੋਣਗੇ ਸ਼ਾਮਲ
-ਖਹਿਰਾ ਧੜ੍ਹੇ ਨਾਲ ਸਮਝੌਤਾ ਲਈ ਚਾਰ ਵਿਧਾਇਕਾਂ ਦੀ ਡਿਊਟੀ ਲਾਈ
PunjabUpdate.Com
ਚੰਡੀਗੜ੍ਹ, 17 ਅਗਸਤ
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕਾਟੋ-ਕਲੇਸ਼ ਆਉਣ ਵਾਲੇ ਦਿਨਾਂ ਵਿਚ ਕਿਸੇ ਤਣ ਪੱਤਣ ਲੱਗਣ ਦੇ ਆਸਾਰ ਬਣਨ ਲੱਗੇ ਹਨ। ਸੂਬੇ ‘ਚ ਦੋਫਾੜ ਹੋਈ ਆਮ ਆਦਮੀ ਪਾਰਟੀ ਨੂੰ ਮੁੜ ਇੱਕ ਧਾਗੇ ‘ਚ ਪਰੋਣ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵੀਂ ਰਣਨੀਤੀ ਉਲੀਕੀ ਹੈ। ਉਨ੍ਹਾਂ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਗਿਲ਼ੇ-ਸ਼ਿਕਵੇ ਸੁਣਨ ਲਈ ਪੰਜਾਬ ਆਉਣ ਦਾ ਫੈਸਲਾ ਕਰ ਲਿਆ ਹੈ। ਕੇਜਰੀਵਾਲ ਦੇ ਇੱਕ ਸਿਆਸੀ ਰਣਨੀਤੀਕਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੇਜਰੀਵਾਲ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਭਲਕੇ ਐਤਵਾਰ ਨੂੰ ਉਹ ਪੰਜਾਬ ਆਉਣਗੇ ਅਤੇ ਸਾਰੇ ਵਿਧਾਇਕਾਂ ਦੀ ਸੰਗਰੂਰ ‘ਚ ਮਿਲਣਗੇ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਭਲਕੇ ਐਤਵਾਰ ਨੂੰ ਮਹਿਲ ਕਲਾਂ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਭੋਗ ‘ਚ ਸ਼ਾਮਿਲ ਹੋਣ ਲਈ ਪੁੱਜ ਰਹੇ ਹਨ। ਭੋਗ ਤੋਂ ਬਾਅਦ ਉਹ ਪਾਰਟੀ ਦੇ ਵਿਧਾਇਕਾਂ ਨਾਲ ਸੰਗਰੂਰ ਵਿਖੇ ਗੈਰਰਸਮੀ ਮੀਟਿੰਗ ਕਰਨਗੇ, ਇਸ ਸਬੰਧੀ ਵਿਚ ਸ਼ਾਮਲ ਹੋਣ ਲਈ ਸਾਰੇ ਵਿਧਾਇਕਾਂ ਨੂੰ ਸੁਨੇਹਾ ਭੇਜਿਆ ਗਿਆ ਹੈ। ਕੇਜਰੀਵਾਲ ਦੇ ਨਾਲ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿੰਸੋਦੀਆ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਆਪਣੇ ਵਲੋਂ ਪਾਰਟੀ ਦੇ ਚਾਰ ਸੀਨੀਅਰ ਵਿਧਾਇਕਾਂ ਦੀ ਵਿਸ਼ੇਸ ਡਿਊਟੀ ਲਗਾਈ ਹੈ ਕਿ ਉਹ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਉਨ੍ਹਾਂ ਦੇ ਸਾਰੇ ਸਾਥੀਆਂ ਕੋਲ ਖੁਦ ਜਾ ਕੇ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ। ਖਹਿਰਾ ਧੜ੍ਹੇ ਦੇ ਵਿਧਾਇਕਾਂ ਦਾ ਵੀ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਵਲੋਂ ਸੁਲਾਹ-ਸਫਾਈ ਅਤੇ ਸਾਂਝੀ ਮੀਟਿੰਗ ਲਈ ਸੁਨੇਹੇ ਮਿਲ ਰਹੇ ਹਨ ਪ੍ਰੰਤੂ ਸੰਗਰੂਰ ‘ਚ ਕੇਜਰੀਵਾਲ ਦੀ ਮੀਟਿੰਗ ਵਿਚ ਸ਼ਾਮਲ ਹੋਣ ਹੈ ਜਾਂ ਨਹੀਂ ਇਸ ਸਬੰਧੀ ਸ਼ਨੀਵਾਰ ਨੂੰ ਸੁਖਪਾਲ ਖਹਿਰਾ ਨਾਲ ਰਾਇ ਕਰਕੇ ਫੈਸਲਾ ਲਿਆ ਜਾਵੇਗਾ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਖਹਿਰਾ ਸਮਰੱਥਕ ਕਈ ਵਿਧਾਇਕਾਂ ਨੇ ਕਿਹਾ ਕਿ ਹੁਣ ਤਾਂ ”ਦਿੱਲੀ ਵਾਲਿਆਂ ਦਾ ਦਿਮਾਗ ਠਿਕਾਣੇ ਆਇਆ ਹੋਇਆ ਹੈ, ਚਲੋ ਕੋਈ ਨੀਂ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ”।
 
