Friday 10 July 2020

ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਚਾਰ ਮਹੀਨੇ ਤਕ ਬਿਜਲੀ ਬਿਲਾਂ ਦੀ ਅਦਾਇਗੀ ਮੁਲਤਵੀ ਕਰਨ ਲਈ ਆਖਿਆ

- Posted on 13 May 2020

ਕਿਹਾ ਕਿ ਇਸ ਪੀਰੀਅਡ ਦੌਰਾਨ ਸਾਰੇ ਬਿਜਲੀ ਬਿਲ ਅੱਧੇ ਕਰ ਦੇਣੇ ਚਾਹੀਦੇ ਹਨ ਅਤੇ ਸਨਅਤਾਂ ਨੂੰ ਪੱਕੇ ਖਰਚਿਆਂ ਤੋਂ ਛੋਟ ਦੇਣੀ ਚਾਹੀਦੀ ਹੈ

ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਦਖ਼ਲ ਦੇਣ ਅਤੇ ਪੀਐਸਪੀਸੀਐਲ ਨੂੰ ਇਹ ਨਿਰੇਦਸ਼ ਦੇਣ ਲਈ ਆਖਿਆ ਕਿ ਹਾਲ ਹੀ ਵਿਚ ਲੋਕਾਂ ਨੂੰ ਜਾਰੀ ਕੀਤੇ ਬਿਜਲੀ ਦੇ ਬਿਲ ਰੱਦ ਕੀਤੇ ਜਾਣ

ਚੰਡੀਗੜ੍ਹ/13 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੋਵਿਡ-19 ਕਰਕੇ ਜਦੋਂ ਗਰੀਬਾਂ ਅਤੇ ਮੱਧ ਵਰਗ ਨੂੰ ਭਾਰੀ ਵਿੱਤੀ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਵਿਚ ਸਰਕਾਰ ਨੇ ਬਿਜਲੀ ਦੇ ਵੱਡੇ ਬਿਲ ਜੁਰਮਾਨੇ ਦੀਆਂ ਸ਼ਰਤਾਂ ਸਣੇ ਭੇਜਕੇ ਆਮ ਆਦਮੀ ਦੇ ਜ਼ਖ਼ਮਾਂ ਉਤੇ ਨਮਕ ਮਲਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਰੇ ਘਰੇਲੂ ਅਤੇ ਸਨਅਤੀ ਖਪਤਕਾਰਾਂ ਨੂੰ ਜੁਰਮਾਨੇ ਦੀਆਂ ਸ਼ਰਤਾਂ ਸਮੇਤ ਬਿਜਲੀ ਦੇ ਬਿਲ ਭੇਜ ਕੇ ਕਾਂਗਰਸ ਸਰਕਾਰ ਨੇ ਆਪਣਾ ਕਠੋਰ ਚਿਹਰਾ ਵਿਖਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਤੁਰੰਤ ਬਿਜਲੀ ਦੇ ਬਿਲ ਭਰਨ ਲਈ ਮਜ਼ਬੂਰ ਕਰਕੇ ਆਮ ਆਦਮੀ ਉੱਤੇ ਅੱਤਿਆਚਾਰ ਢਾਹ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਸਾਰੇ ਬਿਜਲੀ ਦੇ ਬਿਲਾਂ ਦੀ ਅਦਾਇਗੀ ਚਾਰ ਮਹੀਨੇ ਲਈ ਮੁਲਤਵੀ ਕਰ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਵੀ ਬਿਲਾਂ ਵਿਚ 50 ਫੀਸਦੀ ਕਟੌਤੀ ਕਰਕੇ ਉਹਨਾਂ ਦੀ ਪੜਾਅਵਾਰ ਅਦਾਇਗੀ ਲਈ ਜਾਵੇ। ਉਹਨਾਂ ਕਿਹਾ ਕਿ ਪਾਰਟੀ ਸਨਅਤੀ ਸੈਕਟਰ ਨੂੰ ਬਿਜਲੀ ਦੇ ਪੱਕੇ ਖਰਚਿਆਂ ਤੋਂ ਛੋਟ ਦੇਣ ਦੀ ਵੀ ਮੰਗ ਕਰਦੀ ਹੈ।

