ਆਪਣੇ ਹੱਕਾਂ ਖਾਤਰ ਡਟਣ ਵਾਲੇ ਅਧਿਆਪਕਾਂ ਨੂੰ ਟਰਮੀਨੇਟ ਕਰਕੇ ਕਾਂਗਰਸ ਸਰਕਾਰ ਅਤੇ ਇਸਦੇ ਫਰੇਬੀ ਮੰਤਰੀਆਂ ਦਾ ਲੋਕ ਵਿਰੋਧੀ ਚਿਹਰਾ ਹੋਇਆ ਨੰਗਾ

ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਹੋਣ ਤੱਕ ਸੰਘਰਸ਼ ਰਹੇਗਾ ਜਾਰੀ – ਆਗੂ 

ਪੰਜਾਬ ਸਰਕਾਰ,ਸਿੱਖਿਆ ਵਿਰੋਧੀ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਜਬਰ ਅਧਿਆਪਕਾਂ ਦੇ ਹੌਸਲੇ ਮੂਹਰੇ ਪਿਆ ਫਿੱਕਾ

2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਭਾਰਤ ਵਿੱਚ ਆਪਣਾ ਪ੍ਰਧਾਨ ਮੰਤਰੀ ਬਣਾਉਣ ਦੇ ਸੁਪਨੇ ਦੇਖਣ ਵਾਲੀ ਤਾਨਾਸ਼ਾਹੀ ਕਾਂਗਰਸ ਸਰਕਾਰ ਇਹ ਜਾਣ ਲਵੇ ਕਿ ਅਧਿਆਪਕਾਂ ਨਾਲ ਧੱਕਾ ਕਰਨ ਦੇ ਵਿਰੋਧ ਵਜੋਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਪੰਜਾਬ ਸਰਕਾਰ ਨੂੰ ਠੋਕਵਾਂ ਜਵਾਬ ਦੇਣਗੇ

            ਲੁਧਿਆਣਾ 15 ਜਨਵਰੀ 2018 (     ) ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਅਤੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੀਦਾ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਕੈਬਨਿਟ ਅਤੇ ਇਸਦੇ ਫਰੇਬੀ ਮੰਤਰੀਆਂ ਵੱਲੋਂ 3 ਅਕਤੂਬਰ ਨੂੰ 8886 ਐਸ.ਐਸ.ਏ./ ਰਮਸਾ/ਆਦਰਸ਼/ਮਾਡਲ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰਨ ਤੋਂ ਬਾਅਦ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਸ਼ੁਰੂ ਹੋਏ ਇਤਿਹਾਸਕ ਸੰਘਰਸ਼ ਕਾਰਨ ਬੁਖਲਾਹਟ ਵਿੱਚ ਆਈ ਕੈਪਟਨ ਸਰਕਾਰ ਵੱਲੋਂ ਪੰਜ ਅਧਿਆਪਕ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ । ਮੁਲਾਜ਼ਮਾਂ ਅਤੇ ਸਰਕਾਰ ਦਰਮਿਆਨ ਚਲ ਰਹੀ ਜੱਦੋਂ ਜਹਿਦ ਅੰਦਰ ਸਰਕਾਰ ਦੀ ਤਾਕਤ ਅਫਸਰਸ਼ਾਹੀ,ਪੁਲਸ,ਕਾਨੂੰਨ ਆਦਿ ਦੀ ਵਰਤੋਂ ਕਰਕੇ, ਮੁਲਾਜ਼ਮਾਂ ਨੂੰ ਡਰਾਉਣ,ਧਮਕਾਉਣ ਅਤੇ ਤਰਾਂ ਤਰਾਂ ਦੇ ਲਾਲਚ ਅਤੇ ਝਾਂਸੇ ਦੇ ਕੇ ਵੀ ਅਧਿਆਪਕਾਂ ਤੋਂ ਕਲਿੱਕ ਨਹੀਂ ਕਰਵਾ ਸਕੀ । ਪਹਿਲਾਂ ਡਰਾਵੇ,ਧਮਕੀਆਂ ,ਫਿਰ ਬਦਲੀਆਂ,ਮੁਅੱਤਲੀਆਂ ਦੇ ਬਾਵਜੂਦ ਜੁਝਾਰੂ ਅਧਿਆਪਕ ਡਟੇ ਰਹੇ । ਅੰਤ ਸਰਕਾਰ ਨੇ ਆਪਣਾ ਆਖਰੀ ਹਥਿਆਰ ਵਰਤਿਆ ਹੈ । ਪਿਛਲੇ 40 ਸਾਲਾਂ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਹੱਕ ਮੰਗਦੇ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਹੱਦ ਦਰਜੇ ਦਾ ਧੱਕੜ ਤੇ ਜਾਬਰ ਫੈਸਲਾ ਲਿਆ ਹੈ । ਪੰਜ ਅਧਿਆਪਕ ਅਾਗੂਆਂ ਨੂੰ ਟਰਮੀਨੇਟ ਕਰਕੇ ਖੌਫ ਅਤੇ ਡਰ ਨੂੰ ਚਰਮ ਸੀਮਾਂ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ । 