ਕੀ ਕਹਿਣਾ ਹੈ ਕਿ ਸੁਖਪਾਲ ਖਹਿਰਾ ਦਾ
ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਦੇ ਪੰਜਾਬ ਆਉਣ ਸਬੰਧੀ ਜਾਂ ਸਾਡੇ ਨਾਲ ਮੀਟਿੰਗ ਕਰਨ ਸਬੰਧੀ ਕੋਈ ਸੁਨੇਹਾ ਨਹੀਂ ਮਿਲਿਆ ਹੈ ਅਤੇ ਨਾ ਹੀ ਕੇਜਰੀਵਾਲ ਜਾਂ ਸਿੰਸੋਦੀਆ ਹੋਰਾਂ ਵਲੋਂ ਕੋਈ ਰਾਬਤਾ ਕਾਇਮ ਕੀਤਾ ਗਿਆ ਹੈ। ਖਹਿਰਾ ਨੇ ਦੱਸਿਆ ਕਿ ਬੀਤੇ ਕਲ੍ਹ ਪਾਰਟੀ ਦਾ ਵਿਧਾਇਕ ਅਮਨ ਅਰੋੜਾ ਉਨ੍ਹਾਂ ਕੋਲ ਗੱਲਬਾਤ ਲਈ ਆਇਆ ਸੀ ਪ੍ਰੰਤੂ ਅਸੀਂ ਉਨ੍ਹਾਂ ਨੂੰ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਬਠਿੰਡਾ ਕਨਵੈਂਨਸ਼ਨ ‘ਚ ਪਾਸ ਕੀਤੇ ਮਤਿਆਂ ਉਤੇ ਕਾਇਮ ਹਾਂ, ਜੇ ਦਿੱਲੀ ਵਾਲੇ ਇਨ੍ਹਾਂ ਮਤਿਆਂ ਉਤੇ ਮੋਹਰ ਲਾ ਕੇ ਪੰਜਾਬ ਨੂੰ ਖੁਦਮੁਖਤਿਆਰੀ ਦੇਣ ਲਈ ਤਿਆਰ ਹਨ ਤਾਂ ਅਸੀਂ ਗੱਲਬਾਤ ਕਰ ਸਕਦੇ ਹਾਂ। ਖਹਿਰਾ ਨੇ ਕਿਹਾ ਕਿ ਬਠਿੰਡਾ ਕਨਵੈਂਨਸ਼ਨ ‘ਚ ਪਾਸ ਕੀਤੇ ਮਤਿਆਂ ਉਤੇ ਅਸੀਂ ਪਹਿਰਾ ਦੇਵਾਂਗੇ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦਾ ਦਾ ਮੈਨੂੰ ਕੋਈ ਲਾਲਚ ਨਹੀਂ ਹੈ।
 
ਕੀ ਕਹਿਣਾ ਹੈ ਉਪ ਪ੍ਰਧਾਨ ਦਾ
ਕੇਜਰੀਵਾਲ ਦੀ ਸੰਗਰੂਰ ਫੇਰੀ ਸਬੰਧੀ ਜਦੋਂ ਕਿ ਆਪ ਦੇ ਉਪ ਪ੍ਰਧਾਨ ਡਾ. ਬਲਬੀਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ  ਭਲਕੇ ਕੇਜਰੀਵਾਲ ਪਾਰਟੀ ਦੇ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਭੋਗ ਮੌਕੇ ਆ ਰਹੇ ਹਨ ਅਤੇ ਇਸ ਮੌਕੇ ਉਹ ਸਾਰੇ ਵਿਧਾਇਕਾਂ, ਵਰਕਰਾਂ ਅਤੇ ਆਗੂਆਂ ਨੂੰ ਮਿਲਣਗੇ। ਖਹਿਰਾ ਧੜ੍ਹੇ ਨਾਲ ਸਮਝੌਤੇ ਸਬੰਧੀ ਸਵਾਲ ਦੇ ਜਵਾਬ ਵਿਚ ਡਾ. ਸਿੰਘ ਨੇ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ ਅਤੇ ਜਲਦ ਹੀ   ਸਾਰੇ ਮਤਭੇਦ ਦੂਰ ਕਰਕੇ ਇਕੱਠੇ ਹੋ ਕੇ ਚੱਲਾਂਗੇ। ਕੇਜਰੀਵਾਲ ਜੀ, ਸਾਰਿਆਂ ਦੇ ਸਾਂਝੇ ਹਨ ਅਤੇ ਸਾਰੇ ਵਿਧਾਇਕ ਉਨ੍ਹਾਂ ਦਾ ਸਨਮਾਨ ਕਰਦੇ ਹਨ ਅਤੇ ਸਾਰੇ ਹੀ ਉਨ੍ਹਾਂ ਨੂੰ ਮਿਲਣਗੇ।

Read more