ਅਕਾਲੀ ਦਲ ਨੇ ਬਣਾਈ ਗਰਾਊਂਡ ਜ਼ੀਰੋ ਲਈ ਨਵੀਂ ਰਣਨੀਤੀ–ਪਿੰਡ, ਸਰਕਲ ਤੇ ਜ਼ਿਲ੍ਹਾ ਪੱਧਰ ‘ਤੇ ਮਿਹਨਤੀ ਵਰਕਰਾਂ ਹੱਥ ਹੋਏਗੀ ਕਮਾਨ


-ਹਰ ਇੱਕ ਪਿੰਡ ਅਤੇ ਸ਼ਹਿਰਾਂ ‘ਚ ਵਾਰਡ ਨੂੰ ਮੰਨਿਆ ਜਾਵੇਗਾ ਇਕਾਈ
-ਦਿਹਾਤੀ ਖੇਤਰਾਂ ‘ਚ ਕਿਸਾਨੀ ਵੋਟ ਬੈਂਕ ‘ਤੇ ਰਹੇਗਾ ਵਿਸ਼ੇਸ਼ ਫੋਕਸ

PunjabUpdate.Com

ਚੰਡੀਗੜ੍ਹ, 18 ਜੂਨ

ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਪੇਂਡੂ ਖੇਤਰਾਂ ‘ਚ ਲੱਗੇ ਖੋਰੇ ਦੀ ਚਿੰਤਾ ਸਤਾਉਣ ਲੱਗੀ ਹੈ। ਪਿੰਡਾਂ ‘ਚ ਆਪਣੇ ਖੁਰਦੇ ਪੇਂਡੂ ਵੋਟ ਬੈਂਕ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਪਾਰਟੀ ਨੇ ਨਵੀਂ ਰਣਨੀਤੀ ਉਲੀਕੀ ਹੈ।  ਨਵੀਂ ਰਣਨੀਤੀ ਦੇ ਤਹਿਤ ਅਕਾਲੀ ਦਲ ਹੁਣ ਪੇਂਡੂ ਵੋਟ ਬੈਂਕ ਉਤੇ ਵਧੇਰੇ ਫੋਕਸ ਕਰੇਗਾ।  ਪਿੰਡ ਪੱਧਰ, ਸਰਕਲ ਪੱਧਰ ਅਤੇ ਫੇਰ ਜ਼ਿਲ੍ਹਾ ਪੱਧਰ ਉਤੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਕੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣ ਦਾ ਏਜੰਡਾ ਤਿਆਰ ਕੀਤਾ ਗਿਆ ਹੈ।  ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਨੂੰ ਮਿਲੇ ਵੱਡੇ ਝਟਕਿਆਂ ਤੋਂ ਬਾਅਦ ਹੁਣ ਪਾਰਟੀ ਲੀਡਰਸ਼ਿਪ ਨੂੰ ਮਿਹਨਤੀ ਵਰਕਰਾਂ ਦੀ ਯਾਦ ਆਉਣ ਲੱਗੀ ਹੈ। ਪੇਂਡੂ ਵੋਟ ਬੈਂਕ ਨੂੰ ਲੱਗ ਰਹੇ ਖੋਰੇ ਕਾਰਨ ਅਕਾਲੀ ਲੀਡਰਸ਼ਿਪ ਚਿੰਤਨ ਕਰਨ ‘ਚ ਲੱਗੀ ਹੋਈ ਹੈ। ਲਗਾਤਾਰ 10 ਸਾਲ ਸੱਤਾ ਦੇ ਨਸ਼ੇ ਵਿਚ ਰਹਿਣ ਵਾਲੀ ਅਕਾਲੀ ਲੀਡਰਸ਼ਿਪ ਲਗਾਤਾਰ ਆਪਣੀਆਂ ਜੜ੍ਹਾਂ ਨੂੰ ਭੁੱਲ ਕੇ ਸ਼ਹਿਰੀ ਖੇਤਰਾਂ ਉਤੇ ਫੋਕਸ ਕਰਦੀ ਰਹੀ। ਅਕਾਲੀ ਦਲ ਦੇ ਢਾਂਚੇ ਨੂੰ ਮਜ਼ਬੂਤ ਕਰਨ, ਜਥੇਬੰਦਕ ਢਾਂਚੇ ‘ਚ ਫੇਰਬਦਲ, ਪੰਥਕ ਮੁੱਦਿਆਂ ਉਤੇ ਰਣਨੀਤੀ ਬਣਾਉਣ ਅਤੇ ਪਾਰਟੀ ‘ਚ ਨਵੀਂ ਭਰਤੀ ਮੁਹਿੰਮ ਦਾ ਢਾਂਚਾ ਤਿਆਰ ਕਰਨ ਲਈ ਬਣਾਈ ਗਈ ਏਜੰਡਾ ਕਮੇਟੀ ਵਲੋਂ ਕਈ ਮੀਟਿੰਗਾਂ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕਰ ਲਈ ਗਈ ਹੈ। ਇਸ ਰਿਪੋਰਟ ਉਤੇ ਪਾਰਟੀ ਦੀ ਅਗਲੀ ਕੋਰ ਕਮੇਟੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ। 
ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਅਕਾਲੀ ਆਗੂਆਂ ਦੀ ਅਗਵਾਈ ‘ਚ ਬਣੀ 8 ਮੈਂਬਰੀ ਏਜੰਡਾ ਕਮੇਟੀ ਦੀ ਤੀਜੀ ਅਤੇ ਆਖ਼ਰੀ ਮੀਟਿੰਗ ਮੰਗਲਵਾਰ ਨੂੰ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਭਰੋਸੇਯੋਗ ਅਕਾਲੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮੇਟੀ ਨੇ ਪਾਰਟੀ ਦੇ ਜਥੇਬੰਦਕ ਢਾਂਚੇ, ਨਵੀਂ ਭਰਤੀ ਲਈ ਮਾਪਦੰਡ, ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣ, ਹਰ ਇੱਕ ਪਿੰਡ ਨੂੰ ਅਤੇ ਸ਼ਹਿਰਾਂ ਵਿਚ ਵਾਰਡ ਨੂੰ ਇਕਾਈ ਮੰਨ ਕੇ ਮਜ਼ਬੂਤ ਕਰਨ, ਕਿਸਾਨੀ ਵੋਟ ਬੈਂਕ ਅਤੇ ਪੰਥਕ ਵੋਟ ਬੈਂਕ ਉਤੇ ਫੋਕਸ ਕਰਨ ਦੇ ਸੁਝਾਆਂ ਅਤੇ ਸਿਫਾਰਿਸ਼ਾਂ ਉਤੇ ਆਧਾਰਿਤ ਆਪਣੀ ਰਿਪੋਰਟ ਫਾਈਨਲ ਕਰ ਲਈ ਹੈ। ਇਹ ਰਿਪੋਰਟ ਕਮੇਟੀ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਆਉਣ ਵਾਲੇ ਇੱਕ-ਦੋ ਦਿਨਾਂ ਵਿਚ ਸੌਂਪੀ ਜਾਵੇਗੀ। ਅਕਾਲੀ ਦਲ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ, ਜਥੇਬੰਦਕ ਢਾਂਚੇ ਦੇ ਪੁਨਰਗਠਨ, ਮੁੱਦਿਆਂ ਤੋਂ ਇਲਾਵਾ ਨਵੀਂ ਮੈਂਬਰਸ਼ਿਪ ਭਰਤੀ ਲਈ ਮਾਪਦੰਡ ਤੈਅ ਕਰਨ ਸਬੰਧੀ ਆਪਣੇ ਸੁਝਾਆਂ ਉਤੇ ਆਧਾਰਿਤ ਵਿਸਥਾਰਤ ਰਿਪੋਰਟ ਅੱਜ ਮੁਕੰਮਲ ਕਰ ਲਈ ਹੈ। ਕਮੇਟੀ ‘ਚ ਸ਼ਾਮਲ ਸੀਨੀਅਰ ਆਗੂ ਜਲਦ ਹੀ ਪਾਰਟੀ ਪ੍ਰਧਾਨ ਨੂੰ ਮਿਲ ਕੇ ਆਪਣੀ ਰਿਪੋਰਟ ਸੌਂਪਣਗੇ। 
ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਮੇਟੀ ਨੇ ਆਪਣੇ ਸੁਝਾਆਂ ਉਤੇ ਆਧਾਰਿਤ ਰਿਪੋਰਟ ਤਿਆਰ ਕੀਤੀ ਹੈ ਕਿ ਕਿਸ ਤਰ੍ਹਾਂ ਪਾਰਟੀ ਦੇ ਸਾਰੇ ਵਿੰਗਾਂ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਕਿਹੜੇ-ਕਿਹੜੇ ਸੁਧਾਰਾਂ ਦੀ ਲੋੜ ਹੈ ਆਦਿ ਇਸ ਵਿਚ ਸ਼ਾਮਲ ਹਨ। ਰਿਪੋਰਟ ਸਬੰਧੀ ਇਸ ਦੇ ਇਲਾਵਾ ਉਹ ਹੋਰ ਕੋਈ ਟਿੱਪਣੀ ਨਹੀਂ ਕਰ ਸਕਦੇ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹੁਣ ਪਾਰਟੀ ਨੂੰ ਸਮੇਂ ਅਨੁਸਾਰ ਆਪਣੇ ਢਾਂਚੇ ‘ਚ ਫੇਰਬਦਲ ਕਰਨ ਦੀ ਲੋੜ ਹੈ ਕਿਉਂਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਜ਼ਮੀਨੀ ਹਾਲਾਤ ਬਦਲ ਚੁੱਕੇ ਹਨ। ਹਰੇਕ ਪਿੰਡ ਨੂੰ ਇਕਾਈ ਮੰਨ ਕੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣਾ ਪਵੇਗਾ ਅਤੇ ਸ਼ਹਿਰਾਂ ‘ਚ ਹਰੇਕ ਵਾਰਡ ਨੂੰ ਇਕਾਈ ਮੰਨ ਕੇ ਪਾਰਟੀ ਦਾ ਢਾਂਚਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਜ਼ਮੀਨੀ ਪੱਧਰ ਉਤੇ ਪਾਰਟੀ ਦਾ ਵੋਟ ਬੈਂਕ ਮਜ਼ਬੂਤ ਹੋਵੇਗਾ। 
