ਅਕਾਲੀ ਦਲ ਨੇ ਸ਼ੁਰੂ ਕੀਤੀ ਨਵੀਂ ਭਰਤੀ ਮੁਹਿੰਮ : ਨਵੀਂ ਪੀੜ੍ਹੀ ਨੂੰ ਨਾਲ ਜੋੜਨ ਦੀ ਰਣਨੀਤੀ

-31 ਅਗਸਤ ਤੱਕ ਚੱਲੇਗੀ ਮੈਂਬਰਸ਼ਿਪ ਮੁਹਿੰਮ, ਸਾਫ਼-ਸੁਥਰੇ ਅਕਸ ਵਾਲੇ ਬਣ ਸਕਣਗੇ ਮੈਂਬਰ

PunjabUpdate.Com

ਚੰਡੀਗੜ੍ਹ, 8 ਜੁਲਾਈ 
ਅਕਾਲੀ ਦਲ ਨੇ ਨਵੀਂ ਨੌਜਵਾਨ ਪੀੜ੍ਹੀ ਅਤੇ ਪੇਂਡੂ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਦੀ ਰਣਨੀਤੀ ਤਹਿਤ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। 2 ਮਹੀਨੇ ਚੱਲਣ ਵਾਲੀ ਇਸ ਮੁਹਿੰਮ ਤਹਿਤ ਪਾਰਟੀ ਆਗੂਆਂ ਨੂੰ ਹਰ ਗਲੀ-ਮੁਹੱਲੇ ਵਿਚ ਸਾਫ-ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਮੈਂਬਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ‘ਚ ਮਿਲੀਆਂ ਵੱਡੀਆਂ ਹਾਰਾਂ ਤੋਂ ਬਾਅਦ ਜਿੱਥੇ ਅਕਾਲੀ ਲੀਡਰਸ਼ਿਪ ਨੂੰ ਮਿਹਨਤੀ ਵਰਕਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ ਉਥੇ ਹੀ ਪਾਰਟੀ ਸਾਹਮਣੇ ਨਵੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜਨਾ ਵੀ ਵੱਡੀ ਚੁਣੌਤੀ ਹੈ। ਕਿਉਂਕਿ ਪੰਥਕ ਮੁੱਦਿਆਂ ਕਾਰਨ ਨਵੀਂ ਨੌਜਵਾਨ ਪੀੜ੍ਹੀ ਅਕਾਲੀ ਦਲ ਤੋਂ ਨਿਰਾਸ਼ ਚੱਲੀ ਆ ਰਹੀ ਹੈ। 
ਅਕਾਲੀ ਦਲ ਵਲੋਂ  ਸ਼ੁਰੂ ਕੀਤੀ ਗਈ ਨਵੀਂ ਭਰਤੀ ਮੁਹਿੰਮ ਦਾ ਮੁੱਖ ਏਜੰਡਾ ਨੌਜਵਾਨ ਪੀੜ੍ਹੀ ਨੂੰ ਪਾਰਟੀ ਨਾਲ ਜੋੜਨਾ ਹੈ। ਭਰਤੀ ਮੁਹਿੰਮ 31 ਅਗਸਤ ਤੱਕ ਚੱਲੇਗੀ ਜਿਸ ਦੇ ਤਹਿਤ ਪੰਜਾਬ ਭਰ ‘ਚ ਨਵੇਂ ਮੈਂਬਰ ਬਣਾਏ ਜਾਣਗੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ਹਰ ਪਿੰਡ ਅਤੇ ਸ਼ਹਿਰ ਦੇ ਗਲੀ-ਮੁਹੱਲੇ ਵਿਚ ਜਾ ਕੇ ਸਾਫ-ਸੁਥਰੇ ਅਕਸ ਵਾਲੇ ਮਿਹਨਤੀ ਲੋਕਾਂ ਨੂੰ ਪਾਰਟੀ ਦੇ ਮੈਂਬਰ ਬਣਾਉਣ। ਖਾਸ ਕਰਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾਵੇ। ਉਨ੍ਹਾਂ ਯੂਥ ਅਕਾਲੀ ਆਗੂਆਂ ਨੂੰ ਕਿਹਾ ਹੈ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਜਾ ਕੇ ਨੌਜਵਾਨ ਵਿਦਿਆਰਥੀਆਂ ਨੂੰ ਮੈਂਬਰ ਬਣਾਇਆ ਜਾਵੇ।  
