ਅਫਸਰ ਦਾ ਤਬਾਦਲਾ ਕਰਵਾ ਕੇ ਤੁਸੀਂ ਜਾਂਚ ਤੋਂ ਭੱਜ ਨਹੀਂ ਸਕਦੇ-ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨੂੰ ਚਿਤਾਵਨੀ

ਸੁਖਬੀਰ ਤੇ ਹਰਸਿਮਰਤ ਬਾਦਲ ਨੂੰ ਧੂੜ ਚਟਾਉਣ ਲਈ ਖੁਦ ਕਰਾਂਗਾ ਚੋਣ ਪ੍ਰਚਾਰ 

ਫਰੀਦਕੋਟ, 24 ਅਪ੍ਰੈਲ:

        ਬਾਦਲਾਂ ਨੂੰ ਸਖ਼ਤ ਤੇਵਰ ਦਿਖਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਭਾਜਪਾ ਦੇ ਕੰਟਰੋਲ ਹੇਠਲੇ ਭਾਰਤੀ ਚੋਣ ਕਮਿਸ਼ਨ ਪਾਸੋਂ ਵਿਸ਼ੇਸ਼ ਜਾਂਚ ਟੀਮ ਦੇ ਅਫ਼ਸਰ ਦਾ ਤਬਾਦਲਾ ਕਰਵਾ ਕੇ ਬਾਦਲ ਬਰਗਾੜੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਕੇਸਾਂ ਦੀ ਜਾਂਚ ਤੋਂ ਭੱਜ ਨਹੀਂ ਸਕਦੇ।

        ਬਰਗਾੜੀ ਅਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਬਾਦਲਾਂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਸੱਤਾਧਾਰੀ ਭਾਜਪਾ ਨਾਲ ਸਾਂਝ ਦਾ ਪ੍ਰਭਾਵ ਵਰਤ ਕੇ ਚੋਣ ਕਮਿਸ਼ਨ ਪਾਸੋਂ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਡੀ.ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾ ਕੇ ਬਾਦਲ ਜਾਂਚ ਤੋਂ ਬਚ ਨਹੀਂ ਸਕਦੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਚੋਣ ਕਮਿਸ਼ਨ ਭਾਜਪਾ ਨਾਲ ਸਬੰਧ ਰੱਖਦਾ ਹੈ ਅਤੇ ਇਸ ਅਫਸਰ ਨੂੰ ਜਾਂਚ ਟੀਮ ਤੋਂ ਹਟਵਾ ਦਿੱਤਾ ਜਦਕਿ ਚੱਲ ਰਹੀ ਜਾਂਚ ਵਿੱਚ ਅਦਾਲਤਾਂ ਵੀ ਦਖ਼ਲ ਨਹੀਂ ਦਿੰਦੀਆਂ।’’ ਉਨਾਂ ਕਿਹਾ ਕਿ ਜਦੋਂ ਚੋਣਾਂ ਮੁੱਕ ਗਈਆਂ ਤਾਂ ਇਹ ਅਫਸਰ ਹੀ ਮਾਮਲੇ ਦੀ ਜਾਂਚ ਕਰਨਗੇ ਅਤੇ ਇਸ ਜਾਂਚ ਨੂੰ ਸਿੱਟੇ ’ਤੇ ਪਹੰੁਚਾਉਣਗੇ।

