ਅੱਗ ਨਾਲ ਸੜਦੀਆਂ ਫ਼ਸਲਾਂ ਦੇ ਬਚਾਅ ਲਈ ਪੁਖ਼ਤਾ ਪ੍ਰਬੰਧ ਕਰੇ ਸਰਕਾਰ- ਕੁਲਤਾਰ ਸਿੰਘ ਸੰਧਵਾ

ਪੱਕੀਆਂ ਫ਼ਸਲਾਂ ਦੇ 100 ਫ਼ੀਸਦੀ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਯਕੀਨੀ ਬਣਾਉਣ ਸਰਕਾਰਾਂ- ਆਪ

ਚੰਡੀਗੜ੍ਹ, 16 ਅਪ੍ਰੈਲ, 2019

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਅੰਦਰ ਹਰ ਸਾਲ ਅੱਗ ਦੀ ਭੇਟ ਚੜ੍ਹਦੀਆਂ ਫ਼ਸਲਾਂ ਦੇ ਬਚਾਅ ਲਈ ਸਰਕਾਰ ਨੂੰ ਪੁਖ਼ਤਾ ਪ੍ਰਬੰਧ ਕਰਨ ਅਤੇ ਸਵਾਹ ਹੋਈ ਫ਼ਸਲ ਦਾ 100 ਫ਼ੀਸਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਨੀਨਾ ਮਿੱਤਲ ਨੇ ਬਨੂੜ ਨੇੜੇ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਨਾਲ ਹੋਏ ਬਾਰੀ ਨੁਕਸਾਨ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਵਾਢੀ ਸਮੇਂ ਇੰਜ ਰਾਖ ਹੋ ਜਾਣਾ ਦਾ ਘਾਟਾ ਕੋਈ ਕਿਸਾਨ ਕਈ ਸਾਲਾਂ ‘ਚ ਪੂਰਾ ਨਹੀਂ ਕਰ ਸਕਦਾ, ਇਸ ਲਈ ਸਰਕਾਰ ਵਿਸ਼ੇਸ਼ ਫ਼ੰਡ ਸਥਾਪਿਤ ਕਰ ਕੇ ਅਜਿਹੇ ਪੀੜਤ ਕਿਸਾਨਾਂ ਨੂੰ 100 ਪ੍ਰਤੀਸ਼ਤ ਮੁਆਵਜ਼ਾ ਦੇਵੇ।

‘ਆਪ’ ਆਗੂਆਂ ਨੇ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਹਰ ਸਾਲ ਹਜ਼ਾਰਾਂ ਏਕੜ ਕਣਕ ਬਿਜਲੀ ਦੀਆਂ ਢਿੱਲੀਆਂ ਤਾਰਾਂ ‘ਚ ਚਿੰਗਾੜੇ ਨਿਕਲਣ ਕਾਰਨ ਅੱਗ ਦੀ ਚਪੇਟ ‘ਚ ਆਉਂਦੀ ਹੈ। ਪਹਿਲਾਂ ਅਕਾਲੀ-ਭਾਜਪਾ ਸਰਕਾਰ ਹੁਣ ਕਾਂਗਰਸ ਸਰਕਾਰ ਪੁਖ਼ਤਾ ਬੰਦੋਬਸਤ ਦੇ ਬਿਆਨ ਜ਼ਰੂਰ ਦਿੰਦੀ ਹੈ ਪਰ ਹਕੀਕਤ ‘ਚ ਕੁੱਝ ਨਹੀਂ ਹੁੰਦਾ।

‘ਆਪ’ ਆਗੂਆਂ ਨੇ ਕਿਹਾ ਕਿ ਸੂਬੇ ‘ਚ ‘ਫਾਇਰ ਬ੍ਰਿਗੇਡ’ ਪ੍ਰਬੰਧਾਂ ਦੀ ਬੇਹੱਦ ਤਰਸਯੋਗ ਹਾਲਤ ਹੈ। ਜਿਸ ਕਰ ਕੇ ਨਾ ਕੇਵਲ ਕਿਸਾਨਾਂ ਦੀ ਫ਼ਸਲ ਸਗੋਂ ਪੇਂਡੂ ਤੇ ਸ਼ਹਿਰੀ ਆਬਾਦੀ ‘ਤੇ ਵੀ ਅੱਗ ਦੇ ਖ਼ਤਰੇ ‘ਚ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ‘ਆਪ’ ਦੇ ਸੰਸਦ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਨੂੰ ਐਮਪੀ ਲੈਡ ਫ਼ੰਡਾਂ ‘ਚ ਪਾਣੀ ਦੀਆਂ ਸੈਂਕੜੇ ਟੈਂਕੀਆਂ ਦੇ ਸਕਦੇ ਹਨ, ਜਿੰਨਾ ਤੋਂ ਮੋਟਰ ਪੰਪ ਲਗਾ ਕੇ ਲੋਕ ਉਨ੍ਹਾਂ ਟੈਂਕੀਆਂ ਨੂੰ ਅੱਗ ਬਚਾਓ ਟੈਂਕ ਵਜੋਂ ਵਰਤ ਸਕਦੇ ਹਨ ਤਾਂ ਸਰਕਾਰ ਹਰੇਕ ਪਿੰਡ ‘ਚ ਆਬਾਦੀ ਅਤੇ ਰਕਬੇ ਦੇ ਹਿਸਾਬ ਨਾਲ ਅਜਿਹਾ ਕੁੱਝ ਪ੍ਰਦਾਨ ਕਿਉਂ ਨਹੀਂ ਕਰ ਸਕਦੀ?

Read more