ਅਕਾਲੀ ਇਹ ਚੇਤੇ ਰੱਖਣ ਕਿ ਉਨਾਂ ਦੀਆਂ ਸਰਕਾਰਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਦੀ ਹੱਤਕ ਕੀਤੀ ਜਾਂਦੀ ਰਹੀ ਹੈ

ਚੰਡੀਗੜ, 13 ਅਕਤੂਬਰ: ਹਰਸਿਮਰਤ ਕੌਰ ਬਾਦਲ ਵੱਲੋਂ ਸੂਬਾ ਸਰਕਾਰ ਖਿਲਾਫ਼ ਕੀਤੀ ਬਿਆਨਬਾਜ਼ੀ ਦਾ ਠੋਕਵਾਂ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਸ ਦੀ ਪਾਰਟੀ ਅਕਾਲੀ ਦਲ ਦੀ ਸਰਕਾਰ ਦੌਰਾਨ ਅਕਾਲੀ ਆਗੂ ਖੁਦ ਹੀ ਰਾਜਸੀ ਸ਼ਕਤੀ ਦੇ ਬਲਬੂਤੇ ਬੜੀ ਬੇਸ਼ਰਮੀ ਅਤੇ ਗਿਣਮਿੱਥ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਹਨ ਪਰ ਇਸ ਤੋਂ ਬਿਲਕੁਲ ਉਲਟ ਸਾਡੀ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚਤਾ ਨੂੰ ਪ੍ਰਵਾਨ ਕਰਦਿਆਂ ਇਸ ਦਾ ਹਰ ਪੱਖੋਂ ਮਾਣ ਤੇ ਸਤਿਕਾਰ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ 10 ਸਾਲਾਂ ਦੇ ਰਾਜਕਾਲ ਦੌਰਾਨ ਹਰਸਿਮਰਤ ਬਾਦਲ ਸਮੇਤ ਸਾਰੇ ਅਕਾਲੀ ਸੱਤਾ ਦੇ ਨਸ਼ੇ ਵਿੱਚ ਚੂਰ ਹੁੰਦੇ ਸਨ ਜਿਨਾਂ ਨੇ ਆਪਣੇ ਦਮਨਕਾਰੀ ਰਾਜ ਦੌਰਾਨ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਖਸ਼ਿਆ ਅਤੇ ਨਾ ਹੀ ਪੰਜਾਬ ਦੇ ਲੋਕਾਂ ਨਾਲ ਕੋਈ ਲਿਹਾਜ਼ ਵਰਤਿਆ। ਉਨਾਂ ਨੇ ਕੇਂਦਰੀ ਮੰਤਰੀ ਨੂੰ ਸੌੜੇ ਸਿਆਸੀ ਲਾਭ ਦੀ ਖਾਤਰ ਅਜਿਹੇ ਕੋਰੇ ਝੂਠ ਬੋਲਣੇ ਬੰਦ ਕਰਨ ਲਈ ਆਖਿਆ।

ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਦਿਵਸ ਮੌਕੇ ਸਾਂਝੇ ਸਮਾਗਮਾਂ ਦੇ ਮੁੱਦੇ ’ਤੇ ਹਰਸਿਮਰਤ ਬਾਦਲ ਵੱਲੋਂ ਉਨਾਂ ਦੀ ਸਰਕਾਰ ਵਿਰੁੱਧ ਲਾਏ ਦੋਸ਼ਾਂ ’ਤੇ ਪ੍ਰਤੀਿਆ ਜ਼ਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਇਹ ਹਰ ਕੋਈ ਭਲੀ ਭਾਂਤ ਜਾਣਦਾ ਹੈ ਕਿ ਹੰਕਾਰ ਵਿੱਚ ਡੁੱਬੇ ਹੋਏ ਤੁਸੀਂ (ਅਕਾਲੀ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਕਿਹੋ ਜਿਹਾ ਸਲੂਕ ਕਰਦੇ ਰਹੇ ਹੋ ਅਤੇ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਆਪਣੀ ਸ਼ਰਤਾਂ ਥੋਪ ਕੇ ਸਿੱਖ ਸੰਸਥਾ ਦੀ ਦੁਰਵਰਤੋਂ ਕਰਨ ਦੀਆਂ ਘਟੀਆਂ ਚਾਲਾਂ ਚੱਲ ਰਹੇ ਹੋ।’’