ਮੁੱਖ ਮੰਤਰੀ ਨੇ ਕਿਹਾ,‘‘ਬਾਦਲਾਂ ਨੇ ਕੁਝ ਸਮੇਂ ਲਈ ਤਾਂ ਜਾਂਚ ’ਚ ਰੋੜਾ ਅਟਕਾਉਣ ਦਾ ਹੀਲਾ ਕਰ ਲਿਆ ਪਰ ਉਨਾਂ ਨੂੰ ਆਖਰ ਵਿੱਚ ਭੁਗਤਣਾ ਪਵੇਗਾ।’’ ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਜਾਂਚ ਵਿੱਚ ਅਪਰਾਧ ਲਈ ਦੋਸ਼ੀ ਪਾਇਆ ਜਾਣ ਵਾਲਾ ਸਜ਼ਾ ਤੋਂ ਬਚ ਕੇ ਨਹੀਂ ਭੱਜ ਸਕੇਗਾ। ਉਹ ਅੱਜ ਫਰੀਦਕੋਟ ਵਿਖੇ ਜਨਤਕ ਰੈਲੀ ਨੂੰ ਸੰਬਧੋਨ ਕਰ ਰਹੇ ਸਨ ਜਿੱਥੋਂ ਪਾਰਟੀ ਉਮੀਦਵਾਰ ਮੁਹੰਮਦ ਸਦੀਕ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਬਰਗਾੜੀ ਅਤੇ ਕੋਟਕਪੂਰਾ ਗੋਲੀਕਾਂਡ ਬਾਰੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਣਜਾਣਤਾ ਪ੍ਰਗਟਾਉਣ ਦੇ ਕੀਤੇ ਦਾਅਵੇ ’ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਨੂੰ ਕੋਰਾ ਝੂਠ ਦੱਸਿਆ। ਉਨਾਂ ਕਿਹਾ ਕਿ ਉਪਰੋਂ ਹੁਕਮ ਮਿਲੇ ਬਿਨਾਂ ਕੋਈ ਵੀ ਅਫਸਰ ਗੋਲੀ ਨਹੀਂ ਚਲਾ ਸਕਦਾ। ਉਨਾਂ ਕਿਹਾ ਕਿ ਸੱਚ ਇਹ ਹੈ ਕਿ ਬਾਦਲ ਸਰਕਾਰ ਨੇ ਤਾਂ ਖੁਦ ਹੀ ਗਠਿਤ ਕੀਤੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਹੀ ਪ੍ਰਵਾਨ ਨਹੀਂ ਕੀਤੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਨਾਂ ਨੇ ਕੁਝ ਨਾ ਕੁਝ ਲੁਕੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘਟਨਾ ਵਾਲੀ ਰਾਤ ਕੋਟਕਪੂਰਾ ਦੇ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਐਚ.ਐਚ.ਓ. ਦੇ ਦਫ਼ਤਰ ਤੋਂ ਉਸ ਵੇਲੇ ਮੁੱਖ ਮੰਤਰੀ ਨੂੰ 113 ਕਾਲਾਂ ਕੀਤੀਆਂ ਸਨ।

ਮੁੱਖ ਮੰਤਰੀ ਨੇ ਕਿਹਾ,‘‘ਬਾਦਲਾਂ ਨੂੰ ਪਤਾ ਸਭ ਕੁਝ ਸੀ ਪਰ ਉਨਾਂ ਨੇ ਚੁੱਪ ਵੱਟੀ ਰੱਖੀ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਤਾਂ ਉਸ ਵੇਲੇ ਵੀ ਕੋਈ ਕਦਮ ਨਹੀਂ ਚੁੱਕਿਆ ਜਦੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਸੁਖਬੀਰ ਬਾਦਲ, ਤੰੂ ਉਸ ਵੇਲੇ ਕੋਈ ਕਦਮ ਕਿਉਂ ਨਹੀਂ ਚੁੱਕਿਆ? ਤੂੰ ਗ੍ਰਹਿ ਮੰਤਰੀ ਸੀ ਤੇ ਉਪ ਮੁੱਖ ਮੰਤਰੀ ਸੀ ਅਤੇ ਤੇਰਾ ਪਿਤਾ ਸੂਬੇ ਦਾ ਮੁੱਖ ਮੰਤਰੀ ਸੀ।’’

ਸੁਖਬੀਰ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਸ ਦੀ ਬੇਚੈਨੀ ਦੇ ਸੰਕੇਤ ਹਨ। ਇਨਾਂ ਚੋਣਾਂ ਵਿੱਚ ਉਹ ਅਤੇ ਉਸ ਦੀ ਪਤਨੀ ਹਰਸਿਮਰਤ ਦੋਵੇਂ ਹੀ ਹਾਰ ਜਾਣਗੇ। 