ਇੱਥੇ ਇਹ ਦੱਸਣਯੋਗ ਹੈ ਕਿ ਅਕਾਲੀ ਦਲ ਵਲੋਂ ਗਰਾਊਂਡ ਜ਼ੀਰੋ ਉਤੇ ਕੰਮ ਕਰਨ ਲਈ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ। ਨਵੀਂ ਰਣਨੀਤੀ ਦੇ ਤਹਿਤ ਅਕਾਲੀ ਦਲ ਹੁਣ ਪੇਂਡੂ ਵੋਟ ਬੈਂਕ ਉਤੇ ਵਧੇਰੇ ਫੋਕਸ ਕਰੇਗਾ।  ਪਿੰਡ ਪੱਧਰ, ਸਰਕਲ ਪੱਧਰ ਅਤੇ ਫੇਰ ਜ਼ਿਲ੍ਹਾ ਪੱਧਰ ਉਤੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਕੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣ ਦਾ ਏਜੰਡਾ ਤਿਆਰ ਕੀਤਾ ਗਿਆ ਹੈ। 
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਢਾਂਚੇ ਦੇ ਪੁਨਰਗਠਨ ਅਤੇ ਪਾਰਟੀ ‘ਚ ਕੀਤੀ ਜਾਣ ਵਾਲੀ ਨਵੀਂ ਭਰਤੀ ਮੁਹਿੰਮ ਲਈ ਮਾਪਦੰਡ ਤੈਅ ਕਰਨ ਵਾਸਤੇ ਬਣਾਈ ਗਈ ਕਮੇਟੀ 8 ਮੈਂਬਰੀ ਕਮੇਟੀ ਨੇ ਆਪਣਾ ਖਰੜਾ ਤਿਆਰ ਕੀਤਾ ਹੈ। 
ਅੱਜ ਦੀ ਮੀਟਿੰਗ ਵਿਚ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਕਈ ਕਮੇਟੀ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁੱਜੇ।  
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕਮੇਟੀ ਆਪਣੀ ਰਿਪੋਰਟ ਵਿਚ ਪਾਰਦਰਸ਼ੀ ਢੰਗ ਨਾਲ ਭਰਤੀ ਕਰਨ, ਕਿਸਾਨੀ ਵੋਟ ਬੈਂਕ ਨੂੰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ, ਪਾਰਟੀ ‘ਚ ਇੱਕ ਆਦਮੀ ਲਈ ਇੱਕ ਅਹੁਦਾ, ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਕੋਈ ਵੀ ਚੋਣ ਨਹੀਂ ਲੜੇਗਾ, ਪਿੰਡ ਨੂੰ ਇਕਾਈ ਮੰਨਿਆ ਜਾਵੇਗਾ ਅਤੇ ਸ਼ਹਿਰਾਂ ‘ਚ ਵਾਰਡ ਨੂੰ ਇਕਾਈ ਮੰਨਣ ਦਾ ਫਾਰਮੂਲਾ ਲਾਗੂ ਦੀ ਸਿਫਾਰਿਸ਼ ਕਰੇਗੀ।  ਕਮੇਟੀ ਮੈਂਬਰਾਂ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਪਾਰਟੀ ਦੇ ਢਾਂਚੇ ਵਿਚ ਮਿਹਨਤੀ ਵਰਕਰਾਂ ਨੂੰ ਮੈਰਿਟ ਦੇ ਆਧਾਰ ਉਤੇ ਅਹੁਦੇ ਦਿੱਤੇ ਜਾਣ ਨਾ ਕਿ ਗਰਾਊਂਡ ਨੂੰ ਨਜ਼ਰਅੰਦਾਜ਼ ਕਰਕੇ ਪੈਰਾਸ਼ੂਟ ਲਈ ਨਿਯੁਕਤੀਆਂ ਜਾਣ।

Read more