ਅਧਿਆਪਕਾਂ ਦੀ ਤਬਾਦਲਾ ਨੀਤੀ 2019-ਹੁਣ ਅਧਿਆਪਕਾਂ ਦੀਆਂ ਬਦਲੀਆਂ ‘ਚ ਨਹੀਂ ਚੱਲੇਗੀ ਸਿਫਾਰਿਸ਼



-ਬਦਲੀਆਂ ਦੀ ਨਵੀਂ ਆਨਲਾਈਨ ਪਾਲਿਸੀ ਨੂੰ ਹਰੀ ਝੰਡੀ, ਰਸਮੀ ਐਲਾਨ ਬਾਕੀ
-ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਆਧਾਰ ਉਤੇ ਹੋਇਆਂ ਕਰਨਗੀਆਂ ਆਨਲਾਈਨ ਬਦਲੀਆਂ
ਗੁਰਵਿੰਦਰ ਸਿੰਘ ਸਿੱਧੂ
ਚੰਡੀਗੜ੍ਹ, 24 ਜੂਨ
ਕੈਪਟਨ ਸਰਕਾਰ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨਵੀਂ ਤਬਾਦਲਾ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਨਵੀਂ ਆਨਲਾਈਨ ਤਬਾਦਲਾ ਨੀਤੀ 2019 ਦੇ ਤਹਿਤ ਇਸ ਸਾਲ ਅਧਿਆਪਕਾਂ ਦੇ ਤਬਾਦਲੇ ਹੋਣਗੇ। ਨਵੀਂ ਆਨਲਾਈਨ ਤਬਾਦਲਾ ਨੀਤੀ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਮੈਰਿਟ ਦੇ ਆਧਾਰ ਉਤੇ ਹੋਇਆ ਕਰਨਗੀਆਂ। 
ਨਵੀਂ ਤਬਾਦਲਾ ਨੀਤੀ ਦੇ ਤਹਿਤ ਹੁਣ ਅਧਿਆਪਕਾਂ ਦੀਆਂ ਬਦਲੀਆਂ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼, ਅਫਸਰਸ਼ਾਹੀ, ਲੀਡਰ ਦੀ ਸਿਫਾਰਿਸ਼ ਨਹੀਂ ਚੱਲਿਆ ਕਰੇਗੀ ਸਗੋਂ ਮੈਰਿਟ ਅਤੇ ਕਾਰਗੁਜ਼ਾਰੀ ਦੇ ਆਧਾਰ ਉਤੇ ਆਨਲਾਈਨ ਬਦਲੀਆਂ ਹੋਇਆ ਕਰਨਗੀਆਂ। 
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਸਲਾਹ ਮਸ਼ਵਰਾ ਕਰਕੇ ਤਬਾਦਲਾ ਨੀਤੀ 2019 ਵਾਲੀ ਫਾਈਲ ਕਲੀਅਰ ਕਰ ਦਿੱਤੀ ਹੈ। ਹੁਣ ਇੱਕ-ਦੋ ਦਿਨਾਂ ਵਿਚ ਸਿੱਖਿਆ ਮੰਤਰੀ ਵਲੋਂ ਰਸਮੀ ਤੌਰ ਉਤੇ ਕਿਸੇ ਵੀ ਪਲ ਨਵੀਂ ਤਬਾਦਲਾ ਨੀਤੀ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਪੰਜਾਬਅੱਪਡੇਟ ਡਾਟ ਕਾਮ ਨੂੰ ਮਿਲੀ ਅਹਿਮ ਜਾਣਕਾਰੀ ਮੁਤਾਬਕ ਨਵੀਂ ਤਬਾਦਲਾ ਨੀਤੀ 2019 ਦੇ ਤਹਿਤ ਅਧਿਆਪਕਾਂ ਦੀ ਬਦਲੀਆਂ ਲਈ ਆਨਲਾਈਨ ਪ੍ਰੀਕ੍ਰਿਆ ਅਪਨਾਈ ਜਾਵੇਗੀ। ਬਦਲੀ ਲਈ ਉਹੀ ਅਧਿਆਪਕ ਅਪਲਾਈ ਕਰ ਸਕਿਆ ਕਰਨਗੇ ਜੋ ਕਾਰਗੁਜ਼ਾਰੀ ਦੀ ਆਧਾਰ ਉਤੇ ਸ਼ਰਤਾਂ/ਮਾਪਦੰਡ ਪੂਰੀਆਂ ਕਰਦੇ ਹੋਇਆ ਕਰਨਗੇ। ਬਦਲੀ ਉਸੇ ਅਧਿਆਪਕ ਦੀ ਹੋਇਆ ਕਰੇਗੀ ਜੋ ਸਿੱਖਿਆ ਨੀਤੀ ਵਿਚ ਦਰਸਾਏ ਮਾਪਦੰਡਾਂ ਦੇ ਮੁਤਾਬਕ ਯੋਗ ਹੋਇਆ ਕਰੇਗਾ। 