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਅਤੇ ਹਰਸਿਮਰਤ ਬਾਦਲ ਨੂੰ ਲੋਕ ਸਭਾ ਚੋਣਾਂ ਵਿੱਚ ਧੂੜ ਚਟਾਉਣ ਨੂੰ ਯਕੀਨੀ ਬਣਾਉਣ ਲਈ ਉਹ ਖੁਦ ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਚੋਣ ਪ੍ਰਚਾਰ ਕਰਨਗੇ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਹੈਲੀਕਾਪਟਰ ਕਿਰਾਏ ’ਤੇ ਲੈਣ ਦੇ ਬਾਵਜੂਦ ਇਕ ਹਫ਼ਤਾ ਬਾਅਦ ਵੀ ਇਸ ਦੇ ਉਪਲਬਧ ਹੋਣ ਵਿੱਚ ਦੇਰੀ ਨੂੰ ਯਕੀਨੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਦਾਅ ਪੇਚ ਖੇਡ ਰਹੀ ਹੈ ਅਤੇ ਇਸ ਨਾਲ ਵੀ ਬਾਦਲਾਂ ਨੂੰ ਕੋਈ ਵੀ ਮਦਦ ਨਹੀਂ ਮਿਲੇਗੀ। 

ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਰਿਵਾਰ ਦਾ ਕਾਰੋਬਾਰ ਬਣਾਉਣ ਲਈ ਬਾਦਲਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਕਾਲੀਆਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਬਾਦਲਾਂ ਵੱਲੋਂ ਆਪਣੇ ਵਾਸਤੇ ਲਾਹਾ ਲੈਣ ’ਤੇ ਸਵਾਲ ਉਠਾਏ। ਉਨਾਂ ਕਿਹਾ ਕਿ ਬਾਦਲ ਇਤਿਹਾਸ ਭੁੱਲ ਗਏ ਹਨ ਅਤੇ ਉਨਾਂ ਨੇ ਅਕਾਲ ਤਖ਼ਤ ਦੀ ਮਰਿਯਾਦਾ ਨੂੰ ਢਾਹ ਲਾਈ ਹੈ। 

ਮੌਜੂਦਾ ਚੋਣਾਂ ਨੂੰ ਭਾਰਤ ਦੇ ਭਵਿੱਖ ਲਈ ਜੰਗ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜੁਮਲਿਆਂ ਦੇ ਨਾਲ ਪਿਛਲੀਆਂ ਚੋਣਾਂ ਜਿੱਤੀਆਂ ਸਨ ਪਰ ਹੁਣ ਲੋਕ ਉਸ ਵੱਲੋਂ ਉਸ ਸਮੇਂ ਕੀਤੇ ਵਾਅਦਿਆਂ ਦਾ ਜਵਾਬ ਪੁੱਛ ਰਹੇ ਹਨ। ਉਨਾਂ ਕਿਹਾ ਕਿ ਭਾਜਪਾ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ ਹੈ ਅਤੇ ਇਸ ਨੇ ਦੇਸ਼ ਅਤੇ ਇਸ ਦੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਦੇਸ਼ ਦੀਆਂ ਧਰਮ ਨਿਰਪੱਖ ਅਤੇ ਜਮਹੂਰੀ ਤੰਦਾ ਨੂੰ ਤਹਿਸ ਨਹਿਸ ਕਰ ਰਹੀ ਹੈ । ਉਨਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਮੁਆਫ ਨਹੀਂ ਕਰਨਗੇ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੇਠਲੇ ਪੱਧਰ ’ਤੇ ਆ ਰਹੀਆਂ ਰਿਪੋਰਟਾਂ ਅਨੁਸਾਰ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਨਾਲ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਜਿੱਤੇਗੀ।

Read more