ਮੁੱਖ ਮੰਤਰੀ ਨੇ ਕਿਹਾ,‘‘ਹਰਸਿਮਰਤ ਅਤੇ ਅਕਾਲੀਆਂ ਵਿੱਚ ਸਹੀ ਫੈਸਲਾ ਲੈਣ ਦੀ ਸੂਝ-ਬੂਝ ਨਹੀਂ ਹੈ।’’ ਉਨਾਂ ਕਿਹਾ ਕਿ ਇਕ ਪਾਸੇ ਤਾਂ ਹਰਸਿਮਰਤ ਬਾਦਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਸ ਦੀ ਸਰਕਾਰ ਦੇ ਸੋਹਲੇ ਗਾ ਰਹੀ ਹੈ ਅਤੇ ਦੂਜੇ ਪਾਸੇ ਉਸ ਦਾ ਪਤੀ ਸੁਖਬੀਰ ਸਿੰਘ ਬਾਦਲ ਹਰਿਆਣਾ ਚੋਣਾਂ ਵਿੱਚ ਪ੍ਰਚਾਰ ਦੌਰਾਨ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਦੀਆਂ ਅਪੀਲਾਂ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਦੇ ਇਸ ਦੂਹਰੇ ਕਿਰਦਾਰ ਦਾ ਪਰਦਾਫਾਸ਼ ਤਾਂ ਬਹੁਤ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਸੂਬੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੋਈਆਂ ਚੋਣਾਂ ਵਿੱਚ ਅਕਾਲੀ ਲੀਡਰਸ਼ਿਪ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪਈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਵਜੋਂ ਹੋਣ ਵਾਲੇ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਲਈ ਉਹ ਕਈ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਤੌਰ ’ਤੇ ਅਪੀਲਾਂ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਪਣੀ ਚੌਧਰ ਜਮਾਉਣ ਲਈ ਉਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਲੀਹੋਂ ਲਾਹੁਣ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਕਾਲੀ ਆਪਣੇ ਸਿਆਸੀ ਹਿੱਤ ਪੂਰਨ ਲਈ ਹਮੇਸ਼ਾ ਹੀ ਧਰਮ ਦਾ ਸ਼ੋਸਣ ਕਰਦੇ ਆਏ ਹਨ ਪਰ ਫਿਰ ਵੀ ਉਹ ਆਸ ਕਰਦੇ ਸਨ ਕਿ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ’ਤੇ ਸ਼ਾਇਦ ਅਕਾਲੀ ਕੁਝ ਸਿਆਣਪ ਦਿਖਾਉਂਦੇ। ਉਨਾਂ ਕਿਹਾ,‘‘ਅਕਾਲੀਆਂ ਨੂੰ ਜਦੋਂ ਆਪਣੇ ਸਿਆਸੀ ਹਿੱਤ ਨਜ਼ਰ ਆਉਂਦੇ ਹਨ ਤਾਂ ਫੇਰ ਇਨਾਂ ਨੂੰ ਕੋਈ ਸ਼ਰਮ-ਹਯਾ ਨਹੀਂ ਰਹਿੰਦਾ।’’

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖਰੇ ਸਮਾਗਮ ਲਈ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਵਜ਼ੀਰਾਂ ਨੂੰ ਸੱਦੀ ਦੇਣ ਲਈ ਗਈ ਸੀ, ਉਸ ਤੋਂ ਹੀ ਇਨਾਂ ਦੀ ਘਿਨਾਉਣੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਜੇਕਰ ਆਪਣੇ ਲਾਭ ਲਈ ਧਾਰਮਿਕ ਸਮਾਗਮਾਂ ਨੂੰ ਹਾਈਜੈਕ ਕਰਨ ਲਈ ਇਹ ਨਿਰਾਸ਼ਾਜਨਕ ਕੋਸ਼ਿਸ਼ ਨਹੀਂ ਹੈ ਤਾਂ ਇਹ ਹੋਰ ਕੀ ਹੈ।’’ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਬਿਨਾਂ ਪੁਸ਼ਟੀ ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰਕੇ ਹਰਸਿਮਰਤ ਨੇ ਇਨਾਂ ਦੋਵੇਂ ਸਿਖਰਲੇ ਅਹੁਦਿਆਂ ਦੇ ਗੌਰਵ ਨੂੰ ਸੱਟ ਮਾਰੀ ਹੈ। ਉਨਾਂ ਕਿਹਾ ਕਿ ਇਨਾਂ ਦੋਵੇਂ ਸ਼ਖਸੀਅਤਾਂ ਦੇ ਪ੍ਰੋਗਰਾਮ ਜਾਰੀ ਕਰਨ ਦਾ ਕੰਮ ਪ੍ਰਧਾਨ ਮੰਤਰੀ ਦਫ਼ਤਰ ਅਤੇ ਰਾਸ਼ਟਰਪਤੀ ਭਵਨ ਦਾ ਹੈ ਪਰ ਹਰਸਿਮਰਤ ਨੇ ਬੜੇ ਗਲਤ ਢੰਗ ਨਾਲ ਤੈਅ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਕੇਂਦਰ ਸਰਕਾਰ ਵਿੱਚ ਆਪਣੀ ਅਣਹੋਂਦ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਉਸ ਦਾ ਕੇਂਦਰ ਵਿੱਚ ਸੱਚਮੁੱਚ ਹੀ ਮਹੱਤਵਪੂਰਨ ਰੋਲ ਹੈ ਤਾਂ ਉਸ ਨੇ ਕੇਂਦਰੀ ਮੰਤਰੀ ਦੇ ਤੌਰ ’ਤੇ ਸੂਬੇ ਦੇ ਲੋਕਾਂ ਲਈ ਕਿਉਂ ਨਹੀਂ ਕੁਝ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਤਾਂ ਉਨਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਰੇਕ ਕੰਮ ਦਾ ਲਾਹਾ ਖੱਟਣ ਲਈ ਤਰਲੋਮੱਛੀ ਹੁੰਦੇ ਰਹੇ ਹਨ ਪਰ ਉਨਾਂ ਨੂੰ ਉਮੀਦ ਸੀ ਕਿ ਘੱਟੋ-ਘੱਟ ਅਕਾਲੀ ਇਸ ਇਤਿਹਾਸਕ ਤੇ ਪਵਿੱਤਰ ਮਸਲੇ ’ਤੇ ਹੀ ਕੋਈ ਜ਼ਿੰਮੇਵਾਰੀ ਭਰਿਆ ਰਵੱਈਆ ਅਪਣਾਉਂਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹਰਸਿਮਰਤ ਬਾਦਲ ਤੇ ਉਸ ਦੇ ਕੁਨਬੇ ਨੇ ਸ਼ਿਸ਼ਟਾਚਾਰ ਅਤੇ ਮਾਣ-ਸਨਮਾਨ ਦਾ ਪੱਲਾ ਛੱਡ ਦਿੱਤਾ ਹੈ।

Read more