ਨਵੀਂ ਤਬਾਦਲਾ ਨੀਤੀ ਤਹਿਤ ਕੈਂਸਰ ਸਮੇਤ ਗੰਭੀਰ ਬਿਮਾਰੀਆਂ ਤੋਂ ਪੀੜਿਤ ਅਧਿਆਪਕਾਂ ਲਈ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ। ਪ੍ਰੰਤੂ ਦੂਜੇ ਅਧਿਆਪਕਾਂ ਲਈ ਕਾਰਗੁਜ਼ਾਰੀ ਦੇ ਮਾਪਦੰਡ ਨਿਰਧਾਰਿਤ ਕੀਤੀ ਗਏ ਹਨ। ਅਧਿਆਪਕ ਦੀਆਂ ਪਿਛਲੀਆਂ ਸਲਾਨਾ ਕਾਰਗੁਜ਼ਾਰੀ ਰਿਪੋਰਟਾਂ ਵੇਖੀਆਂ ਜਾਇਆ ਕਰਨਗੀਆਂ। ਆਨਲਾਈਨ ਤਬਾਦਲਾ ਪੋਰਟਲ ਉਤੇ ਸਾਰੇ ਮਾਪਦੰਡ ਅਪਲਾਈ ਫਾਰਮ ਵਿਚ ਦਰਸਾਏ ਜਾਣਗੇ ਜਿਨ੍ਹਾਂ ਨੂੰ ਬਦਲੀ ਸਬੰਧੀ ਬਿਨੈ ਪੱਤਰ ਦਿੰਦੇ ਸਮੇਂ ਅਧਿਆਪਕ ਵਲੋਂ ਖੁਦ ਵਿਭਾਗ ਤੋਂ ਤਸਦੀਕ ਕਰਵਾ ਕੇ ਐਪਲੀਕੇਸ਼ਨ ਦੇ ਨਾਲ ਅੱਪਲੋਡ ਕਰਨਾ ਹੋਇਆ ਕਰੇਗਾ। ਜਿਹੜੇ ਅਧਿਆਪਕਾਂ ਦੇ ਨਤੀਜੇ ਮਾੜੇ ਹੋਇਆ ਕਰਨਗੇ ਉਹ ਬਦਲੀ ਕਰਾਉਣ ਦੇ ਯੋਗ ਨਹੀਂ ਹੋਇਆ ਕਰਨਗੇ। ਪੜ੍ਹੋ ਪੰਜਾਬ ਪ੍ਰੋਜੈਕਟ, ਵਿਸ਼ਾ ਵਾਈਜ ਨਤੀਜੇ, ਚੰਗਾ ਵਿਵਹਾਰ, ਸਕੂਲਾਂ ਵਿਚ ਹਾਜ਼ਰੀ, ਸਿੱਖਿਆ ਵਿਭਾਗ ਦੀਆਂ ਸਕੀਮਾਂ ਨੂੰ ਲਾਗੂ ਕਰਨ ਦੇ ਨਤੀਜੇ, ਤਿੰਨ ਸਾਲ ਤੱਕ ਇਕੋ ਸਟੇਸ਼ਨ ਉਤੇ ਸੇਵਾ ਨਿਭਾਉਣ ਆਦਿ ਸਮੇਤ 2 ਦਰਜਨ ਦੇ ਕਰੀਬ ਮਾਪਦੰਡ ਨਵੀਂ ਤਬਾਦਲਾ ਨੀਤੀ ਵਿਚ ਸ਼ਾਮਲ ਕੀਤੇ ਗਏ ਹਨ। 
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੀ ਤਰਜ਼ ਉਤੇ ਦੂਜੇ ਵਿਭਾਗਾਂ ਨੂੰ ਵੀ ਤਬਾਦਲਾ ਨੀਤੀਆਂ ਬਣਾਉਣ ਲਈ ਕਿਹਾ ਹੈ ਤਾਂ ਕਿ ਤਬਾਦਲੇ ਪਾਰਦਰਸ਼ੀ ਤੇ ਮੈਰਿਟ ਦੇ ਆਧਾਰ ਉਤੇ ਹੋਣੇ ਯਕੀਨੀ ਬਣਾਏ ਜਾ ਸਕਣ। 
ਸਿੱਖਿਆ ਵਿਭਾਗ ਦੀ ਨਵੀਂ ਤਬਾਦਲਾ ਨੀਤੀ ਸੂਬੇ ਵਿਚ ਸਿੱਖਿਆ ਸੁਧਾਰਾਂ ਦੇ ਏਜੰਡੇ ਨੂੰ ਮੁੱਖ ਰੱਖ ਕੇ ਬਣਾਈ ਗਈ ਹੋਣ ਦਾ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ। 

Read more