ਮੁੱਖ ਮੰਤਰੀ ਨੂੰ ਇਹਨਾਂ ਸਾਰੀਆਂ ਮੰਗਾਂ  ਉੱਤੇ ਲੋਕ ਹਿੱਤਾਂ ਲਈ ਹਮਦਰਦੀ ਨਾਲ ਵਿਚਾਰ ਕਰਨ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਲੋਕ ਬੜੇ ਮੁਸ਼ਕਿਲ ਹਾਲਾਤ ਵਿਚੋਂ ਲੰਘ ਰਹੇ ਹਨ। ਉਹਨਾਂ ਕਿਹਾ ਕਿ ਰੁਜ਼ਗਾਰ ਖੁੱਸ ਜਾਣ ਮਗਰੋਂ ਕਈਆਂ ਕੋਲ ਤਾਂ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਵੀ ਪੈਸੇ ਨਹੀਂ ਹਨ। ਅਜਿਹੇ ਸਮੇਂ ਵਿਚ ਸਰਕਾਰ ਵੱਲੋਂ ਭੇਜੇ ਇੰਨੇ ਵੱਡੇ ਬਿਲ ਉਹ ਕਿਸੇ ਵੀ ਸੂਰਤ ਵਿਚ ਨਹੀਂ ਭਰ ਸਕਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੀਐਸਪੀਸੀਐਲ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਇਹਨਾਂ ਬਿਲਾਂ ਨੂੰ ਤੁਰੰਤ ਵਾਪਸ ਲੈ ਲਵੇ ਅਤੇ ਚਾਰ ਮਹੀਨੇ ਮਗਰੋਂ ਬਿਲਾਂ ਵਿਚ 50 ਫੀਸਦੀ ਕਟੌਤੀ ਕਰਕੇ ਪੜਾਅਵਾਰ ਜਾਰੀ ਕਰੇ।

ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਕਰਫਿਊ ਲਗਾਏ ਜਾਣ ਤੋਂ ਬੰਦ ਪਈਆਂ ਸਾਰੀਆਂ ਸਨਅਤਾਂ ਅਤੇ ਦੁਕਾਨਾਂ ਕੋਲੋਂ ਕੋਈ ਪੈਸਾ ਨਹੀਂ ਵਸੂਲਣਾ ਚਾਹੀਦਾ। ਉਹਨਾਂ ਕਿਹਾ ਕਿ ਸਨਅਤਾਂ ਨੂੰ ਬਿਜਲੀ ਦੇ ਪੱਕੇ ਖਰਚਿਆਂ ਤੋਂ ਛੋਟ ਦੇਣੀ ਚਾਹੀਦੀ ਹੈ ਅਤੇ ਉਹਨਾਂ ਸਨਅਤਾਂ ਦੇ ਬਿਜਲੀ ਦੇ ਬਿਲ, ਜਿਹੜੀਆਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਹਨ, ਅੱਧੇ ਕਰ ਦੇਣੇ ਚਾਹੀਦੇ ਹਨ।

ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਮਿਲੀਆਂ ਹਨ ਕਿ ਵੱੱਡੀ ਗਿਣਤੀ ਵਿਚ ਲੋਕਾਂ ਨੁੰ ਬਹੁਤ ਵੱਡੇ ਬਿਲ ਭੇਜੇ ਗਏ ਹਨ, ਜਿਹਨਾਂ ਨੂੰ ਆਖਰੀ ਖਪਤ ਦੇ ਅੰਕੜਿਆਂ ਜਾਂ ਇੱਕ ਔਸਤ ਖਪਤ ਨੂੰ ਆਧਾਰ ਬਣ ਕੇ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੀਐਸਪੀਸੀਐਲ ਨੂੰ ਖਪਤਕਾਰਾਂ ਨੂੰ ਭੇਜੇ ਇਹ ਸਾਰੇ ਬਿਲ ਵਾਪਸ ਲੈਣੇ ਚਾਹੀਦੇ ਹਨ ਅਤੇ ਅਰਥ ਵਿਵਸਥਾ ਲੀਹ ਉਤੇ ਆਉਣ ਤੋਂ ਬਾਅਦ ਇਹਨਾਂ ਬਿਲਾਂ ਵਿਚ 50 ਫੀਸਦੀ ਕਟੌਤੀ ਕਰਕੇ ਦੁਬਾਰਾ ਜਾਰੀ ਕਰਨੇ ਚਾਹੀਦੇ ਹਨ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com