ਪਾਰਟੀ ਨੇ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿਚ ਮੈਂਬਰ ਬਣਾਉਣ ਲਈ ਆਨਲਾਈਨ ਮੈਂਬਰਸ਼ਿਪ ਵੀ ਲਾਂਚ ਕੀਤੀ ਹੈ। ਜਿਸ ਦੇ ਤਹਿਤ ਕੋਈ ਵੀ ਵਿਅਕਤੀ ਘਰ ਬੈਠੇ ਹੀ ਆਨਲਾਈਨ ਸ਼੍ਰੋਮਣੀ ਅਕਾਲੀ ਦਲ ਦੀ ਵੈਬਸਾਈਟ ਉਤੇ ਜਾ ਕੇ ਪਾਰਟੀ ਦਾ ਮੈਂਬਰ ਬਣ ਸਕਦਾ ਹੈ। 
ਨਵੀਂ ਭਰਤੀ ਮੁਹਿੰਮ ਸਬੰਧੀ ਜਦੋਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਲਾਂਚ ਕਰ ਦਿੱਤੀ ਗਈ ਹੈ ਅਤੇ ਪਾਰਟੀ ਦੇ ਸਾਰੇ ਵਿੰਗਾਂ ਅਤੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਮੈਂਬਰ ਬਣਾ ਕੇ ਜਥੇਬੰਦੀ ਨਾਲ ਜੋੜਿਆ ਜਾਵੇ। 
ਇੱਥੇ ਇਹ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਢਾਂਚੇ ਨੂੰ ਮਜ਼ਬੂਤ ਕਰਨ, ਜਥੇਬੰਦਕ ਢਾਂਚੇ ਦਾ ਪੁਨਰਗਠਨ, ਪੰਥਕ ਮੁੱਦਿਆਂ ਉਤੇ ਰਣਨੀਤੀ ਬਣਾਉਣ ਅਤੇ ਪਾਰਟੀ ‘ਚ ਨਵੀਂ ਭਰਤੀ ਮੁਹਿੰਮ ਦਾ ਢਾਂਚਾ ਤਿਆਰ ਕਰਨ ਲਈ ਸੁਖਬੀਰ ਬਾਦਲ ਨੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ‘ਚ ਇੱਕ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਕਈ ਮੀਟਿੰਗਾਂ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕਰਕੇ ਪਿਛਲੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਜਿਸ ਨੂੰ ਹਰੀ ਝੰਡੀ ਦਿੰਦਿਆਂ ਪਹਿਲੇ ਪੜਾਅ ਤਹਿਤ ਸੁਖਬੀਰ ਨੇ ਨਵੀਂ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। 
ਕਮੇਟੀ ਨੇ ਆਪਣੀ ਰਿਪੋਰਟ ‘ਚ ਪਾਰਟੀ ਦੇ ਜਥੇਬੰਦਕ ਢਾਂਚੇ, ਨਵੀਂ ਭਰਤੀ ਲਈ ਮਾਪਦੰਡ, ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣ, ਹਰ ਇੱਕ ਪਿੰਡ ਨੂੰ ਅਤੇ ਸ਼ਹਿਰਾਂ ਵਿਚ ਵਾਰਡ ਨੂੰ ਇਕਾਈ ਮੰਨ ਕੇ ਮਜ਼ਬੂਤ ਕਰਨ, ਯੂਥ, ਕਿਸਾਨੀ ਵੋਟ ਬੈਂਕ ਅਤੇ ਪੰਥਕ ਵੋਟ ਬੈਂਕ ਉਤੇ ਫੋਕਸ ਕਰਨ ਉਤੇ ਜ਼ੋਰ ਦਿੱਤਾ ਸੀ।

Read more