                                        ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਲੋਹੜੀ ਦੇ ਮੌਕੇ ਤੋਹਫੇ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਸੀ ਜੋ ਕਿ ਅੱਜ ਵਿਕਟਰਮਾਈਜ਼ੇਸ਼ਨਾਂ ਦੇ ਰੂਪ ਵਿੱਚ ਦਿੱਤੇ ਹਨ ਪਰ ਇਹ ਹਿਟਲਰ ਸਰਕਾਰ ਅਤੇ ਮੰਤਰੀ ਸਮਝ ਲੈਣ ਕਿ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ,ਸਾਰਾ ਅਧਿਆਪਕ ਵਰਗ,ਆਮ ਲੋਕ ਸਰਕਾਰ ਦੇ ਇਸ ਤੁਗਲਕੀ ਫੁਰਮਾਨ ਦਾ ਮੂੰਹ ਤੋੜਵਾਂ ਜਵਾਬ ਦੇਣਗੇ । ਜਦੋਂ ਤੱਕ ਉਹ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਨਹੀਂ ਹੋ ਜਾਂਦੇ ਅਤੇ ਅਧਿਆਪਕ ਵਰਗ ਦੀਆਂ ਸਾਰੀਆਂ ਮੰਗਾਂ ਦਾ ਪੁਖਤਾ ਹੱਲ ਨਹੀਂ ਹੋ ਜਾਂਦਾ     ਉਦੋਂ ਤੱਕਸੰਘਰਸ਼ ਜਾਰੀ ਰੱਖਿਆ ਜਾਵੇਗਾ । 

                                      ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਭਾਰਤ ਵਿੱਚ ਆਪਣਾ ਪ੍ਰਧਾਨ ਮੰਤਰੀ ਬਣਾਉਣ ਦੇ ਸੁਪਨੇ ਦੇਖਣ ਵਾਲੀ ਕਾਂਗਰਸ ਸਰਕਾਰ ਇਹ ਜਾਣ ਲਵੇ ਕਿ ਅਧਿਆਪਕਾਂ ਨਾਲ ਧੱਕਾ ਕਰਨ ਦੇ ਵਿਰੋਧ ਵਜੋਂ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਪੰਜਾਬ ਸਰਕਾਰ ਨੂੰ ਠੋਕਵਾਂ ਜਵਾਬ ਦੇਣਗੇ ।ਆਗੂਆਂ ਨੇ ਸਮਾਜ ਦੇ ਹੋਰ ਤਬਕਿਆਂ ਨੂੰ ਵੀ ਅਪੀਲ ਕੀਤੀ ਕਿ ਕੈਪਟਨ ਸਰਕਾਰ ਦੁਆਰਾ ਇਸ ਤਰਾਂ ਲੋਕਤੰਤਰ ਦਾ ਗਲਾ ਘੁੱਟ ਕੇ ਮਨਮਰਜ਼ੀ ਦੀਆਂ ਨੀਤੀਆਂ ਥੋਪਣ ਦਾ ਵਧ ਰਿਹਾ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਹਰ ਹਿੱਸੇ ਲਈ ਨੁਕਸਾਨਦੇਹ ਹੋਵੇਗਾ।ਇਸ ਲਈ ਸਮਾਜ ਦੇ ਹਰੇਕ ਹਿੱਸੇ ਨੂੰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਘਰਸ਼ੀ ਲੋਕਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਹਿੱਤਾਂ ਅਤੇ ਸਿਹਤ ਅਤੇ ਸਿੱਖਿਆ ਜਿਹੀਆਂ ਸੁਵਿਧਾਵਾਂ ਨੂੰ ਆਮ ਲੋਕਾਂ ਲਈ ਬਚਾਇਆ ਜਾ ਸਕੇ।

Read more